ਜਾਪਾਨ ਵਿਚ 15 ਸਾਲ ਬਾਅਦ ਬਹੁਮਤ ਤੋਂ ਖੁੰਝੀ ਐਲ.ਡੀ.ਪੀ.

ਜਾਪਾਨ ਵਿਚ ਸੱਤਾਧਾਰੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਦੀ ਅਗਵਾਈ ਵਾਲਾ ਗਠਜੋੜ 15 ਸਾਲ ਬਾਅਦ ਬਹੁਮਤ ਤੋਂ ਖੁੰਝ ਗਿਆ ਅਤੇ ਸਿਰਫ 191 ਸੀਟਾਂ ਨਾਲ ਸਬਰ ਕਰਨਾ ਪਿਆ।

Update: 2024-10-28 12:54 GMT

ਟੋਕੀਓ : ਜਾਪਾਨ ਵਿਚ ਸੱਤਾਧਾਰੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਦੀ ਅਗਵਾਈ ਵਾਲਾ ਗਠਜੋੜ 15 ਸਾਲ ਬਾਅਦ ਬਹੁਮਤ ਤੋਂ ਖੁੰਝ ਗਿਆ ਅਤੇ ਸਿਰਫ 191 ਸੀਟਾਂ ਨਾਲ ਸਬਰ ਕਰਨਾ ਪਿਆ। ਐਲ.ਡੀ.ਪੀ. ਨੂੰ 65 ਸੀਟਾਂ ਦਾ ਨੁਕਸਾਨ ਹੋਇਆ ਹੈ ਅਤੇ ਸਰਕਾਰ ਚਲਾਉਣ ਵਾਸਤੇ ਘੱਟੋ ਘੱਟ 233 ਸੀਟਾਂ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਪਿਛਲੇ ਮਹੀਨੇ ਹੀ ਪਾਰਟੀ ਦੀ ਪ੍ਰਧਾਨਗੀ ਚੋਣ ਜਿੱਤੀ ਸੀ ਅਤੇ ਇਸ ਮਗਰੋਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਕੁਝ ਹਫ਼ਤੇ ਬਾਅਦ ਹੀ ਤਸਵੀਰ ਬਿਲਕੁਲ ਬਦਲ ਗਈ ਅਤੇ ਸਰਕਾਰ ਚਲਾਉਣੀ ਮੁਸ਼ਕਲ ਹੋ ਸਕਦੀ ਹੈ। ਫਿਲਹਾਲ ਉਨ੍ਹਾਂ ਵੱਲੋਂ ਕਿਸੇ ਹੋਰ ਪਾਰਟੀ ਨੂੰ ਗਠਜੋੜ ਵਿਚ ਸ਼ਾਮਲ ਕਰਨ ’ਤੇ ਵਿਚਾਰ ਨਹੀਂ ਕੀਤਾ ਜਾ ਰਿਹਾ।

ਪ੍ਰਧਾਨ ਮੰਤਰੀ ਇਸ਼ੀਬਾ ਨੇ ਹਾਰ ਦੀ ਜ਼ਿੰਮੇਵਾਰੀ ਕਬੂਲ ਕੀਤੀ

ਚੋਣਾਂ ਤੋਂ ਪਹਿਲਾਂ ਜਾਪਾਨੀ ਮੀਡੀਆ ਵਿਚ ਦਾਅਵਾ ਕੀਤਾ ਗਿਆ ਕਿ ਐਲ.ਡੀ.ਪੀ. ਨੂੰ ਬਹੁਮਤ ਨਾ ਮਿਲਿਆ ਤਾਂ ਪ੍ਰਧਾਨ ਮੰਤਰੀ ਇਸ਼ੀਬਾ ਅਹੁਦਾ ਛੱਡ ਦੇਣਗੇ। ਜੇ ਅਜਿਹਾ ਹੁੰਦਾ ਹੈ ਤਾਂ ਦੂਜੀ ਆਲਮੀ ਜੰਗ ਮਗਰੋਂ ਸਭ ਤੋਂ ਘੱਟ ਸਮੇਂ ਤੱਕ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠਣ ਵਾਲੇ ਆਗੂ ਬਣ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਕਈ ਘਪਲਿਆਂ ਵਿਚ ਐਲ.ਡੀ.ਪੀ. ਆਗੂਆਂ ਦਾ ਨਾਂ ਸਾਹਮਣੇ ਆਉਣ ਕਾਰਨ ਪਾਰਟੀ ਦੀ ਮਕਬੂਲੀਅਤ ਵਿਚ ਕਮੀ ਆਈ। ਮੌਜੂਦਾ ਵਰ੍ਹੇ ਦੇ ਸ਼ੁਰੂ ਵਿਚ ਐਲ.ਡੀ.ਪੀ. ਦੀ ਅਪਰੂਵਲ ਰੇਟਿੰਗ 20 ਫੀ ਸਦੀ ਤੋਂ ਵੀ ਹੇਠਾਂ ਚਲੀ ਗਈ। ਐਲ.ਡੀ.ਪੀ. ਦੇ ਐਮ.ਪੀਜ਼ ’ਤੇ ਦੋਸ਼ ਲੱਗ ਚੁੱਕੇ ਹਨ ਕਿ ਉਨ੍ਹਾਂ ਨੂੰ ਪਾਰਟੀ ਨੂੰ ਮਿਲਿਆ ਸਿਆਸੀ ਚੰਦਾ ਆਪਣੀਆਂ ਜੇਬਾਂ ਵਿਚ ਪਾਇਆ। ਖਾਤਿਆਂ ਵਿਚ ਹੇਰਾਫੇਰੀ ਕਰ ਕੇ ਆਪਣੇ ਨਿਜੀ ਖਾਤਿਆਂ ਵਿਚ ਤਬਦੀਲ ਕਰਵਾ ਲਿਆ। ਭਾਵੇਂ ਮਾਮਲਾ ਸਾਹਮਣੇ ਆਉਣ ਮਗਰੋਂ ਪ੍ਰਧਾਨ ਮੰਤਰੀ ਨੇ ਕਈ ਮੰਤਰੀਆਂ ਅਤੇ ਹੋਰਨਾਂ ਨੂੰ ਅਹੁਦੇ ਤੋਂ ਹਟਾ ਦਿਤਾ ਪਰ ਇਸ ਨਾਲ ਲੋਕਾਂ ਦਾ ਗੁੱਸਾ ਸ਼ਾਂਤ ਨਾ ਹੋਇਆ ਅਤੇ ਫੁਮੀਓ ਕਿਸ਼ਿਦਾ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਿਆ। ਦੂਜੇ ਪਾਸੇ ਸੀ.ਡੀ.ਪੀ. ਦੇ ਆਗੂ ਯੋਸ਼ੀਹੀਕੋ ਨੋਡਾ ਨੇ ਕਿਹਾ ਕਿ ਉਹ ਮੌਜੂਦਾ ਸਰਕਾਰ ਨੂੰ ਸੱਤਾ ਤੋਂ ਬੇਦਖਲ ਦਾ ਯਤਨ ਕਰ ਰਹੇ ਹਨ। ਸੀ.ਡੀ.ਪੀ. ਕੋਲ ਫਿਲਹਾਲ 163 ਸੀਟਾਂ ਹਨ ਅਤੇ ਉਹ ਸੱਤਾ ਹਾਸਲ ਕਰਨ ਤੋਂ ਕਾਫ਼ੀ ਦੂਰ ਹੈ।

Tags:    

Similar News