ਅਮਰੀਕਾ ਵਿਚ ਲੱਖਾਂ ਲੋਕ ਹੜ੍ਹਾਂ ਦੀ ਮਾਰ ਹੇਠ

ਅਮਰੀਕਾ ਵਿਚ ਲੱਖਾਂ ਲੋਕ ਤਬਾਹਕੁੰਨ ਤੂਫ਼ਾਨ ਅਤੇ ਭਾਰੀ ਮੀਂਹ ਦੀ ਮਾਰ ਹੇਠ ਹਨ ਅਤੇ 1 ਕਰੋੜ 40 ਲੱਖ ਤੋਂ ਵੱਧ ਵਸੋਂ ਨੂੰ ਹੜ੍ਹਾਂ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

Update: 2025-08-11 13:00 GMT

ਮਿਲਵੌਕੀ : ਅਮਰੀਕਾ ਵਿਚ ਲੱਖਾਂ ਲੋਕ ਤਬਾਹਕੁੰਨ ਤੂਫ਼ਾਨ ਅਤੇ ਭਾਰੀ ਮੀਂਹ ਦੀ ਮਾਰ ਹੇਠ ਹਨ ਅਤੇ 1 ਕਰੋੜ 40 ਲੱਖ ਤੋਂ ਵੱਧ ਵਸੋਂ ਨੂੰ ਹੜ੍ਹਾਂ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੱਧ-ਪੱਛਮੀ ਰਾਜਾਂ ਵਿਚ ਮੌਸਮ ਕਹਿਰ ਢਾਹ ਰਿਹਾ ਹੈ ਅਤੇ ਕਈ ਥਾਵਾਂ ’ਤੇ ਵਾ-ਵਰੋਲਿਆਂ ਕਾਰਨ ਤਬਾਹੀ ਹੋਣ ਅਤੇ ਗੜੇਮਾਰੀ ਹੋਣ ਦੀ ਰਿਪੋਰਟ ਹੈ। ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੈ ਅਤੇ ਇਕੱਲੇ ਡੈਨਵਰ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਇਕ ਹਜ਼ਾਰ ਤੋਂ ਵੱਧ ਫਲਾਈਟਸ ਪ੍ਰਭਾਵਤ ਹੋਈਆਂ। 90 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਅਤੇ ਭਾਰੀ ਮੀਂਹ ਦੌਰਾਨ ਗੱਡੀਆਂ ਪਾਣੀ ਵਿਚ ਡੁੱਬ ਗਈਆਂ ਅਤੇ ਸੈਂਕੜੇ ਘਰਾਂ ਵਿਚ ਪਾਣੀ ਦਾਖਲ ਹੋ ਗਿਆ। ਵਿਸਕੌਨਸਿਨ ਦੇ ਮਿਲਵੌਕੀ ਸ਼ਹਿਰ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ ਇਕ ਫੁੱਟ ਬਾਰਸ਼ ਨੇ ਹਰ ਪਾਸੇ ਜਲ-ਥਲ ਕਰ ਦਿਤਾ।

ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਹਾਲਾਤ ਕੀਤੇ ਬਦਤਰ

ਨੇਬਰਾਸਕਾ ਦੇ ਓਮਾਹਾ ਵਿਖੇ ਵੀ 35 ਸੈਂਟੀਮੀਟਰ ਮੀਂਹ ਪਿਆ ਅਤੇ ਲੋਕਾਂ ਸੋਸ਼ਲ ਮੀਡੀਆ ਰਾਹੀਂ ਹੈਰਾਨਕੁੰਨ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਮਨੌਮਨੀ ਨਦੀ ਦੇ ਨੇੜਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਐਤਵਾਰ ਸਵੇਰੇ ਆਪਣੇ ਘਰ-ਬਾਰ ਛੱਡ ਕੇ ਦੌੜਨਾ ਪਿਆ ਜਦੋਂ ਲਗਾਤਾਰ ਬਾਰਸ਼ ਕਾਰਨ ਨਦੀ ਵਿਚ ਪਾਣੀ ਦਾ ਪੱਧਰ ਅਚਨਚੇਤ ਵਧ ਗਿਆ। ਮਿਲਵੌਕੀ ਦੇ ਫਾਇਰ ਫਾਈਟਰਜ਼ ਨੇ ਦੱਸਿਆ ਕਿ ਐਤਵਾਰ ਨੂੰ ਗੈਸ ਲੀਕ, ਬੇਸਮੈਂਟਾਂ ਵਿਚ ਪਾਣੀ ਦਾਖਲ ਹੋਣ ਅਤੇ ਬਿਜਲੀ ਗੁੱਲ ਹੋਣ ਦੀਆਂ 600 ਤੋਂ ਵੱਧ ਸ਼ਿਕਾਇਤਾਂ ਪੁੱਜੀਆਂ। ਐਤਵਾਰ ਸ਼ਾਮ ਤੱਕ ਵਿਸਕੌਨਸਿਨ ਸੂਬੇ ਵਿਚ ਤਕਰੀਬਨ 32 ਹਜ਼ਾਰ ਘਰਾਂ ਦੀ ਬਿਜਲੀ ਗੁੱਲ ਸੀ ਅਤੇ ਹੋਰਨਾਂ ਰਾਜਾਂ ਵਿਚ ਵੀ ਲੋਕਾਂ ਨੇ ਐਤਵਾਰ ਦੀ ਰਾਤ ਹਨੇਰੇ ਵਿਚ ਕੱਟੀ। ਵਿਸਕੌਨਸਿਨ ਸੂਬੇ ਦੇ ਗਵਰਨਰ ਟੋਨੀ ਐਵਰਜ਼ ਵੱਲੋਂ ਫੈਡਰਲ ਸਹਾਇਤਾ ਹਾਸਲ ਕਰਨ ਦੇ ਮਕਸਦ ਤਹਿਤ ਐਮਜੰਸੀ ਦਾ ਐਲਾਨ ਕਰ ਦਿਤਾ ਗਿਆ ਜਦਕਿ ਮਿਲਵੌਕੀ ਕਾਊਂਟੀ ਦੇ ਐਗਜ਼ੈਕਿਊਟਿਵ ਡੇਵਿਡ ਕਰੋਲੀ ਨੇ ਵੀ ਐਮਰਜੰਸੀ ਐਲਾਨ ਦਿਤੀ। ਗਵਰਨਰ ਟੋਨੀ ਐਵਰਜ਼ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਉਤੇ ਹਨ ਅਤੇ ਆਉਣ ਵਾਲੇ ਕੁਝ ਘੰਟੇ ਬੇਹੱਦ ਅਹਿਮ ਰਹਿਣਗੇ। ਉਧਰ ਫਲਾਈਟ ਅਵੇਅਰ ਦੇ ਅੰਕੜਿਆਂ ਮੁਤਾਬਕ ਡੈਨਵਰ ਹਵਾਈ ਅੱਡੇ ’ਤੇ ਸਾਊਥ ਵੈਸਟ ਏਅਰਲਾਈਨਜ਼ ਦੀਆਂ 339 ਫਲਾਈਟਸ, ਯੂਨਾਈਟਡ ਏਅਰਲਾਈਨਜ਼ ਤੀਆਂ 245 ਫਲਾਈਟਸ ਅਤੇ ਸਕਾਈਵੈਸਟ ਦੀਆਂ 157 ਫਲਾਈਟਸ ਪ੍ਰਭਾਵਤ ਹੋਈਆਂ।

ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ, 1 ਹਜ਼ਾਰ ਤੋਂ ਵੱਧ ਫਲਾਈਟਸ ਪ੍ਰਭਾਵਤ

ਖਰਾਬ ਮੌਸਮ ਨੂੰ ਵੇਖਦਿਆਂ ਮਿਲਵੌਕੀ ਦੀ ਐਤਵਾਰ ਨੂੰ ਹੋਣ ਵਾਲਾ ਵੱਡਾ ਖੇਡ ਟੂਰਨਾਮੈਂਟ ਕਰ ਦਿਤਾ ਗਿਆ ਜਿਸ ਵਿਚ ਸ਼ਾਮਲ ਹੋਣ ਲਈ ਦੂਰੋਂ-ਦੂਰੋਂ ਹਜ਼ਾਰਾਂ ਖਿਡਾਰੀ ਪੁੱਜੇ ਹੋਏ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਆਇਓਵਾ, ਮਜ਼ੂਰੀ ਅਤੇ ਇਲੀਨੌਇ ਰਾਜਾਂ ਵਿਚ ਵੀ ਖਰਾਬ ਮੌਸਮ ਨੇ ਲੋਕਾਂ ਨੂੰ ਪ੍ਰਭਾਵਤ ਕੀਤਾ। ਨੈਸ਼ਨਲ ਵੈਦਰ ਸਰਵਿਸ ਵੱਲੋਂ ਕੈਨਸਸ ਅਤੇ ਵਿਸਕੌਨਸਿਨ ਸਣੇ ਕਈ ਰਾਜਾਂ ਵਿਚ ਮੁੜ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿਤੀ ਗਈ ਹੈ। ਇਥੇ ਦਸਣਾ ਬਣਦਾ ਹੈ ਕਿ ਹਾਲ ਹੀ ਵਿਚ ਟੈਕਸਸ ਸੂਬੇ ਵਿਚ ਹਾਏ ਹੜ੍ਹਾਂ ਦੌਰਾਨ 80 ਤੋਂ ਵੱਧ ਲੋਕਾਂ ਦੀ ਜਾਨ ਗਈ ਜਿਨ੍ਹਾਂ ਵਿਚੋਂ ਜ਼ਿਆਦਾਤਰ ਸਮਰ ਕੈਂਪ ਵਿਚ ਸ਼ਾਮਲ ਹੋਏ ਬੱਚੇ ਸਨ। ਪਿਛਲੇ ਸਾਲ ਸਮੁੰਦਰੀ ਤੂਫਾਨ ਹੈਲਨ ਨੇ ਤਬਾਹੀ ਮਚਾਈ ਅਤੇ ਤਕਰੀਬਨ 250 ਜਣਿਆਂ ਨੂੰ ਜਾਨ ਗਵਾਉਣੀ ਪਈ।

Tags:    

Similar News