ਅਮਰੀਕਾ ਬਨਾਮ ਰੂਸ ਜੰਗ ’ਚ ਬਦਲ ਸਕਦੀ ਐ ਈਰਾਨ-ਇਜ਼ਰਾਈਲ ਦੀ ਲੜਾਈ

ਇਜ਼ਰਾਈਲ ਅਤੇ ਈਰਾਨ ਦੀ ਜੰਗ ਅਮਰੀਕਾ ਬਨਾਮ ਰੂਸ ਜੰਗ ਵਿਚ ਤਬਦੀਲ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।

Update: 2025-06-18 12:23 GMT

ਤਹਿਰਾਨ : ਇਜ਼ਰਾਈਲ ਅਤੇ ਈਰਾਨ ਦੀ ਜੰਗ ਅਮਰੀਕਾ ਬਨਾਮ ਰੂਸ ਜੰਗ ਵਿਚ ਤਬਦੀਲ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਜੀ ਹਾਂ, ਟਰੰਪ ਸਰਕਾਰ ਵੱਲੋਂ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਮੀਨੀ ਨੂੰ ਸਰੰਡਰ ਕਰਨ ਵਾਸਤੇ 48 ਘੰਟੇ ਦਾ ਸਮਾਂ ਦਿਤਾ ਗਿਆ ਹੈ ਜਦਕਿ ਰੂਸ ਨੇ ਚਿਤਵਾਨੀ ਦਿਤੀ ਹੈ ਕਿ ਜੇ ਅਮਰੀਕਾ ਨੇ ਇਜ਼ਰਾਈਲ ਦੀ ਸਿੱਧੀ ਮਦਦ ਕੀਤੀ ਤਾਂ ਮੱਧ ਪੂਰਬ ਵਿਚ ਹਾਲਾਤ ਤਬਾਹਕੁੰਨ ਬਣ ਸਕਦੇ ਹਨ। ਇਸੇ ਦੌਰਾਨ ਈਰਾਨ ਦੇ ਸੁਪਰੀਮ ਲੀਡਰ ਨੇ ਇਜ਼ਰਾਈਲ ਨੂੰ ਠੋਕਵਾਂ ਜਵਾਬ ਦੇਣ ਦਾ ਐਲਾਨ ਕਰ ਦਿਤਾ ਅਤੇ 25 ਮਿਜ਼ਾਈਲਾਂ ਇਜ਼ਰਾਈਲ ਵੱਲ ਦਾਗ ਦਿਤੀਆਂ ਗਈਆਂ। ਈਰਾਨੀ ਮੀਡੀਆ ਮੁਤਾਬਕ ਬੁੱਧਵਾਰ ਸਵੇਰੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਵੱਲੋਂ ਫਤਿਹ ਮਿਜ਼ਾਈਲਾਂ ਨਾਲ ਹਮਲੇ ਕੀਤੇ ਗਏ।

ਟਰੰਪ ਸਰਕਾਰ ਵੱਲੋਂ ਈਰਾਨ ਦੇ ਸੁਪਰੀਮ ਲੀਡਰ ਨੂੰ 48 ਘੰਟੇ ਦਾ ਅਲਟੀਮੇਟਮ

ਫਤਿਹ ਮਿਜ਼ਾਈਲ ਹਾਈਪਰਸੌਨਿਕ ਹੈ ਯਾਨੀ ਆਵਾਜ਼ ਦੀ ਰਫ਼ਤਾਰ ਤੋਂ ਪੰਚ ਗੁਣਾ ਤੇਜ਼ੀ ਨਾਲ ਅੱਗੇ ਵਧਦੀ ਹੈ। ਈਰਾਨ ਨੇ ਦਾਅਵਾ ਕੀਤਾ ਹੈ ਕਿ ਫਤਿਹ ਮਿਜ਼ਾਈਲਾਂ ਨੇ ਇਜ਼ਰਾਈਲ ਦਾ ਏਅਰ ਡਿਫੈਂਸ ਸਿਸਟਮ ਨਾਕਾਮ ਕਰ ਦਿਤਾ ਅਤੇ ਕਈ ਸੁਰੱਖਿਅਤ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਵਿਚ ਸਫ਼ਲਤਾ ਮਿਲੀ। ਇਜ਼ਰਾਈਲ ਵਿਚ ਮਿਜ਼ਾਈਲ ਹਮਲੇ ਨਾਲ ਕਿੰਨਾ ਨੁਕਸਾਨ ਹੋਇਆ ਹੈ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ। ਉਧਰ ਵਾਸ਼ਿੰਗਟਨ ਸਥਿਤ ਹਿਊਮਨ ਰਾਈਟਸ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਈਰਾਨ ਵਿਚ ਮੌਤਾਂ ਦਾ ਅੰਕੜਾ 600 ਤੋਂ ਟੱਪ ਚੁੱਕਾ ਹੈ ਜਦਕਿ ਜ਼ਖਮੀਆਂ ਦੇ ਗਿਣਤੀ ਡੇਢ ਹਜ਼ਾਰ ਦੇ ਨੇੜੇ ਪੁੱਜ ਗਈ ਹੈ। ਈਰਾਨ ਸਰਕਾਰ ਵੱਲੋਂ ਜੰਗ ਦੌਰਾਨ ਮਰਨ ਵਾਲਿਆਂ ਜਾਂ ਜ਼ਖਮੀਆਂ ਦੀ ਗਿਣਤੀ ਸਾਂਝੀ ਨਹੀਂ ਕੀਤੀ ਗਈ। ਸੋਮਵਾਰ ਨੂੰ ਜਾਰੀ ਅੰਕੜਿਆਂ ਵਿਚ ਈਰਾਨ ਸਰਕਾਰ ਵੱਲੋਂ 224 ਜਣਿਆਂ ਦੀ ਮੌਤ ਹੋਣ ਅਤੇ ਇਕ ਹਜ਼ਾਰ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦਾ ਜ਼ਿਕਰ ਕੀਤਾ ਗਿਆ।

ਰੂਸ ਨੇ ਅਮਰੀਕਾ ਨੂੰ ਜੰਗ ਤੋਂ ਦੂਰ ਰਹਿਣ ਦੀ ਚਿਤਾਵਨੀ ਦਿਤੀ

ਇਸੇ ਦੌਰਾਨ ਈਰਾਨ ਦੇ ਰਾਸ਼ਟਰਪਤੀ ਵੱਲੋਂ ਮੁਲਕ ਦੇ ਲੋਕਾਂ ਨੂੰ ਇਕਜੁਟ ਰਹਿਣ ਦਾ ਸੱਦਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਮੁਲਕ ਦੇ ਲੋਕ ਸਰਕਾਰ ਨਾਲ ਖੜ੍ਹੇ ਹਨ ਤਾਂ ਕੋਈ ਵੀ ਦੁਸ਼ਮਣ ਸਾਡਾ ਕੁਝ ਨਹੀਂ ਵਿਗਾੜ ਸਕਦਾ। ਰਾਸ਼ਟਰਪਤੀ ਦਾ ਸੱਦਾ ਅਜਿਹੇ ਸਮੇਂ ਆਇਆ ਹੈ ਜਦੋਂ ਈਰਾਨ ਦੇ ਜਲਾਵਤਨ ਬਾਦਸ਼ਾਹ ਵੱਲੋਂ ਲੋਕਾਂ ਨੂੰ ਮੁਲਕ ਉਤੇ ਮੁੜ ਕਾਬਜ਼ ਹੋਣ ਦੇ ਯਤਨ ਆਰੰਭਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਈਰਾਨ ਦੇ ਆਖਰੀ ਸ਼ਾਹ ਦੇ ਬੇਟੇ ਰਜ਼ਾ ਪਹਿਲਾਵੀ ਨੇ ਇਕ ਵੀਡੀਓ ਸੁਨੇਹੇ ਰਾਹੀਂ ਕਿਹਾ ਕਿ ਇਸਲਾਮਿਕ ਰਿਪਬਲਿਕ ਦਾ ਅੰਤ ਨੇੜੇ ਆ ਗਿਆ ਅਤੇ ਜਲਦ ਹੀ ਸਰਕਾਰ ਦੇ ਪਰਖੱਚੇ ਉਡ ਜਾਣਗੇ।

Tags:    

Similar News