ਕਮਲਾ ਹੈਰਿਸ ਨੇ ਟਿਮ ਵਾਲਜ਼ ਨੂੰ ਬਣਾਇਆ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ
ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਿਆ ਹੈ।;
ਫਿਲਾਡੈਲਫੀਆ : ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਿਆ ਹੈ। ਫਿਲਾਡੈਲਫੀਆ ਵਿਖੇ ਇਕ ਚੋਣ ਰੈਲੀ ਦੌਰਾਨ ਟਿਮ ਵਾਲਜ਼ ਦੀ ਉਮੀਦਵਾਰੀ ਦਾ ਐਲਾਨ ਕਰਦਿਆਂ ਕਮਲਾ ਹੈਰਿਸ ਨੇ ਕਿਹਾ ਕਿ ਸਾਡੀ ਚੋਣ ਮੁਹਿੰਮ ਸਿਰਫ਼ ਡੌਨਲਡ ਟਰੰਪ ਵਿਰੁੱਧ ਵਿੱਢਿਆ ਸੰਘਰਸ਼ ਨਹੀਂ ਸਗੋਂ ਭਵਿੱਖ ਵਾਸਤੇ ਲੜੀ ਜਾਣ ਵਾਲੀ ਲੜਾਈ ਹੈ। ਕਮਲਾ ਹੈਰਿਸ ਨੇ ਟਿਮ ਵਾਲਜ਼ ਨੂੰ ਮੱਧ ਵਰਗੀ ਪਰਵਾਰਾਂ ਲਈ ਸੰਘਰਸ਼ ਕਰਨ ਵਾਲਾ ਯੋਧਾ ਕਰਾਰ ਦਿਤਾ। ਟਿਮ ਵਾਲਜ਼ ਜਿਥੇ ਫੌਜ ਵਿਚ ਰਹਿ ਚੁੱਕੇ ਹਨ, ਉਥੇ ਹੀ ਉਨ੍ਹਾਂ ਨੇ ਸਕੂਲ ਟੀਚਰ ਵਜੋਂ 23 ਸਾਲ ਸਮਾਜਿਕ ਸਿੱਖਿਆ ਦਾ ਵਿਸ਼ਾ ਵਿਦਿਆਰਥੀਆਂ ਨੂੰ ਪੜ੍ਹਾਇਆ ਅਤੇ ਹਾਈ ਸਕੂਲ ਦੇ ਫੁੱਟਬਾਲ ਕੋਚ ਵੀ ਰਹੇ। 2006 ਵਿਚ ਕੌਮੀ ਸਿਆਸਤ ਵਿਚ ਕਦਮ ਰਖਦਿਆਂ ਉਨ੍ਹਾਂ ਨੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੀ ਚੋਣ ਜਿੱਤੀ ਅਤੇ ਇਸ ਮਗਰੋਂ 2018 ਵਿਚ ਮਿਨੇਸੋਟਾ ਦੇ ਗਵਰਨਰ ਚੁਣੇ ਗਏ। ਚੋਣ ਰੈਲੀ ਦੌਰਾਨ ਉਤਸ਼ਾਹਤ ਨਜ਼ਰ ਆ ਰਹੀ ਭੀੜ ਨੂੰ ਸੰਬੋਧਨ ਕਰਦਿਆਂ ਕਮਲਾ ਹੈਰਿਸ ਨੇ ਕਿਹਾ ਕਿ ਕੁਝ ਲੋਕ ਉਨ੍ਹਾਂ ਨੂੰ ਅਤੇ ਟਿਮ ਵਾਲਜ਼ ਨੂੰ ਕਮਜ਼ੋਰ ਸਮਝ ਰਹੇ ਹਨ ਪਰ ਚੋਣ ਜਿੱਤ ਕੇ ਉਹ ਸਭਨਾਂ ਦੇ ਮੂੰਹ ਬੰਦ ਕਰ ਦੇਣਗੇ। ਹੈਰਿਸ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਕਿਫਾਇਤੀ ਚਾਈਲਡ ਕੇਅਰ, ਤਨਖਾਹ ਸਮੇਤ ਜਣੇਪੇ ਦੀ ਛੁੱਟੀ ਅਤੇ ਸਸਤੇ ਮਕਾਨਾਂ ਦੀ ਉਸਾਰੀ ਵੱਲ ਧਿਆਨ ਕੇਂਦਰਤ ਕਰੇਗੀ।
ਫਿਲਾਡੈਲਫੀਆ ਦੀ ਚੋਣ ਰੈਲੀ ਵਿਚ ਸ਼ਾਮਲ ਹੋਏ ਦੋਵੇਂ ਆਗੂ
ਆਪਣੇ ਅਤੇ ਟਿਮ ਵਾਲਜ਼ ਦੇ ਪਰਵਾਰਾਂ ਦਾ ਜ਼ਿਕਰ ਕਰਦਿਆਂ ਕਮਲਾ ਹੈਰਿਸ ਨੇ ਕਿਹਾ ਕਿ ਉਨ੍ਹਾਂ ਦਾ ਜਨਮ ਸਾਧਾਰਣ ਕਿਰਤੀ ਪਰਵਾਰਾਂ ਵਿਚ ਹੋਇਆ ਅਤੇ ਸਿਰਫ ਅਮਰੀਕਾ ਵਿਚ ਹੀ ਇਹ ਸੰਭਵ ਹੈ ਕਿ ਸਾਧਾਰਣ ਕਿਰਤੀ ਪਰਵਾਰ ਵਿਚ ਜੰਮਿਆ ਬੱਚਾ ਮੁਲਕ ਦਾ ਰਾਸ਼ਟਰਪਤੀ ਬਣ ਸਕਦਾ ਹੈ। ਇਸੇ ਦੌਰਾਨ ਟਿਮ ਵਾਲਜ਼ ਨੇ ਕਿਹਾ ਕਿ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣੇ ਜਾਣ ’ਤੇ ਉਹ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ। ਨੇਬਰਾਸਕਾ ਦੇ ਇਕ ਛੋਟੇ ਜਿਹੇ ਸ਼ਹਿਰ ਵਿਚ ਜੰਮੇ-ਪਲੇ ਟਿਮ ਵਾਲਜ਼ ਨੇ ਡੌਨਲਡ ਟਰੰਪ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਰਾਸ਼ਟਰਪਤੀ ਹੁੰਦਿਆਂ ਹਿੰਸਕ ਅਪਰਾਧ ਵਧੇ ਅਤੇ ਹੁਣ ਉਨ੍ਹਾਂ ਨੂੰ ਜੇਲ ਵਿਚ ਡੱਕਣ ਦਾ ਵੇਲਾ ਆ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਗੋਰਿਆਂ ਦੀਆਂ ਵੋਟਾਂ ਹਾਸਲ ਕਰਨ ਦੇ ਮਕਸਦ ਵਜੋਂ ਕਮਲਾ ਹੈਰਿਸ ਵੱਲੋਂ ਟਿਮ ਵਾਲਜ਼ ਦੀ ਚੋਣ ਕੀਤੀ ਗਈ। ਟਿਮ ਵਾਲਜ਼ ਨੇ ਸਕੂਲਾਂ ਵਿਚ ਮੁਫ਼ਤ ਭੋਜਨ ਅਤੇ ਮੱਧ ਵਰਗੀ ਪਰਵਾਰਾਂ ਲਈ ਟੈਕਸਾਂ ਵਿਚ ਕਟੌਤੀ ਸਣੇ ਮਿਨੇਸੋਟਾ ਵਿਚ ਕਿਰਤੀਆਂ ਨੂੰ ਤਨਖਾਹ ਸਮੇਤ ਛੁੱਟੀ ਵਰਗੇ ਮੁੱਦਿਆਂ ’ਤੇ ਕੰਮ ਕੀਤਾ। ਉਧਰ ਰੈਲੀ ਵਿਚ ਸ਼ਾਮਲ ਲੋਕਾਂ ਨੇ ਟਿਮ ਵਾਲਜ਼ ਦੀ ਉਮੀਦਵਾਰੀ ਨੂੰ ਇਤਿਹਾਸਕ ਕਰਾਰ ਦਿਤਾ। ਬੈਲਟੀਮੋਰ ਤੋਂ ਖਾਸ ਤੌਰ ’ਤੇ ਰੈਲੀ ਵਿਚ ਸ਼ਾਮਲ ਹੋਣ ਪੁੱਜੀ 71 ਸਾਲਾ ਔਰਤ ਨੇ ਕਿਹਾ ਕਿ ਹੁਣ ਲੋਕਤੰਤਰ ਵਾਸਤੇ ਅਸਲ ਸੰਘਰਸ਼ ਹੋਵੇਗਾ ਅਤੇ ਉਹ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦੀ ਹੈ। ਰੈਲੀ ਵਾਲੀ ਥਾਂ ਅੰਦਰ 10 ਹਜ਼ਾਰ ਲੋਕ ਦਾਖਲ ਹੋ ਸਕਦੇ ਸਨ ਪਰ ਭੀੜ ਐਨੀ ਵਧ ਗਈ ਕਿ ਵੱਡੀ ਗਿਣਤੀ ਵਿਚ ਲੋਕ ਬਾਹਰ ਉਡੀਕ ਕਰਦੇ ਦੇਖੇ ਗਏ।