ਜਾਣੋ, ਕੀ ਹੁੰਦਾ ਹੈ ਕਲੱਸਟਰ ਬੰਬ? 123 ਦੇਸ਼ਾਂ ਨੇ ਲਾਈ ਹੋਈ ਰੋਕ

ਇਕ ਘਾਤਕ ਹਥਿਆਰ ਨੇ ਇਜ਼ਰਾਇਲ ਵਿਚ ਕਾਫ਼ੀ ਤਬਾਹੀ ਮਚਾਈ ਹੋਈ ਐ, ਜਦਕਿ ਇਸ ਘਾਤਕ ਹਥਿਆਰ ਨੂੰ ਚਲਾਉਣ ’ਤੇ ਰੋਕ ਲੱਗੀ ਹੋਈ ਐ। ਇਸ ਘਾਤਕ ਹਥਿਆਰ ਦਾ ਨਾਮ ਐ ਕਲੱਸਟਰ ਬੰਬ।

Update: 2025-07-05 07:02 GMT

ਤਹਿਰਾਨ : ਇਰਾਨ ਅਤੇ ਇਜ਼ਰਾਇਲ ਵਿਚਾਲੇ ਲਗਾਤਾਰ ਤਣਾਅ ਵਧਦਾ ਜਾ ਰਿਹਾ ਏ, ਦੋਵੇਂ ਦੇਸ਼ਾਂ ਵੱਲੋਂ ਲਗਾਤਾਰ ਇਕ ਦੂਜੇ ’ਤੇ ਹਮਲੇ ਕੀਤੇ ਜਾ ਰਹੇ ਨੇ, ਜਿਸ ਦੌਰਾਨ ਫਾਈਟਰ ਜੈੱਟਸ, ਬੈਲਿਸਟਿਕ ਮਿਜ਼ਾਇਲਾਂ ਅਤੇ ਹਰ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਹੋ ਰਹੀ ਐ। ਇਸੇ ਵਿਚਕਾਰ ਇਕ ਘਾਤਕ ਹਥਿਆਰ ਨੇ ਇਜ਼ਰਾਇਲ ਵਿਚ ਕਾਫ਼ੀ ਤਬਾਹੀ ਮਚਾਈ ਹੋਈ ਐ, ਜਦਕਿ ਇਸ ਘਾਤਕ ਹਥਿਆਰ ਨੂੰ ਚਲਾਉਣ ’ਤੇ ਰੋਕ ਲੱਗੀ ਹੋਈ ਐ। ਇਸ ਘਾਤਕ ਹਥਿਆਰ ਦਾ ਨਾਮ ਐ ਕਲੱਸਟਰ ਬੰਬ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਕਲੱਸਟਰ ਬੰਬ ਅਤੇ ਕਿਉਂ ਲੱਗੀ ਹੋਈ ਐ ਇਸ ’ਤੇ ਰੋਕ?


ਇਰਾਨ ਅਤੇ ਇਜ਼ਰਾਇਲ ਵਿਚਾਲੇ ਚੱਲ ਰਿਹਾ ਤਣਾਅ ਘਟਣ ਦਾ ਨਾਮ ਨਹੀਂ ਲੈ ਰਿਹਾ। ਦੋਵੇਂ ਦੇਸ਼ ਹਾਲੇ ਵੀ ਇਕ ਦੂਜੇ ’ਤੇ ਹਮਲੇ ਕਰੀ ਜਾ ਰਹੇ ਨੇ,,, ਇਸੇ ਦੌਰਾਨ ਇਜ਼ਰਾਇਲੀ ਡਿਫੈਂਸ ਫੋਰਸ ਵੱਲੋਂ ਇਰਾਨ ’ਤੇ ਘਾਤਕ ਹਥਿਆਰ ‘ਕਲੱਸਟਰ ਬੰਬ’ ਚਲਾਉਣ ਦੇ ਦੋਸ਼ ਲਗਾਏ ਜਾ ਰਹੇ ਨੇ, ਜਿਸ ’ਤੇ ਚਲਾਉਣ ਾ’ਤੇ ਰੋਕ ਲੱਗੀ ਹੋਈ ਐ। ਉਂਝ ਜੰਗ ਦੌਰਾਨ ਬੰਬਾਂ ਦੀ ਵਰਤੋਂ ਹੋਣਾ ਕੋਈ ਨਵੀਂ ਗੱਲ ਨਹੀਂ,, ਬਲਕਿ ਜੰਗ ਤਾਂ ਹੁਣ ਬੰਬਾਂ ਨਾਲ ਲੜੀ ਜਾਂਦੀ ਐ,, ਪਰ ‘ਕਲੱਸਟਰ ਬੰਬ’ ਉਹ ਹਥਿਆਰ ਐ, ਜਿਸ ਦੀ ਵਰਤੋਂ ਹਮੇਸ਼ਾਂ ਸਵਾਲਾਂ ਘੇਰੇ ਵਿਚ ਰਹਿੰਦੀ ਐ।


ਇਕ ਰਿਪੋਰਟ ਮੁਤਾਬਕ 19 ਜੂਨ ਦੀ ਸਵੇਰ ਇਰਾਨ ਵੱਲੋਂ ਦਾਗ਼ੀ ਗਈ ਇਕ ਮਿਜ਼ਾਇਲ ਵਿਚ ਕਲੱਸਟਰ ਬੰਬ ਦਾ ਵਾਰਹੈੱਡ ਲੱਗਿਆ ਹੋਇਆ ਸੀ। ਇਜ਼ਰਾਇਲੀ ਡਿਫੈਂਸ ਫੋਰਸ ਦੇ ਹੋਮ ਫਰੰਟ ਕਮਾਂਡ ਦਾ ਕਹਿਣਾ ਏ ਕਿ ਇਰਾਨੀ ਮਿਜ਼ਾਇਲ ਦੇ ਵਾਰਹੈੱਡ ਨਾਲ ਜ਼ਮੀਨ ਤੋਂ ਕਰੀਬ 7 ਕਿਲੋਮੀਟਰ ਉਪਰ ਕਲੱਸਟਰ ਵੱਖ ਹੋਏ ਸੀ ਜੋ ਲਗਭਗ 8 ਕਿਲੋਮੀਟਰ ਦੇ ਦਾਇਰੇ ਵਿਚ ਫੈਲ ਗਏ ਅਤੇ ਹੇਠਾਂ ਡਿਗਦੇ ਸਾਰ ਤਬਾਹੀ ਮਚਾ ਦਿੱਤੀ।


ਇਸ ਬੰਬ ਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਸਾਲ 2008 ਵਿਚ ਆਈ ਆਇਰਨ ਮੈਨ ਮੂਵੀ ਦਾ ਜ਼ਿਕਰ ਕਰਦੇ ਆਂ, ਜਿਸ ਵਿਚ ਟੋਨੀ ਸਟਾਰਕ ਅਮਰੀਕੀ ਫ਼ੌਜ ਨੂੰ ਆਪਣਾ ਨਵਾਂ ਹਥਿਆਰ ‘ਜੈਰਿਕੋ ਮਿਜ਼ਾਇਲ’ ਦਾ ਡੈਮੋ ਦਿਖਾਉਣ ਜਾਂਦਾ ਹੈ। ਮਿਜ਼ਾਇਲ ਹਵਾ ਵਿਚ ਜਾਂਦੀ ਐ ਅਤੇ ਫਿਰ ਉਸ ਤੋਂ ਕਈ ਸਾਰੇ ਛੋਟੇ ਛੋਟੇ ਟੁਕੜੇ ਨਿਕਲਦੇ ਹਨ। ਜਿਵੇਂ ਹੀ ਉਹ ਟੁਕੜੇ ਜ਼ਮੀਨ ’ਤੇ ਡਿਗਦੇ ਨੇ, ਓਵੇਂ ਹੀ ਜ਼ਬਰਦਸਤ ਧਮਾਕੇ ਹੁੰਦੇ ਨੇ।


ਕਲੱਸਟਰ ਬੰਬ ਨੂੰ ਸਮਝਾਉਣ ਲਈ ਇਸ ਤੋਂ ਬਿਹਤਰ ਉਦਾਹਰਨ ਸ਼ਾਇਦ ਹੀ ਕੋਈ ਮਿਲੇ। ਇਸ ਬੰਬ ਨਾਲ ਤਬਾਹੀ ਤਾਂ ਹੁੰਦੀ ਐ,, ਪਰ ਇਕੋ ਸਮੇਂ ਕਈ ਥਾਵਾਂ ’ਤੇ। ਉਂਝ ਸਾਰੇ ਧਮਾਕੇ ਇਕੋ ਸਮੇਂ ਹੋਣ, ਇਸ ਦੀ ਵੀ ਕੋਈ ਗਾਰੰਟੀ ਨਹੀਂ ਕਿਉਂਕਿ ਪਹਿਲਾਂ ਵੀ ਕਈ ਵਾਰ ਇਸ ਬੰਬ ਦੀ ਵਰਤੋਂ ਹੋਈ, ਜਿਸ ਦੌਰਾਨ ਸਾਰੇ ਕਲੱਸਟਰ ਨਹੀਂ ਫਟੇ। ਜਦੋਂ ਬੰਬ ਦੇ ਮਲਬੇ ਦੀ ਸਫ਼ਾਈ ਚੱਲ ਰਹੀ ਸੀ ਤਾਂ ਉਸ ਦੌਰਾਨ ਧਮਾਕੇ ਹੋਏ।


ਕਲੱਸਟਰ ਦਾ ਹਿੰਦੀ ਭਾਸ਼ਾ ਵਿਚ ਮਤਲਬ ਹੁੰਦਾ ਹੈ, ਗੁੱਛਾ ਜਾਂ ਸਮੂਹ,, ਯਾਨੀ ਇਸ ਨੂੰ ਛੋਟੇ ਛੋਟੇ ਬੰਬਾਂ ਦਾ ਗੁੱਛਾ ਵੀ ਕਹਿ ਸਕਦੇ ਆਂ। ਇਨ੍ਹਾਂ ਬੰਬਾਂ ਨੂੰ ਕਿਸੇ ਰਾਕੇਟ, ਮਿਜ਼ਾਇਲ ਜਾਂ ਆਰਟਿਲਰੀ ਸ਼ੈੱਲ ਵਿਚ ਭਰ ਕੇ ਬੰਦ ਕਰ ਦਿੱਤਾ ਜਾਂਦਾ ਹੈ। ਇਸ ਖ਼ਤਰਨਾਕ ਬੰਬ ਨੂੰ ਇਸ ਤਰੀਕੇ ਨਾਲ ਡਿਜ਼ਾਇਲ ਕੀਤਾ ਜਾਂਦੈ ਕਿ ਖੋਲ ਹਵਾ ਵਿਚਕਾਰ ਹੀ ਫਟ ਜਾਵੇ। ਇਨ੍ਹਾਂ ਨੂੰ ਜ਼ਮੀਨ ਤੋਂ ਜਾਂ ਹਵਾ ਤੋਂ ਟਾਰਗੈੱਟ ’ਤੇ ਸੁੱਟਿਆ ਜਾ ਸਕਦਾ ਏ।


ਖੋਲ ਦੇ ਫਟਦੇ ਹੀ ਉਸ ਦੇ ਅੰਦਰ ਭਰੇ ਬੰਬ ਦੂਰ ਦੂਰ ਤੱਕ ਕਾਫ਼ੀ ਵੱਡੇ ਖੇਤਰ ਵਿਚ ਫੈਲ ਜਾਂਦੇ ਨੇ, ਜਿਸ ਦੇ ਜ਼ਰੀਏ ਇਕੋ ਵਾਰ ਵਿਚ ਵੱਡੇ ਇਲਾਕੇ ਨੂੰ ਨਿਸ਼ਾਨਾ ਬਣਾਇਆ ਜਾ ਸਕਦੈ। ਜਿਨ੍ਹਾਂ ਬੰਬਾਂ ਵਿਚ ਤੁਰੰਤ ਵਿਸਫੋਟ ਨਹੀਂ ਹੁੰਦਾ, ਉਨ੍ਹਾਂ ਨੂੰ ਡਡ ਕਿਹਾ ਜਾਂਦੈ। ਜੇਕਰ 100 ਬੰਬ ਡਿਗਣ ਤਾਂ ਉਸ ਵਿਚ 15-20 ਬੰਬ ਡਡ ਸਾਬਤ ਹੁੰਦੇ ਨੇ। ਯਾਨੀ ਉਨ੍ਹਾਂ ਦੇ ਕਦੇ ਕਿਸੇ ਹੋਰ ਮੌਕੇ ’ਤੇ ਫਟਣ ਦਾ ਸ਼ੱਕ ਬਣਿਆ ਰਹਿੰਦਾ ਹੈ। ਕਈ ਵਾਰ ਤਾਂ ਇਹ ਬੰਬ ਉਦੋਂ ਫਟਦੇ ਨੇ, ਜਦੋਂ ਯੁੱਧ ਖ਼ਤਮ ਹੋ ਚੁੱਕਿਆ ਹੁੰਦੈ। ਅਜਿਹੀ ਸਥਿਤੀ ਵਿਚ ਬੇਗੁਨਾਹ ਲੋਕਾਂ ਦੇ ਮਾਰੇ ਜਾਣ ਦਾ ਵੱਧ ਖ਼ਤਰਾ ਬਣਿਆ ਰਹਿੰਦਾ ਏ।


ਮਨੁੱਖੀ ਅਧਿਕਾਰ ਸੰਗਠਨਾਂ ਨੇ ਕਲੱਸਟਰ ਬੰਬਾਂ ਦੀ ਵਰਤੋਂ ਨੂੰ ਯੁੱਧ ਅਪਰਾਧ ਦੀ ਕੈਟਾਗਿਰੀ ਵਿਚ ਰੱਖਿਆ ਹੋਇਐ। ਸਰਕਾਰਾਂ ’ਤੇ ਵੀ ਇਨ੍ਹਾਂ ਦੀ ਵਰਤੋਂ ਨਾ ਕਰਨ ਦਾ ਦਬਾਅ ਬਣਾਇਆ ਜਾਂਦੈ। ਸਾਲ 2008 ਵਿਚ 100 ਤੋਂ ਜ਼ਿਆਦਾ ਦੇਸ਼ਾਂ ਨੇ ਮਿਲ ਕੇ ਇਕ ਸੰਧੀ ’ਤੇ ਦਸਤਖ਼ਤ ਕੀਤੇ, ਜਿਸ ਦੇ ਤਹਿਤ ਮੈਂਬਰ ਦੇਸ਼ਾਂ ਨੇ ਕਲੱਸਟਰ ਬੰਬਾਂ ’ਤੇ ਪਾਬੰਦੀ ਲਗਾਉਣ ਅਤੇ ਪਹਿਲਾਂ ਤੋਂ ਮੌਜੂਦ ਸਟਾਕ ਨੂੰ ਨਸ਼ਟ ਤਬਾਹ ਕਰਨ ਦਾ ਫ਼ੈਸਲਾ ਕੀਤਾ।


ਇਕ ਰਿਪੋਰਟ ਦੇ ਮੁਤਾਬਕ ਹੁਣ ਤੱਕ 123 ਦੇਸ਼ ਇਸ ਕਨਵੈਨਸ਼ਨ ਦਾ ਹਿੱਸਾ ਬਣ ਚੁੱਕੇ ਨੇ ਪਰ ਕੁੱਝ ਵੱਡੇ ਦੇਸ਼ਾਂ ਅਮਰੀਕਾ, ਰੂਸ, ਯੂਕ੍ਰੇਨ, ਨਾਰਥ ਕੋਰੀਆ, ਚੀਨ, ਬ੍ਰਾਜ਼ੀਲ ਨੇ ਇਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ,,, ਇੱਥੋਂ ਤੱਕ ਕਿ ਭਾਰਤ ਨੇ ਵੀ ਇਸ ਸੰਧੀ ’ਤੇ ਦਸਤਖ਼ਤ ਨਹੀਂ ਕੀਤੇ। ਇਰਾਨ ਅਤੇ ਇਜ਼ਰਾਇਲ ਵੀ ਇਸ ਸੰਧੀ ਦਾ ਹਿੱਸਾ ਨਹੀਂ। ਅਜਿਹਾ ਨਹੀਂ,, ਇਹ ਦੋਸ਼ ਇਰਾਨ ’ਤੇ ਹੀ ਲੱਗੇ ਹੋਣ,, ਇਸ ਤੋਂ ਪਹਿਲਾਂ ਸਾਲ 2006 ਵਿਚ ਲਿਬਨਾਨ ਵਾਰ ਦੌਰਾਨ ਇਜ਼ਰਾਇਲ ’ਤੇ ਵੀ ਇਨ੍ਹਾਂ ਬੰਬਾਂ ਦੀ ਵਰਤੋਂ ਦੇ ਇਲਜ਼ਾਮ ਲੱਗ ਚੁੱਕੇ ਨੇ।

Tags:    

Similar News