ਅਮਰੀਕਾ ਦੇ ਜਹਾਜ਼ ਵਿਚ ਭਾਰਤੀ ਨੌਜਵਾਨ ਨੇ ਪਾਇਆ ਖੌਰੂ
ਅਮਰੀਕਾ ਵਿਚ ਹਵਾਈ ਸਫ਼ਰ ਕਰ ਰਹੇ ਇਕ ਭਾਰਤੀ ਨੌਜਵਾਨ ਨੇ ਖੌਰੂ ਪਾ ਦਿਤਾ ਅਤੇ ਜਹਾਜ਼ ਵਿਚ ਬੈਠੇ ਮੁਸਾਫ਼ਰ ਸੀਟਾਂ ’ਤੇ ਚੜ੍ਹ ਕੇ ਤਮਾਸ਼ਾ ਦੇਖਣ ਲੱਗੇ।
ਨਿਊ ਜਰਸੀ : ਅਮਰੀਕਾ ਵਿਚ ਹਵਾਈ ਸਫ਼ਰ ਕਰ ਰਹੇ ਇਕ ਭਾਰਤੀ ਨੌਜਵਾਨ ਨੇ ਖੌਰੂ ਪਾ ਦਿਤਾ ਅਤੇ ਜਹਾਜ਼ ਵਿਚ ਬੈਠੇ ਮੁਸਾਫ਼ਰ ਸੀਟਾਂ ’ਤੇ ਚੜ੍ਹ ਕੇ ਤਮਾਸ਼ਾ ਦੇਖਣ ਲੱਗੇ। ਭਾਰਤੀ ਨੌਜਵਾਨ ਦੀ ਸ਼ਨਾਖਤ ਨਿਊ ਅਰਕ ਵਿਖੇ ਰਹਿੰਦੇ 21 ਸਾਲ ਦੇ ਈਸ਼ਾਨ ਸ਼ਰਮਾ ਵਜੋਂ ਕੀਤੀ ਗਈ ਹੈ ਜਿਸ ਨੂੰ ਸਾਥੀ ਮੁਸਾਫ਼ਰ ਉਤੇ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਰੰਟੀਅਰ ਏਅਰਲਾਈਨਜ਼ ਦੀ ਫਲਾਈਟ ਫਿਲਾਡਲਫ਼ੀਆ ਤੋਂ ਮਿਆਮੀ ਜਾ ਰਹੀ ਸੀ ਜਦੋਂ ਵਾਰਦਾਤ ਸਾਹਮਣੇ ਆਈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਈਸ਼ਾਨ ਸ਼ਰਮਾ ਅਤੇ ਉਸ ਦਾ ਸਾਥੀ ਮੁਸਾਫ਼ਰ ਲੜਦੇ ਦੇਖੇ ਜਾ ਸਕਦੇ ਹਨ।
ਪਿਛਲੀ ਸੀਟ ’ਤੇ ਬੈਠੇ ਮੁਸਾਫ਼ਰ ਨਾਲ ਹੋਇਆ ਹੱਥੋਪਾਈ
ਮੀਡੀਆ ਨਾਲ ਗੱਲਬਾਤ ਕਰਦਿਆਂ ਹਮਲੇ ਦਾ ਸ਼ਿਕਾਰ ਬਣੇ ਕੀਨੂ ਇਵਾਨਜ਼ ਨੇ ਦੱਸਿਆ ਕਿ ਈਸ਼ਾਨ ਸ਼ਰਮਾ ਉਸ ਤੋਂ ਅੱਗੇ ਵਾਲੀ ਸੀਟ ’ਤੇ ਬੈਠਾ ਸੀ ਅਤੇ ਅਚਨਚੇਤ ਅਜੀਬੋ-ਗਰੀਬ ਹਰਕਤਾਂ ਕਰਨ ਲੱਗਾ। ਕਦੇ ਉਹ ਹੱਸਣਾ ਸ਼ੁਰੂ ਕਰ ਦਿੰਦਾ ਅਤੇ ਕਦੇ ਕਿਸੇ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲਗਦਾ। ਅਜਿਹੀਆਂ ਹਰਕਤਾਂ ਕਰ ਕੇ ਪ੍ਰੇਸ਼ਾਨੀ ਹੋ ਰਹੀ ਸੀ ਅਤੇ ਜਦੋਂ ਉਹ ਨਾ ਰੁਕਿਆ ਤਾਂ ਜਹਾਜ਼ ਦੇ ਅਮਲੇ ਤੋਂ ਮਦਦ ਮੰਗਣ ਲਈ ਬਟਨ ਦੱਬ ਦਿਤਾ। ਕੀਨੂ ਦੇ ਅਜਿਹਾ ਕਰਨ ’ਤੇ ਈਸ਼ਾਨ ਭੜਕ ਉਠਿਆ ਅਤੇ ਹਮਲਾ ਕਰ ਦਿਤਾ। ਮਾਮਲਾ ਇਥੇ ਹੀ ਨਹੀਂ ਰੁਕਿਆ, ਇਵਾਨਜ਼ ਵੀ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਈਸ਼ਾਨ ਸ਼ਰਮਾ ਉਤੇ ਜਵਾਬੀ ਵਾਰ ਕਰਨੇ ਸ਼ੁਰੂ ਕਰ ਦਿਤੇ।
ਮਿਆਮੀ ਹਵਾਈ ਅੱਡੇ ’ਤੇ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਆਲੇ-ਦੁਆਲੇ ਬੈਠੇ ਮੁਸਾਫ਼ਰਾਂ ਨੇ ਝਗੜਾ ਬੰਦ ਕਰਵਾਉਣ ਦਾ ਯਤਨ ਕੀਤਾ ਅਤੇ ਆਖਰਕਾਰ ਦੋਹਾਂ ਨੂੰ ਇਕ-ਦੂਜੇ ਤੋਂ ਦੂਰ ਕਰਨ ਵਿਚ ਸਫ਼ਲ ਹੋ ਗਏ। ਕੁਝ ਤਸਵੀਰਾਂ ਵਿਚ ਈਸ਼ਾਨ ਸ਼ਰਮਾ ਦੇ ਚਿਹਰੇ ਉਤੇ ਵੀ ਜ਼ਖਮਾਂ ਦੇ ਨਿਸ਼ਾਨ ਨਜ਼ਰ ਆਏ ਜੋ ਸੰਭਾਵਤ ਤੌਰ ’ਤੇ ਇਵਾਨਜ਼ ਦੇ ਜਵਾਬੀ ਹਮਲੇ ਦਾ ਨਤੀਜਾ ਸਨ। ਇਸੇ ਦੌਰਾਨ ਮਿਆਮੀ ਹਵਾਈ ਅੱਡੇ ’ਤੇ ਈਸ਼ਾਨ ਸ਼ਰਮਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਉਧਰ ਅਦਾਲਤ ਵਿਚ ਪੇਸ਼ੀ ਦੌਰਾਨ ਈਸ਼ਾਨ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਸ ਦਾ ਮੁਵੱਕਲ ਮੈਡੀਟੇਸ਼ਨ ਕਰ ਰਿਹਾ ਸੀ ਪਰ ਉਸ ਦੇ ਪਿੱਛੇ ਬੈਠੇ ਇਵਾਨਜ਼ ਨੇ ਗਲਤ ਸਮਝ ਲਿਆ। ਅਦਾਲਤ ਨੇ ਈਸ਼ਾਨ ਸ਼ਰਮਾ ਨੂੰ 500 ਡਾਲਰ ਜੁਰਮਾਨਾ ਕੀਤਾ ਗਿਆ ਹੈ ਅਤੇ ਇਵਾਨਜ਼ ਨਾਲ ਕੋਈ ਸੰਪਰਕ ਨਾ ਕਰਨ ਜਾਂ ਉਸ ਦੇ ਘਰ ਨੇੜੇ ਜਾਣ ਤੋਂ ਸਖ਼ਤੀ ਨਾਲ ਵਰਜਿਆ ਗਿਆ ਹੈ।