ਟਰੰਪ ਨੂੰ ਆਪਣੀ ਘਰਵਾਲੀ ਵਰਗੀ ਨਜ਼ਰ ਆਉਣ ਲੱਗੀ ਕਮਲਾ ਹੈਰਿਸ

ਅਮਰੀਕਾ ਦੇ ਅਰਬਪਤੀ ਕਾਰੋਬਾਰੀ ਇਲੌਨ ਮਸਕ ਨੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੀ ਆਨਲਾਈਨ ਇੰਟਰਵਿਊ ਕੀਤੀ ਅਤੇ ਆਡੀਓ ਫਾਰਮੈਂਟ ਵਾਲੀ ਗੱਲਬਾਤ 2 ਘੰਟੇ ਤੋਂ ਵੱਧ ਸਮਾਂ ਜਾਰੀ ਰਹੀ।;

Update: 2024-08-13 11:48 GMT

ਵਾਸ਼ਿੰਗਟਨ : ਅਮਰੀਕਾ ਦੇ ਅਰਬਪਤੀ ਕਾਰੋਬਾਰੀ ਇਲੌਨ ਮਸਕ ਨੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੀ ਆਨਲਾਈਨ ਇੰਟਰਵਿਊ ਕੀਤੀ ਅਤੇ ਆਡੀਓ ਫਾਰਮੈਂਟ ਵਾਲੀ ਗੱਲਬਾਤ 2 ਘੰਟੇ ਤੋਂ ਵੱਧ ਸਮਾਂ ਜਾਰੀ ਰਹੀ। ਮਸਕ ਦਾ ਪਹਿਲਾ ਸਵਾਲ ਪੈਨਸਿਲਵੇਨੀਆ ਵਿਚ ਹੋਏ ਹਮਲੇ ਬਾਰੇ ਰਿਹਾ ਅਤੇ ਟਰੰਪ ਨੇ ਹਸਦੇ ਹੋਇਆ ਕਿਹਾ ਕਿ ਹੁਣ ਰੱਬ ’ਤੇ ਉਨ੍ਹਾਂ ਦਾ ਯਕੀਨ ਬਹੁਤ ਜ਼ਿਆਦ ਵਧ ਗਿਆ ਹੈ। ਟਰੰਪ ਨੇ ਕਮਲਾ ਹੈਰਿਸ ਨੂੰ ਆਪਣੀ ਪਤਨੀ ਮੇਲਾਨੀਆ ਟਰੰਪ ਵਰਗੀ ਦੱਸਿਆ ਪਰ ਨਾਲ ਹੀ ਕਿਹਾ ਕਿ ਜੇ ਉਹ ਅਮਰੀਕਾ ਦੀ ਰਾਸ਼ਟਰਪਤੀ ਬਣੀ ਤਾਂ ਮੁਲਕ ਬਰਬਾਦ ਹੋ ਜਾਵੇਗਾ। ਟਰੰਪ ਨੇ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਕਮਲਾ ਹੈਰਿਸ ਕੈਲੇਫੋਰਨੀਆ ਦੇ ਸ਼ਹਿਰ ਦੀ ਮੇਅਰ ਬਣੀ ਤਾਂ ਸ਼ਹਿਰ ਬਰਬਾਦ ਹੋ ਗਿਆ ਅਤੇ ਇਹੀ ਕੁਝ ਅਮਰੀਕਾ ਨਾਲ ਹੋ ਸਕਦਾ ਹੈ। ਸਾਬਕਾ ਰਾਸ਼ਟਰਪਤੀ ਨੇ ਦੋਸ਼ ਲਾਇਆ ਕਿ ਕਮਲਾ ਹੈਰਿਸ ਕੋਲ ਬਾਰਡਰ ਸੁਰੱਖਿਆ ਦੀ ਜ਼ਿੰਮੇਵਾਰੀ ਸੀ ਪਰ ਨਾਜਾਇਜ਼ ਪ੍ਰਵਾਸ ਜਾਰੀ ਰਿਹਾ ਅਤੇ ਇਸ ਵੇਲੇ ਅਮਰੀਕਾ ਵਿਚ 2 ਕਰੋੜ ਗੈਰਕਾਨੂੰਨੀ ਪ੍ਰਵਾਸੀ ਹਨ। ਦੂਜੇ ਮੁਲਕਾਂ ਦੇ ਨਸ਼ਾ ਤਸਕਰ ਇਥੇ ਆ ਰਹੇ ਹਨ ਅਤੇ ਸਾਡੀ ਨੌਜਵਾਨ ਪੀੜ੍ਹੀ ਖਤਰੇ ਵਿਚ ਹੈ। ਟਰੰਪ ਨੇ ਦਾਅਵਾ ਕੀਤਾ ਕਿ ਜੋਅ ਬਾਇਡਨ ਨੂੰ ਜ਼ਬਰਦਸਤੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚੋਂ ਬਾਹਰ ਕੀਤਾ ਗਿਆ ਅਤੇ ਇਹ ਕਿਸੇ ਤਖਤਾਪਲਟ ਵਰਗਾ ਕਦਮ ਹੀ ਸੀ। ਉਨ੍ਹਾਂ ਕਿਹਾ ਕਿ ਜੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਵਿਚ ਅਮਰੀਕਾ ਨੇ ਸਭ ਤੋਂ ਅੱਗੇ ਰਹਿਣਾ ਹੈ ਅਤੇ ਚੀਨ ਦਾ ਟਾਕਰਾ ਕਰਨਾ ਪੈ ਤਾਂ ਬਹੁਤ ਕੰਮ ਕਰਨਾ ਹੋਵੇਗਾ। ਅਮਰੀਕਾ ਕੋਲ ਇਕ ਵੀ ਹਾਈ ਸਪੀਡ ਟ੍ਰੇਨ ਨਹੀਂ ਅਤੇ ਜਦੋਂ ਉਨ੍ਹਾਂ ਨੇ ਬੁਲਟ ਟ੍ਰੇਨ ਲਿਆਉਣ ਦਾ ਯਤਨ ਕੀਤਾ ਤਾਂ ਡੈਮੋਕ੍ਰੈਟਿਕ ਪਾਰਟੀ ਵਾਲੇ ਅੜਿੱਕਾ ਬਣ ਗਏ। ਅਮਰੀਕਾ ਵਿਚ ਮਹਿੰਗਾਈ ਵਾਸਤੇ ਬਾਇਡਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਟਰੰਪ ਨੇ ਕਿਹਾ ਕਿ ਇਸ ਵੇਲੇ 100 ਸਾਲ ਦੀ ਸਭ ਤੋਂ ਜ਼ਿਆਦਾ ਮਹਿੰਗਾਈ ਚੱਲ ਰਹੀ ਹੈ ਜਦਕਿ ਉਨ੍ਹਾਂ ਦੇ ਕਾਰਜਕਾਲ ਵੇਲੇ ਲੋਕ ਬੱਚਤ ਕਰ ਰਹੇ ਸਨ। ਇਸ ਵੇਲੇ ਅਮਰੀਕਾ ਦੇ ਲੋਕ ਉਧਾਰ ਲੈ ਕੇ ਗੁਜ਼ਾਰਾ ਕਰ ਰਹੇ ਹਨ। ਕਿਸੇ ਵੇਲੇ ਇਲੈਟ੍ਰਿਕ ਗੱਡੀਆਂ ਦਾ ਵਿਰੋਧ ਕਰਨ ਵਾਲੇ ਟਰੰਪ ਇੰਟਰਵਿਊ ਦੌਰਾਨ ਟੈਸਲਾ ਦੀ ਸ਼ਲਾਘਾ ਕਰਦੇ ਨਜ਼ਰ ਆਏ। ਪ੍ਰਮਾਣੂ ਤਾਕਤਾਂ ਬਾਰੇ ਸਵਾਲ ਦੇ ਜਵਾਬ ਵਿਚ ਉਨ੍ਹਾਂਕਿਹਾ ਕਿ ਕਹਿਣ ਨੂੰ ਤਾਂ ਦੁਨੀਆਂ ਦੇ ਪੰਜ ਮੁਲਕ ਪ੍ਰਮਾਣੂ ਤਾਕਤ ਹਨ ਪਰ ਅਸਲੀਅਤ ਇਹ ਹੈ ਕਿ ਅਮਰੀਕਾ, ਬਰਤਾਨੀਆ, ਫਰਾਂਸ, ਰੂਸ ਅਤੇ ਚੀਨ ਤੋਂ ਇਲਾਵਾ ਭਾਰਤ, ਪਾਕਿਸਤਾਨ, ਇਜ਼ਰਾਈਲ ਅਤੇ ਉਤਰ ਕੋਰੀਆ ਕੋਲ ਵੀ ਪ੍ਰਮਾਣੂ ਹਥਿਆਰ ਮੌਜੂਦ ਹਨ। ਟਰੰਪ ਨੇ ਸੱਤਾ ਵਿਚ ਆਉਣ ’ਤੇ ਅਮਰੀਕਾ ਦਾ ਸਿੱਖਿਆ ਵਿਭਾਗ ਬੰਦ ਕਰਨ ਅਤੇ ਇਹ ਮਹਿਕਮਾ ਰਾਜਾਂ ਦੇ ਸਪੁਰਦ ਕਰਨ ਦਾ ਐਲਾਨ ਕੀਤਾ। ਇਸੇ ਦੌਰਾਨ ਇਲੌਨ ਮਸਕ ਨੇ ਕਮਲਾ ਹੈਰਿਸ ਨੂੰ ਕੱਟੜਪੰਥੀ ਕਰਾਰ ਦਿਤਾ ਜਦਕਿ ਟਰੰਪ ਆਪਣੀ ਵਿਰੋਧੀ ਨੂੰ ਕੱਟੜ ਖੱਬੇ ਪੱਖੀ ਕਹਿੰਦੇ ਸੁਣੇ ਗਏ। ਮਸਕ ਨੇ ਦੱਸਿਆ ਕਿ ਉਹ ਓਬਾਮਾ ਦੇ ਹਮਾਇਤੀ ਸਨ ਪਰ ਉਨ੍ਹਾਂ ਨਾਲ ਹੱਥ ਮਿਲਾਉਣ ਲਈ 6 ਘੰਟੇ ਕਤਾਰ ਵਿਚ ਖੜ੍ਹੇ ਹੋਣਾ ਪਿਆ। ਇਸੇ ਕਰ ਕੇ ਅੱਜ ਉਹ ਰਿਪਬਲਿਕਨ ਉਮੀਦਵਾਰ ਦੇ ਹਮਾਇਤੀ ਹਨ ਅਤੇ ਉਨ੍ਹਾਂ ਦੀ ਇੰਟਰਵਿਊ ਵੀ ਕਰ ਰਹੇ ਹਨ। ਵੋਟਾਂ ਵਾਲਾ ਮਾਹੌਲ ਹੋਣ ਦੇ ਮੱਦੇਨਜ਼ਰ ਟਰੰਪ ਨੇ ਕਿਹਾ ਕਿ ਜ਼ਿਆਦਾਤਰ ਗੈਰਕਾਨੂੰਨੀ ਪ੍ਰਵਾਸੀ ਮਾੜੇ ਨਹੀਂ ਜਦਕਿ ਹੁਣ ਤੱਕ ਟਰੰਪ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਪਰਾਧੀ ਦਸਦੇ ਆਏ ਹਨ।

Tags:    

Similar News