America ਵਿਚ Indian ਨੌਜਵਾਨ ਨੂੰ 18 ਸਾਲ ਕੈਦ
ਅਮਰੀਕਾ ਵਿਚ ਬਜ਼ੁਰਗਾਂ ਤੋਂ ਲੱਖਾਂ ਡਾਲਰ ਠੱਗਣ ਵਾਲੇ 23 ਸਾਲ ਦੇ ਭਾਰਤੀ ਨੌਜਵਾਨ ਨੂੰ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ
ਫ਼ਲੋਰੀਡਾ : ਅਮਰੀਕਾ ਵਿਚ ਬਜ਼ੁਰਗਾਂ ਤੋਂ ਲੱਖਾਂ ਡਾਲਰ ਠੱਗਣ ਵਾਲੇ 23 ਸਾਲ ਦੇ ਭਾਰਤੀ ਨੌਜਵਾਨ ਨੂੰ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਫਲੋਰੀਡਾ ਦੇ ਉਤਰੀ ਜ਼ਿਲ੍ਹੇ ਦੇ ਅਟਾਰਨੀ ਦਫ਼ਤਰ ਨੇ ਦੱਸਿਆ ਕਿ ਸਟੱਡੀ ਵੀਜ਼ਾ ’ਤੇ ਅਮਰੀਕਾ ਪੁੱਜਾ ਅਥਰਵ ਸ਼ੈਲੇਸ਼ ਸਾਥਵਨੇ ਇਸ ਵੇਲੇ ਗੈਰਕਾਨੂੰਨੀ ਪ੍ਰਵਾਸੀ ਵਜੋਂ ਰਹਿ ਰਿਹਾ ਸੀ ਅਤੇ ਐਸ਼ਪ੍ਰਸਤੀ ਵਾਲੀ ਜ਼ਿੰਦਗੀ ਬਤੀਤ ਕਰਨ ਲਈ ਬਜ਼ੁਰਗਾਂ ਨੂੰ ਠੱਗਣ ਵਾਲੇ ਗਿਰੋਹ ਦਾ ਹਿੱਸਾ ਬਣ ਗਿਆ। ਠੱਗਾਂ ਦਾ ਗਿਰੋਹ ਬਜ਼ੁਰਗਾਂ ਨੂੰ ਸੇਵਾ ਮੁਕਤੀ ਮੌਕੇ ਮਿਲੀ ਰਕਮ ਸੋਨੇ ਵਿਚ ਤਬਦੀਲ ਕਰਵਾਉਣ ਜਾਂ ਨਕਦ ਰਕਮ ਨਿਵੇਸ਼ ਕਰਨ ’ਤੇ ਮੋਟੇ ਵਿਆਜ ਦਾ ਲਾਲਚ ਦਿੰਦਾ। ਸ਼ੈਲੇਸ਼ ਬਜ਼ੁਰਗਾਂ ਦੇ ਘਰ ਜਾ ਕੇ ਨਕਦ ਰਕਮ ਹਾਸਲ ਕਰਦਾ ਅਤੇ ਗਿਰੋਹ ਦੇ ਪ੍ਰਮੁੱਖ ਮੈਂਬਰਾਂ ਤੱਕ ਪਹੁੰਚਾਉਂਦਾ।
23 ਸਾਲ ਦੇ ਸ਼ੈਲੇਸ਼ ਨੇ ਬਜ਼ੁਰਗਾਂ ਤੋਂ ਠੱਗੇ ਲੱਖਾਂ ਡਾਲਰ
ਇਕ ਬਜ਼ੁਰਗ ਨੂੰ ਸ਼ੱਕ ਪੈਣ ਮਗਰੋਂ ਮਾਮਲੇ ਦੀ ਪੜਤਾਲ ਆਰੰਭ ਹੋ ਗਈ ਅਤੇ ਅੰਡਰਕਵਰ ਅਫ਼ਸਰਾਂ ਨੇ ਸ਼ੈਲੇਸ਼ ਨੂੰ ਰੰਗੇ ਹੱਥੀਂ ਇਕ ਬਜ਼ੁਰਗ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ। ਸ਼ੈਲੇਸ਼ ਦੇ ਮੋਬਾਈਲ ਫੋਨ ਰਾਹੀਂ ਜਾਂਚਕਰਤਾਵਾਂ ਨੂੰ ਸਭ ਕੁਝ ਪਤਾ ਲੱਗ ਗਿਆ। ਉਸ ਨੇ ਬਜ਼ੁਰਗਾਂ ਤੋਂ ਨਕਦ ਰਕਮ ਜਾਂ ਸੋਨਾ ਹਾਸਲ ਕਰਨ ਲਈ ਘੱਟੋ ਘੱਟ 33 ਗੇੜੇ ਲਾਏ। ਆਮ ਤੌਰ ’ਤੇ ਉਹ ਫਲੋਰੀਡਾ ਵਿਚ ਹੀ ਸਰਗਰਮ ਰਹਿੰਦਾ ਪਰ ਕਈ ਮੌਕਿਆਂ ’ਤੇ ਪੈਨਸਿਲਵੇਨੀਆ, ਵਰਜੀਨੀਆ, ਨਿਊ ਜਰਸੀ ਅਤੇ ਨਿਊ ਯਾਰਕ ਦੇ ਗੇੜੇ ਵੀ ਲਾਏ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਠੱਗਾਂ ਦੇ ਗਿਰੋਹ ਨੇ ਬਜ਼ੁਰਗਾਂ ਨੂੰ 10 ਮਿਲੀਅਨ ਡਾਲਰ ਤੋਂ ਵੱਧ ਨੁਕਸਾਨ ਪਹੁੰਚਾਇਆ ਜਿਸ ਵਿਚੋਂ 6.6 ਮਿਲੀਅਨ ਡਾਲਰ ਦੀ ਰਕਮ ਜਾਂ ਸੋਨਾ ਸ਼ੈਲੇਸ਼ ਲੈ ਕੇ ਆਇਆ।
ਸਜ਼ਾ ਮੁਕੰਮਲ ਹੋਣ ਮਗਰੋਂ ਸ਼ੈਲੇਸ਼ ਹੋਵੇਗਾ ਡਿਪੋਰਟ
ਉਸ ਨੇ ਦੋ ਬਜ਼ੁਰਗਾਂ ਕੋਲੋ 13 ਲੱਖ 60 ਹਜ਼ਾਰ ਡਾਲਰ ਦੀ ਰਕਮ ਹਾਸਲ ਕਰਨ ਦਾ ਯਤਨ ਕੀਤਾ ਪਰ ਅਸਫ਼ਲ ਰਿਹਾ। ਸਥਾਨਕ ਅਤੇ ਫ਼ੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲੋਰੀਡਾ ਵਿਚ ਸੇਵਾ ਮੁਕਤ ਲੋਕਾਂ ਦੀ ਵੱਡੀ ਗਿਣਤੀ ਵਿਚ ਮੌਜੂਦਗੀ ਠੱਗਾਂ ਨੂੰ ਸੂਬੇ ਵੱਲ ਖਿੱਚਦੀ ਹੈ। ਇਸ ਮਾਮਲੇ ਦੀ ਪੜਤਾਲ ਵਿਚ ਗੇਨਜ਼ਵਿਲ ਪੁਲਿਸ, ਐਫ਼.ਬੀ.ਆਈ. ਅਤੇ ਆਈ ਆਰ ਐਸ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਫ਼ਸਰ ਸ਼ਾਮਲ ਰਹੇ। ਸ਼ੈਲੇਸ਼ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਜਾਂਚਕਰਤਾਵਾਂ ਨੇ ਕਿਹਾ ਕਿ ਮਸਲਾ ਇਥੇ ਹੀ ਖ਼ਤਮ ਨਹੀਂ ਹੋ ਜਾਂਦਾ ਕਿਉਂਕਿ ਹਾਲੇ ਵੀ ਕਈ ਠੱਗ ਵੱਖ ਵੱਖ ਤਰੀਕਿਆਂ ਨਾਲ ਬਜ਼ੁਰਗਾਂ ਨੂੰ ਠੱਗਣ ਦੇ ਯਤਨ ਕਰ ਰਹੇ ਹਨ। ਦੱਸ ਦੇਈਏ ਕਿ ਸ਼ੈਲੇਸ ਦੀ ਸਜ਼ਾ ਮੁਕੰਮਲ ਹੋਣ ਮਗਰੋਂ ਉਸ ਨੂੰ ਡਿਪੋਰਟ ਕਰ ਦਿਤਾ ਜਾਵੇਗਾ।