ਅਮਰੀਕਾ ਵਿਚ 80 ਫ਼ੀ ਸਦੀ ਤੱਕ ਸਸਤੀਆਂ ਹੋਣਗੀਆਂ ਦਵਾਈਆਂ
ਅਮਰੀਕਾ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਵਾਈਆਂ ਦੀਆਂ ਕੀਮਤਾਂ ਵਿਚ 80 ਫ਼ੀ ਸਦੀ ਤੱਕ ਕਮੀ ਲਿਆਉਣ ਦਾ ਐਲਾਨ ਕੀਤਾ ਹੈ।
ਵਾਸ਼ਿੰਗਟਨ : ਅਮਰੀਕਾ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਵਾਈਆਂ ਦੀਆਂ ਕੀਮਤਾਂ ਵਿਚ 80 ਫ਼ੀ ਸਦੀ ਤੱਕ ਕਮੀ ਲਿਆਉਣ ਦਾ ਐਲਾਨ ਕੀਤਾ ਹੈ। ਜੀ ਹਾਂ, ਸੋਮਵਾਰ ਸਵੇਰੇ ਡੌਨਲਡ ਟਰੰਪ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰ ਦੇਣਗੇ ਅਤੇ ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਸਸਤੀਆਂ ਦਵਾਈਆਂ ਦਾ ਰਾਹ ਪੱਧਰਾ ਹੋਵੇਗਾ। ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਟਰੰਪ ਨੇ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਹੋਰ ਮੁਲਕ ਦੇ ਮੁਕਾਬਲੇ ਅਮਰੀਕਾ ਵਿਚ ਦਵਾਈਆਂ ਦਾ ਭਾਅ ਬਹੁਤ ਜ਼ਿਆਦਾ ਹੈ। ਮੁਲਕ ਦੇ ਲੋਕ 5 ਤੋਂ 10 ਗੁਣਾ ਮਹਿੰਗੀਆਂ ਦਵਾਈਆਂ ਖਰੀਦਣ ਲਈ ਮਜਬੂਰ ਹਨ ਜਦਕਿ ਬਿਲਕੁਲ ਉਹੀ ਦਵਾਈਆਂ ਹੋਰਨਾਂ ਮੁਲਕਾਂ ਵਿਚ ਬੇਹੱਦ ਵਾਜਬ ਮੁੱਲ ’ਤੇ ਵਿਕਦੀਆਂ ਨਜ਼ਰ ਆਉਂਦੀਆਂ ਹਨ।
ਅੱਜ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰਨਗੇ ਟਰੰਪ
ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਫਰਮਾਸੂਟੀਕਲ ਕੰਪਨੀਆਂ ਕਈ ਵਰਿ੍ਹਆਂ ਤੋਂ ਇਹ ਦਲੀਲ ਦਿੰਦੀਆਂ ਆ ਰਹੀਆਂ ਹਨ ਕਿ ਖੋਜ ਕਾਰਜਾਂ ’ਤੇ ਵੱਡੀ ਰਕਮ ਖਰਚ ਹੁੰਦੀ ਹੈ ਪਰ ਖੋਜ ਕਾਰਜਾਂ ਦਾ ਖਰਚਾ ਪੂਰਾ ਕਰਨ ਲਈ ਸਿਰਫ਼ ਅਮਰੀਕਾ ਵਾਲਿਆਂ ਦਾ ਖੂਨ ਨਹੀਂ ਚੂਸਿਆ ਜਾ ਸਕਦਾ। ਟਰੰਪ ਨੇ ਦੋਸ਼ ਲਾਇਆ ਕਿ ਡੈਮੋਕ੍ਰੈਟਿਕ ਪਾਰਟੀ ਨੇ ਫਾਰਮਾਸੂਟੀਕਲ ਕੰਪਨੀਆਂ ਨਾਲ ਸੌਦੇਬਾਜ਼ੀ ਕੀਤੀ ਅਤੇ ਮਨਮਰਜ਼ੀ ਦੀਆਂ ਕੀਮਤਾਂ ’ਤੇ ਦਵਾਈਆਂ ਵੇਚਣ ਦੇ ਇਵਜ਼ ਵਿਚ ਚੋਣ ਪ੍ਰਚਾਰ ਦੌਰਾਨ ਖਰਚਾ ਕਰਵਾਇਆ। ਆਰਥਿਕ ਮਾਹਰਾਂ ਅਤੇ ਸਿਹਤ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਟਰੰਪ ਦੀ ਨਵੀਂ ਨੀਤੀ ਨਾਲ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਦਵਾਈਆਂ ਦੇ ਭਾਅ ਵਧ ਸਕਦੇ ਹਨ। ਡੌਨਲਡ ਟਰੰਪ ਨੇ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ ਕਿ ਅਮਰੀਕਾ ਵਿਚ ਹੈਲਥ ਕੇਅਰ ਦਾ ਖਰਚਾ ਐਨਾ ਹੇਠਾਂ ਆ ਜਾਵੇਗਾ ਜਿੰਨਾ ਕਿਸੇ ਨੇ ਅੱਜ ਤੱਕ ਸੋਚਿਆ ਵੀ ਨਹੀਂ ਹੋਣਾ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵਿਚ 9 ਕਰੋੜ ਤੋਂ ਵੱਧ ਬਾਲਗਾਂ ਨੂੰ ਮਿਆਰੀ ਸਿਹਤ ਸਹੂਲਤਾਂ ਨਹੀਂ ਮਿਲਦੀਆਂ। ਮੁਲਕ ਦੀ 30 ਕਰੋੜ ਤੋਂ ਵੱਧ ਆਬਾਦੀ ਕੋਲ ਹੈਲਥ ਇੰਸ਼ੋਰੈਂਸ ਮੌਜੂਦ ਹੈ ਪਰ ਢਾਈ ਕਰੋੜ ਤੋਂ ਵੱਧ ਲੋਕਾਂ ਕੋਲ ਸਿਹਤ ਬੀਮਾ ਨਾ ਹੋਣ ਕਾਰਨ ਹਸਪਤਾਲਾਂ ਦੇ ਬਿਲ ਜੇਬ ਵਿਚੋਂ ਅਦਾ ਕਰਨੇ ਪੈਂਦੇ ਹਨ। ਹਰ 10 ਵਿਚੋਂ ਚਾਰ ਲੋਕਾਂ ਨੂੰ ਮੈਡੀਕਲ ਜਾਂ ਡੈਂਟਰ ਕੇਅਰ ਖਰਚਿਆਂ ਵਾਸਤੇ ਕਰਜ਼ਾ ਲੈਣਾ ਪੈਂਦਾ ਹੈ ਜਦਕਿ 70 ਮਿਲੀਅਨ ਲੋਕ ਅਜਿਹੇ ਹਨ ਜੋ ਖਰਚੇ ਤੋਂ ਡਰਦੇ ਡਾਕਟਰ ਕੋਲ ਜਾਂਦੇ ਹੀ ਨਹੀਂ।
ਦੁਨੀਆਂ ਵਿਚ ਸਭ ਤੋਂ ਮਹਿੰਗੀਆਂ ਦਵਾਈਆਂ ਅਮਰੀਕਾ ਵਿਚ
ਜਨਵਰੀ 2024 ਵਿਚ ਕਈ ਰਿਪੋਰਟਾਂ ਉਭਰ ਕੇ ਸਾਹਮਣੇ ਆਈਆਂ ਕਿ ਫਾਰਮਾਸੂਟੀਕਲ ਕੰਪਨੀਆਂ ਨੇ 770 ਦਵਾਈਆਂ ਦਾ ਮੁੱਲ ਵਧਾਇਆ ਜਿਸ ਦੇ ਸਿੱਟੇ ਵਜੋਂ ਡਾਇਬਟੀਜ਼ ਦੇ ਮਰੀਜ਼ਾਂ ਵੱਲੋਂ ਵਰਤੀ ਜਾਂਦੀ ਓਜ਼ੈਂਪਿਕ ਦਾ ਪ੍ਰਤੀ ਮਹੀਨਾ ਖਰਚਾ 970 ਡਾਲਰ ਤੱਕ ਪੁੱਜ ਗਿਆ। ਇਸੇ ਤਰ੍ਹਾਂ ਮੌਨਜੈਰੀ ਦਾ ਇਕ ਮਹੀਨੇ ਦਾ ਖਰਚਾ 1,070 ਡਾਲਰ ਤੱਕ ਪੁੱਜ ਗਿਆ। ਐਸਟਰਾਜ਼ੈਨੇਕਾ ਵੱਲੋਂ ਬਲੱਡ ਕੈਂਸਰ ਦੇ ਇਲਾਜ ਵਾਸਤੇ ਤਿਆਰ ਕੀਤੀ ਜਾਂਦੀ ਦਵਾਈ ਤਿੰਨ ਫ਼ੀ ਸਦੀ ਮਹਿੰਗੀ ਹੋਈ ਜਦਕਿ ਆਟੋ ਇਮਿਊਨ ਬਿਮਾਰੀ ਦਾ ਇਲਾਜ ਵਾਲੀ ਦਵਾਈ ਛੇ ਫ਼ੀ ਸਦੀ ਮਹਿੰਗੀ ਹੋਈ। ਫਾਈਜ਼ਰ ਸਣੇ ਕਈ ਕੰਪਨੀਆਂ ਨੇ ਦਲੀਲ ਦਿਤੀ ਕਿ ਨਵੀਆਂ ਦਵਾਈਆਂ ਤਿਆਰ ਕਰਨ ਵਾਸਤੇ ਖੋਜ ਕਾਰਜ ਚਲਾਉਣੇ ਲਾਜ਼ਮੀ ਹਨ ਅਤੇ ਇਨ੍ਹਾਂ ਉਤੇ ਕਰੋੜਾਂ ਡਾਲਰ ਖਰਚ ਹੁੰਦੇ ਹਨ। ਅਮਰੀਕਾ ਵਿਚ ਬਗੈਰ ਬੀਮੇ ਤੋਂ ਪ੍ਰਾਇਮਰੀ ਕੇਅਰ ਦਾ ਖਰਚਾ 150 ਤੋਂ 300 ਡਾਲਰ ਤੱਕ ਹੋ ਸਕਦਾ ਹੈ ਜਦਕਿ ਬੀਮੇ ਦੀ ਮੌਜੂਦਗੀ ਵਿਚ 10 ਤੋਂ 50 ਡਾਲਰ ਰਹਿ ਜਾਂਦਾ ਹੈ। ਚੇਤੇ ਰਹੇ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਟਰੰਪ ਵੱਲੋਂ ਦਵਾਈਆਂ ਦੀਆਂ ਕੀਮਤਾਂ ਘਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪਹਿਲੇ ਕਾਰਜਕਾਲ ਦੌਰਾਨ ਵੀ ਟਰੰਪ ਵੱਲੋਂ ਲੋਕਾਂ ਨੂੰ 85 ਅਰਬ ਡਾਲਰ ਦੀ ਰਾਹਤ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਦਾਲਤ ਨੇ ਰੋਕ ਲਾ ਦਿਤੀ।