ਪਾਕਿਸਤਾਨ ਵਿਚ ਵਿਆਹਾਂ ’ਤੇ ਲੱਗੀ ਰੋਕ, ਸਕੂਲ ਕੀਤੇ ਬੰਦ

ਪਾਕਿਸਤਾਨ ਵਿਚ ਪ੍ਰਦੂਸ਼ਣ ਕਾਰਨ ਵਿਆਹਾਂ ’ਤੇ ਰੋਕ ਲਾ ਦਿਤੀ ਗਈ ਹੈ ਅਤੇ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।;

Update: 2024-11-14 12:11 GMT

ਲਾਹੌਰ : ਪਾਕਿਸਤਾਨ ਵਿਚ ਪ੍ਰਦੂਸ਼ਣ ਕਾਰਨ ਵਿਆਹਾਂ ’ਤੇ ਰੋਕ ਲਾ ਦਿਤੀ ਗਈ ਹੈ ਅਤੇ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। 24 ਘੰਟੇ ਵਿਚ ਸਾਹ ਲੈਣ ਵਿਚ ਤਕਲੀਫ਼ ਅਤੇ ਵਾਇਰਲ ਇਨਫ਼ੈਕਸ਼ਨ ਤੋਂ ਪੀੜਤ 15 ਹਜ਼ਾਰ ਮਰੀਜ਼ਾਂ ਵੱਖ ਵੱਖ ਹਸਪਤਾਲਾਂ ਅਤੇ ਡਿਸਪੈਂਸਰੀ ਵਿਚ ਪੁੱਜੇ ਅਤੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਲਾਹੌਰ ਦੇ ਹਸਪਤਾਲਾਂ ਵਿਚ ਸੁੱਕੀ ਖੰਘ ਤੋਂ ਪੀੜਤ ਲੋਕਾਂ ਸਣੇ ਨਿਮੋਨੀਆ ਅਤੇ ਛਾਤੀ ਵਿਚ ਇਨਫ਼ੈਕਸ਼ਨ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਮੇਯੋ ਹਸਪਤਾਲ ਵਿਚ 4 ਹਜ਼ਾਰ ਤੋਂ ਵੱਧ ਮਰੀਜ਼ ਪੁੱਜੇ ਜਦਕਿ ਜਿਨਾਹ ਹਸਪਤਾਲ ਵਿਚ ਸਾਢੇ ਤਿੰਨ ਹਜ਼ਾਰ ਲੋਕਾਂ ਦਾ ਇਲਾਜ ਕੀਤਾ ਗਿਆ।

ਪ੍ਰਦੂਸ਼ਣ ਕਾਰਨ 24 ਘੰਟੇ ਵਿਚ 15 ਹਜ਼ਾਰ ਲੋਕ ਹੋਏ ਬਿਮਾਰ

ਗੰਗਾਰਾਮ ਹਸਪਤਾਲ ਵਿਚ 3 ਹਜ਼ਾਰ ਮਰੀਜ਼ਾਂ ਦੇ ਪੁੱਜਣ ਦੀ ਰਿਪੋਰਟ ਹੈ ਜਦਕਿ ਬੱਚਿਆਂ ਦੇ ਹਸਪਤਾਲ ਵਿਚ 2 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਡਾਕਟਰਾਂ ਵੱਲੋਂ ਚਿਤਾਵਨੀ ਦਿਤੀ ਗਈ ਹੇ ਕਿ ਪਹਿਲਾਂ ਤੋਂ ਹੀ ਦਮੇ ਜਾਂ ਦਿਲ ਦੇ ਰੋਗਾਂ ਤੋਂ ਪੀੜਤ ਲੋਕਾਂ ਵਾਸਤੇ ਸਮੌਗ ਵੱਡਾ ਖਤਰਾ ਬਣ ਸਕਦੀ ਹੈ। ਖਾਸ ਤੌਰ ’ਤੇ ਬੱਚੇ ਬੁਰੀ ਤਰ੍ਹਾਂ ਪ੍ਰਭਾਵਤ ਹੋ ਸਕਦੇ ਹਨ। ਸਮੌਗ ਦਾ ਅਸਰ ਲਾਹੌਰ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ ਅਤੇ 10 ਤੋਂ ਵੱਧ ਵਾਇਰਲ ਕਿਸਮ ਦੀਆਂ ਬਿਮਾਰੀਆਂ ਨੇ ਲੋਕਾਂ ਨੂੰ ਹਾਲੋਂ ਬੇਹਾਲ ਕੀਤਾ ਹੋਇਆ ਹੈ। ਹਾਲਾਤ ਕਾਬੂ ਹੇਠ ਲਿਆਉਣ ਲਈ ਵਿਆਹਾਂ ’ਤੇ ਤਿੰਨ ਮਹੀਨੇ ਦੀ ਪਾਬੰਦੀ ਲਾ ਦਿਤੀ ਗਈ ਹੈ ਅਤੇ ਲਹਿੰਦੇ ਪੰਜਾਬ ਦੀ ਸਰਕਾਰ ਵੱਲੋਂ ਸਕੂਲ-ਕਾਲਜ ਬੰਦ ਕਰਨ ਦੇ ਹੁਕਮ ਦਿਤੇ ਗਏ ਹਨ।

ਮੀਂਹ ਪੈਣ ਮਗਰੋਂ ਹੀ ਮਿਲ ਸਕਦੀ ਹੈ ਰਾਹਤ

ਨਾਸਾ ਵੱਲੋਂ ਪੁਲਾੜ ਵਿਚੋਂ ਖਿੱਚੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਅਸਮਾਨ ਵਿਚ ਸਮੌਗ ਦੀ ਮੋਟੀ ਪਰਤ ਵਿਛੀ ਹੋਈ ਹੈ ਜਿਸ ਕਰ ਕੇ ਏ.ਕਿਊ.ਆਈ. ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ 10 ਨਵੰਬਰ ਨੂੰ ਲਹਿੰਦੇ ਪੰਜਾਬ ਦੇ ਕਈ ਇਲਾਕਿਆਂ ਵਿਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਖਤਰਨਾਕ ਤਰੀਕੇ ਨਾਲ 2 ਹਜ਼ਾਰ ਤੱਕ ਪੁੱਜ ਗਿਆ ਸੀ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਪ੍ਰੋਵਿਨਸ਼ੀਅਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਵੱਲੋਂ ਮੌਜੂਦਾ ਸਮੱਸਿਆ ਨੂੰ ਕੁਦਰਤੀ ਆਫ਼ਤ ਐਲਾਨ ਦਿਤਾ ਗਿਆ ਹੈ ਅਤੇ ਹੰਗਾਮੀ ਕਦਮ ਉਠਾਉਣ ’ਤੇ ਜ਼ੋਰ ਦਿਤਾ ਜਾ ਰਿਹਾ ਹੈ। ਲਹਿੰਦੇ ਪੰਜਾਬ ਦੀ ਵੈਬਸਾਈਟ ਮੁਤਾਬਕ ਇਸ ਵੇਲੇ ਏ.ਕਿਊ.ਆਈ. ਦਾ ਔਸਤ ਪੱਧਰ 604 ਦਰਜ ਕੀਤਾ ਗਿਆ ਹੈ ਜੋ ਸਿਹਤ ਵਾਸਤੇ ਬੇਹੱਦ ਨੁਕਸਾਨਦੇਹ ਹੈ। 

Tags:    

Similar News