ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਦਾ ਪਰਸ ਚੋਰੀ ਕਰਨ ਵਾਲੇ ਕਾਬੂ
ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਦਾ ਪਰਸ ਚੋਰੀ ਕਰਨ ਦੇ ਮਾਮਲੇ ਵਿਚ 2 ਜਣਿਆਂ ਨੂੰ ਕਾਬੂ ਕੀਤਾ ਗਿਆ ਹੈ।
ਵਾਸ਼ਿੰਗਟਨ : ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਦਾ ਪਰਸ ਚੋਰੀ ਕਰਨ ਦੇ ਮਾਮਲੇ ਵਿਚ 2 ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਮੁੱਖ ਸ਼ੱਕੀ ਨੂੰ ਵਾਸ਼ਿੰਗਟਨ ਡੀ.ਸੀ. ਤੋਂ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਦੂਜੀ ਗ੍ਰਿਫ਼ਤਾਰੀ ਮਿਆਮੀ ਵਿਖੇ ਕੀਤੀ ਗਈ। ਅਮਰੀਕੀ ਦੀ ਸੀਕਰੇਟ ਸਰਵਿਸ ਦਾ ਕਹਿਣਾ ਹੈ ਕਿ ਦੂਜੇ ਸ਼ੱਕੀ ਨੇ ਪਰਸ ਚੋਰੀ ਕਰਨ ਦਾ ਸਾਜ਼ਿਸ਼ ਘੜਨ ਵਿਚ ਯੋਗਦਾਨ ਪਾਇਆ। ਜਾਂਚਕਰਤਾਵਾਂ ਨੇ ਦੱਸਿਆ ਕਿ ਪਰਸ ਚੋਰੀ ਕਰਨ ਵਾਲਾ ਪਹਿਲਾਂ ਵੀ ਕਈ ਅਪਰਾਧ ਕਰ ਚੁੱਕਾ ਹੈ ਅਤੇ ਇਸ ਮਾਮਲੇ ਵਿਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ। ਉਧਰ ਕ੍ਰਿਸਟੀ ਨੋਇਮ ਨੇ ਸੀਕਰੇਟ ਸਰਵਿਸ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਬਦਕਿਸਮਤੀ ਨਾਲ ਇਸ ਮੁਲਕ ਵਿਚ ਕਈ ਪਰਵਾਰ ਅਪਰਾਧ ਦੇ ਸ਼ਿਕਾਰ ਬਣ ਜਾਂਦੇ ਹਨ ਅਤੇ ਇਸੇ ਕਰ ਕੇ ਰਾਸ਼ਟਰਪਤੀ ਟਰੰਪ ਵੱਲੋਂ ਅਪਰਾਧ ਕਰਨ ਵਾਲੇ ਪ੍ਰਵਾਸੀਆਂ ਨੂੰ ਮੁਲਕ ਵਿਚੋਂ ਕੱਢਿਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਵਾਸ਼ਿੰਗਟਨ ਡੀ.ਸੀ. ਦੇ ਇਕ ਰੈਸਟੋਰੈਂਟ ਵਿਚ ਰਾਤ ਦਾ ਖਾਣਾ ਖਾਣ ਪੁੱਜੀ ਕ੍ਰਿਸਟੀ ਨੋਇਮ ਦਾ ਮਹਿੰਗਾ ਪਰਸ ਚੋਰੀ ਹੋਇਆ ਜਿਸ ਵਿਚ ਤਕਰੀਬਨ 3 ਹਜ਼ਾਰ ਡਾਲਰ ਨਕਦ, ਡਰਾਈਵਿੰਗ ਲਾਇਸੰਸ, ਪਾਸਪੋਰਟ, ਦਵਾਈਆਂ, ਅਪਾਰਟਮੈਂਟ ਦੀਆਂ ਚਾਬੀਆਂ ਅਤੇ ਗ੍ਰਹਿ ਸੁਰੱਖਿਆ ਵਿਭਾਗ ਨਾਲ ਸਬੰਧਤ ਬੈਜ ਮੌਜੂਦ ਸੀ।
ਵਾਸ਼ਿੰਗਟਨ ਡੀ.ਸੀ. ਤੋਂ ਹੋਈ ਇਕ ਗ੍ਰਿਫ਼ਤਾਰੀ
ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਕਾਬੂ ਕੀਤੇ ਸ਼ੱਕੀਆਂ ਕੋਲੋਂ ਪਰਸ ਵਿਚ ਮੌਜੂਦ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਾਂ ਨਹੀਂ। ਬੈਗ ਚੋਰ, ਕ੍ਰਿਸਟੀ ਨੋਇਮ ਅਤੇ ਉਨ੍ਹਾਂ ਦੇ ਪਰਵਾਰ ਵਾਲੇ ਮੇਜ਼ ਤੋਂ ਬਿਲਕੁਲ ਅਗਲੇ ਮੇਜ਼ ’ਤੇ ਬੈਠਾ ਸੀ। ਚੋਰੀ ਨਾਲ ਸਬੰਧਤ ਵੀਡੀਓ ਫੁਟੇਜ ਜਨਤਕ ਨਹੀਂ ਕੀਤੀ ਗਈ ਪਰ ਸੂਤਰਾਂ ਮੁਤਾਬਕ ਚੋਰ ਨੇ ਖੱਬੇ ਪੈਰ ਨਾਲ ਕ੍ਰਿਸਟੀ ਨੋਇਮ ਦਾ ਹੈਂਡ ਬੈਗ ਆਪਣੇ ਵੱਲ ਖਿੱਚਿਆ ਜਦਕਿ ਇੰਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ ਦੇ ਛਾਪਿਆਂ ਦੀ ਅਗਵਾਈ ਕਰ ਰਹੀ ਡੌਨਲਡ ਟਰੰਪ ਦੀ ਮੰਤਰੀ ਨੂੰ ਪਤਾ ਵੀ ਨਾ ਲੱਗਾ। ਸ਼ੱਕੀ ਨੇ ਹੈਂਡ ਬੈਗ ਚੁੱਕਣ ਮਗਰੋਂ ਰੈਸਟੋਰੈਂਟ ਵਿਚ ਚਾਰ-ਚੁਫੇਰੇ ਦੇਖਿਆ ਅਤੇ ਪੂਰੀ ਤਸੱਲੀ ਹੋਣ ਮਗਰੋਂ ਆਪਣੀ ਜੈਕਟ ਹੇਠ ਲੁਕਾ ਲਿਆ। ਸੀਕਰੇਟ ਸਰਵਿਸ ਵੱਲੋਂ ਇਸ ਗੱਲ ’ਤੇ ਚਾਨਣਾ ਨਹੀਂ ਪਾਇਆ ਗਿਆ ਕਿ ਸ਼ੱਕੀ ਅਮਰੀਕਾ ਦਾ ਨਾਗਰਿਕ ਹੈ ਜਾਂ ਨਹੀਂ।