ਲਾਪਤਾ ਭਾਰਤੀ ਵਿਦਿਆਰਥਣ ਬਾਰੇ ਇੰਟਰਪੋਲ ਵੱਲੋਂ ‘ਯੈਲੋ ਨੋਟਿਸ’
ਅਮਰੀਕਾ ਦੀ ਪਿਟਜ਼ਬਰਗ ਯੂਨੀਵਰਸਿਟੀ ਵਿਚ ਪੜ੍ਹਦੀ 20 ਸਾਲਾ ਭਾਰਤੀ ਮੁਟਿਆਰ ਸੁਦੀਕਸ਼ਾ ਕੋਨਾਂਕੀ ਦੀ ਹੁਣ ਤੱਕ ਕੋਈ ਉਘ-ਸੁੱਘ ਨਹੀਂ ਲੱਗ ਸਕੀ ਜਿਸ ਦੇ ਮੱਦੇਨਜ਼ਰ ਇੰਟਰਪੋਲ ਵੱਲੋਂ ਯੈਲੋ ਨੋਟਿਸ ਜਾਰੀ ਕੀਤਾ ਗਿਆ ਹੈ।;
ਪਿਟਜ਼ਬਰਗ : ਅਮਰੀਕਾ ਦੀ ਪਿਟਜ਼ਬਰਗ ਯੂਨੀਵਰਸਿਟੀ ਵਿਚ ਪੜ੍ਹਦੀ 20 ਸਾਲਾ ਭਾਰਤੀ ਮੁਟਿਆਰ ਸੁਦੀਕਸ਼ਾ ਕੋਨਾਂਕੀ ਦੀ ਹੁਣ ਤੱਕ ਕੋਈ ਉਘ-ਸੁੱਘ ਨਹੀਂ ਲੱਗ ਸਕੀ ਜਿਸ ਦੇ ਮੱਦੇਨਜ਼ਰ ਇੰਟਰਪੋਲ ਵੱਲੋਂ ਯੈਲੋ ਨੋਟਿਸ ਜਾਰੀ ਕੀਤਾ ਗਿਆ ਹੈ। ਯੈਲੋ ਨੋਟਿਸ ਜਾਰੀ ਹੋਣ ਮਗਰੋਂ ਦੁਨੀਆਂ ਭਰ ਦੇ ਪੁਲਿਸ ਮਹਿਕਮੇ ਐਲਰਟ ਹੋ ਗਏ ਅਤੇ ਸਬੰਧਤ ਸ਼ਖਸ ਦੇ ਅਗਵਾ ਹੋਣ ਦੀ ਸੂਰਤ ਵਿਚ ਹਵਾਈ ਅੱਡਿਆਂ ’ਤੇ ਚੌਕਸੀ ਵਧਾ ਦਿਤੀ ਗਈ। ਉਧਰ ਸੁਦੀਕਸ਼ਾ ਨੂੰ ਆਖਰੀ ਵਾਰ ਦੇਖੇ ਜਾਣ ਮੌਕੇ ਉਸ ਨਾਲ ਨਜ਼ਰ ਆਇਆ ਜੋਸ਼ੂਆ ਰੀਬੇ ਨੇ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਦੀਕਸ਼ਾ ਦੀ ਭਾਲ ਕਰਨ ਵਿਚ ਉਹ ਡੌਮੀਨਿਕਨ ਰਿਪਬਲਿਕ ਪੁਲਿਸ ਦੀ ਮਦਦ ਕਰ ਰਿਹਾ ਹੈ ਪਰ ਸਮੁੰਦਰ ਬੇਹੱਦ ਖ਼ਤਰਨਾਕ ਹੁੰਦਾ ਹੈ।
ਪਹਿਲੀ ਵਾਰ ਮੀਡੀਆ ਸਾਹਮਣੇ ਆਇਆ ਸੁਦੀਕਸ਼ਾ ਦਾ ਦੋਸਤ
ਅਮਰੀਕਾ ਦੇ ਆਇਓਵਾ ਸੂਬੇ ਨਾਲ ਸਬੰਧਤ ਜੋਸ਼ੂਆ ਇਸ ਤੋਂ ਪਹਿਲਾਂ ਪੁਲਿਸ ਨੂੰ ਦੋ ਕਹਾਣੀਆਂ ਸੁਣਾ ਚੁੱਕਾ ਹੈ ਅਤੇ ਉਸ ਦਾ ਪਾਸਪੋਰਟ ਜ਼ਬਤ ਕਰਦਿਆਂ ਸੁਦੀਕਸ਼ਾ ਦੀ ਗੁੰਮਸ਼ੁਦਗੀ ਨਾਲ ਸਬੰਧਤ ਪਰਸਨ ਆਫ਼ ਇੰਟ੍ਰਸਟ ਕਰਾਰ ਦਿਤਾ ਗਿਆ ਹੈ। ਜੋਸ਼ੂਆ ਮੁਤਾਬਕ ਉਹ ਅਤੇ ਸੁਦੀਕਸ਼ਾ ਤਕਰੀਬਨ ਢਾਈ ਫੁੱਟ ਡੂੰਘੇ ਪਾਣੀ ਵਿਚ ਸਨ ਅਤੇ ਇਸੇ ਦੌਰਾਨ ਇਕ ਤੇਜ਼ ਛੱਲ ਨੇ ਦੋਹਾਂ ਨੂੰ ਖਿੱਚ ਕੇ ਲੈ ਗਈ। ਉਹ ਕਿਸੇ ਤਰੀਕੇ ਨਾਲ ਬਾਹਰ ਆ ਗਿਆ ਪਰ ਸੁਦੀਕਸ਼ਾ ਨਜ਼ਰ ਨਾ ਆਈ ਜਦਕਿ ਇਸ ਤੋਂ ਪਹਿਲਾਂ ਜੋਸ਼ੂਆ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਉਹ ਸੁਦੀਕੋਸ਼ਾ ਨੂੰ ਬਾਹਰ ਖਿੱਚ ਕੇ ਲਿਆਉਣ ਵਿਚ ਸਫ਼ਲ ਰਿਹਾ। ਜਾਂਚਕਰਤਾਵਾਂ ਨੇ ਜਦੋਂ ਉਸ ਪੁੱਛਿਆ ਕਿ ਕੀ ਉਹ ਜਾਣਦਾ ਸੀ ਕਿ ਸੁਦੀਕਸ਼ਾ ਨੂੰ ਤੈਰਨਾ ਆਉਂਦਾ ਹੈ ਤਾਂ ਇਸ ਬਾਰੇ ਕੋਈ ਸਪੱਸ਼ਟ ਜਵਾਬ ਨਾ ਆਇਆ। ਇਸੇ ਦੌਰਾਨ ਜੋਸ਼ੂਆ ਦੇ ਇਕ ਰਿਸ਼ਤੇਦਾਰ ਰਿਚਰਡ ਨੇ ਦੱਸਿਆ ਕਿ ਮਿਨੇਸੋਟਾ ਵਿਖੇ ਉਸ ਦੀ ਇਕ ਗਰਲਫਰੈਂਡ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਅਗਵਾ ਜਾਂ ਮਨੁੱਖੀ ਤਸਕਰੀ ਦਾ ਮਾਮਲਾ ਹੋ ਸਕਦਾ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਡੌਮੀਨਿਕਨ ਰਿਪਬਲਿਕ ਜਾਣ ਵਾਲੇ ਆਪਣੇ ਨਾਗਰਿਕਾਂ ਨੂੰ ਬੇਹੱਦ ਸੁਚੇਤ ਰਹਿਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਹਥਿਆਰਬੰਦ ਲੁੱਟ, ਕਤਲ ਅਤੇ ਸੈਕਸ਼ੁਅਲ ਅਸਾਲਟ ਵਰਗੀਆਂ ਵਾਰਦਾਤਾਂ ਡੌਮੀਨਿਕਨ ਰਿਪਬਲਿਕ ਵਿਚ ਆਮ ਹਨ।
ਪੁਲਿਸ ਨੇ ਪਾਸਪੋਰਟ ਜ਼ਬਤ ਕਰਦਿਆਂ ਪੁੱਛ-ਪੜਤਾਲ ਕੀਤੀ ਸਖ਼ਤ
ਉਧਰ ਭਾਰਤੀ ਅੰਬੈਸੀ ਨੇ ਕਿਹਾ ਕਿ ਡੌਮੀਨਿਕਨ ਰਿਪਬਲਿਕ ਦੀ ਸਰਕਾਰ ਨੂੰ ਹਰ ਸੰਭਵ ਸਹਿਯੋਗ ਦਿਤਾ ਜਾ ਰਿਹਾ ਹੈ।ਦੱਸ ਦੇਈਏ ਕਿ ਸੁਦੀਕਸ਼ਾ ਕੋਨਾਂਕੀ 3 ਮਾਰਚ ਨੂੰ ਪੰਜ ਜਣਿਆਂ ਨਾਲ ਡੌਮੀਨਿਕਨ ਰਿਪਬਲਿਕ ਪੁੱਜੀ ਸੀ ਅਤੇ 6 ਮਾਰਚ ਦੀ ਸਵੇਰ ਲਾਪਤਾ ਹੋ ਗਈ। ਸੁਦੀਕਸ਼ਾ ਦਾ ਪਰਵਾਰ 2006 ਤੋਂ ਅਮਰੀਕਾ ਵਿਚ ਰਹਿ ਰਿਹਾ ਹੈ ਅਤੇ ਸਾਰੇ ਗਰੀਨ ਕਾਰਡ ਹੋਲਡਰ ਹਨ। ਉਧਰ ਵਰਜੀਨੀਆ ਦੀ ਲਾਊਡਨ ਕਾਊਂਟੀ ਦੇ ਸ਼ੈਰਿਫ ਦਫ਼ਤਰ ਨੇ ਕਿਹਾ ਕਿ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਡੌਮੀਨਿਕਨ ਰਿਪਬਲਿਕ ਦੇ ਉਚ ਅਧਿਕਾਰੀਆਂ ਨਾਲ ਸੰਪਰਕ ਕਾਇਮ ਕੀਤਾ ਗਿਆ ਹੈ ਜਦਕਿ ਅਮਰੀਕਾ ਵਿਚ ਭਾਰਤ ਦੀ ਅੰਬੈਸੀ ਵੱਲੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਆਫ਼ ਪਿਟਜ਼ਰਬਰਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਸੁਦੀਕਸ਼ਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਲਾਊਡਨ ਕਾਊਂਟੀ ਦੇ ਸ਼ੈਰਿਫ ਦਫ਼ਤਰ ਨਾਲ ਸੰਪਰਕ ਕੀਤਾ ਜਾਵੇ। ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਸੁਦੀਕਸ਼ਾ ਦੇ ਪਰਵਾਰਕ ਮੈਂਬਰਾਂ ਨਾਲ ਸੰਪਰਕ ਕਾਇਮ ਕੀਤਾ ਗਿਆ ਹੈ ਅਤੇ ਲਾਊਡਨ ਕਾਊਂਟੀ ਦੇ ਅਧਿਕਾਰੀਆਂ ਤੋਂ ਵੀ ਪਲ ਪਲ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।