ਅਮਰੀਕਾ ਵਿਚ ਭਾਰਤੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ
ਭਾਰਤੀ ਨੌਜਵਾਨ ਦੀ ਭੇਤਭਰੇ ਹਾਲਾਤ ਵਿਚ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ ਜਦਕਿ ਸਕਾਟਲੈਂਡ ਵਿਖੇ 6 ਦਸੰਬਰ ਤੋਂ ਲਾਪਤਾ ਭਾਰਤੀ ਵਿਦਿਆਰਥਣ ਦੀ ਲਾਸ਼ ਇਕ ਨਦੀ ਵਿਚੋਂ ਬਰਾਮਦ ਕੀਤੀ ਗਈ।;
ਨਿਊ ਯਾਰਕ : ਅਮਰੀਕਾ ਵਿਚ ਭਾਰਤੀ ਨੌਜਵਾਨ ਦੀ ਭੇਤਭਰੇ ਹਾਲਾਤ ਵਿਚ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ ਜਦਕਿ ਸਕਾਟਲੈਂਡ ਵਿਖੇ 6 ਦਸੰਬਰ ਤੋਂ ਲਾਪਤਾ ਭਾਰਤੀ ਵਿਦਿਆਰਥਣ ਦੀ ਲਾਸ਼ ਇਕ ਨਦੀ ਵਿਚੋਂ ਬਰਾਮਦ ਕੀਤੀ ਗਈ। ਮਾਪਿਆਂ ਨੇ 38 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਮਨੀਸ਼ ਨੂੰ ਡੇਢ ਸਾਲ ਪਹਿਲਾਂ ਅਮਰੀਕਾ ਭੇਜਿਆ ਅਤੇ ਹੁਣ ਉਸ ਦੀ ਦੇਹ ਭਾਰਤ ਲਿਆਉਣ ਲਈ ਫਰਿਆਦ ਕਰ ਰਹੇ ਹਨ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿਚ ਪੈਂਦੇ ਪਿੰਡ ਕੁੰਜਪੁਰਾ ਨਾਲ ਸਬੰਧਤ 27 ਸਾਲ ਦਾ ਮਨੀਸ਼ ਡੌਂਕੀ ਲਾ ਕੇ ਅਮਰੀਕਾ ਪੁੱਜਾ ਅਤੇ ਮਾਪਿਆਂ ਵੱਲੋਂ ਲਿਆਂ ਲੱਖਾਂ ਰੁਪਏ ਦਾ ਕਰਜ਼ਾ ਉਤਾਰਨ ਲਈ ਦਿਨ-ਰਾਤ ਕਰੜੀ ਮਿਹਨਤ ਕਰਨ ਲੱਗਾ।
ਨਿਊ ਯਾਰਕ ਇਲਾਕੇ ਵਿਚ 27 ਸਾਲ ਦੇ ਮਨੀਸ਼ ਨੇ ਤੋੜਿਆ ਦਮ
ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਅਤੇ ਭਾਣਾ ਵਰਤਣ ਤੋਂ ਇਕ ਦਿਨ ਪਹਿਲਾਂ ਮਨੀਸ਼ ਨੇ ਪਰਵਾਰ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ। ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਮਨੀਸ਼ ਪੂਰੀ ਤਰ੍ਹਾਂ ਸਿਹਤਮੰਦ ਸੀ ਪਰ ਉਸ ਦੇ ਸਾਥੀਆਂ ਨੇ ਫੋਨ ਕਰ ਕੇ ਦੱਸਿਆ ਕਿ ਅਚਾਨਕ ਦਿਲ ਦਾ ਦੌਰਾ ਪੈਣ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ। ਪਰਵਾਰ ਵੱਲੋਂ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਮਨੀਸ਼ ਦੀ ਦੇਹ ਭਾਰਤ ਲਿਆਉਣ ਵਿਚ ਮਦਦ ਕੀਤੀ ਜਾਵੇ। ਇਸੇ ਦੌਰਾਨ ਨਿਊ ਯਾਰਕ ਦੇ ਫਲੋਰਲ ਪਾਰਕ ਇਲਾਕੇ ਨਾਲ ਸਬੰਧਤ ਸੌਰਭ ਵੱਲੋਂ ਮਨੀਸ਼ ਦੀ ਦੇਹ ਭਾਰਤ ਭੇਜਣ ਦੇ ਪ੍ਰਬੰਧਾਂ ਤਹਿਤ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਦੂਜੇ ਪਾਸੇ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਦੀ ਇਕ ਯੂਨੀਵਰਸਿਟੀ ਵਿਚ ਪੜ੍ਹ ਰਹੀ 22 ਸਾਲਾ ਸੈਂਟਰਾ ਸਾਜੂ 6 ਦਸੰਬਰ ਨੂੰ ਅਚਾਨਕ ਲਾਪਤਾ ਹੋ ਗਈ ਜਿਸ ਦੀ ਲਾਸ਼ ਨਿਊਬ੍ਰਿਜ ਇਲਾਕੇ ਵਿਚ ਇਕ ਨਦੀ ਵਿਚੋਂ ਬਰਾਮਦ ਕੀਤੀ ਗਈ ਹੈ।
ਸਕੌਟਲੈਂਡ ਵਿਖੇ ਨਦੀ ਵਿਚੋਂ ਮਿਲੀ ਲਾਪਤਾ ਭਾਰਤੀ ਵਿਦਿਆਰਥਣ ਦੀ ਲਾਸ਼
ਪੁਲਿਸ ਮੁਤਾਬਕ ਸੈਂਟਰਾ ਸਾਜੂ ਨੂੰ ਆਖਰੀ ਵਾਰ ਲਿਵਿੰਗਸਟਨ ਦੇ ਐਲਮੰਡਵੇਲ ਇਲਾਕੇ ਦੀ ਅਸਦਾ ਸੁਪਰਮਾਰਕਿਟ ਵਿਚ ਦੇਖਿਆ ਗਿਆ। ਉਸ ਦਾ ਹੁਲੀਆ ਜਾਰੀ ਕਰਦਿਆਂ ਇੰਸਪੈਕਟਰ ਐਲੀਸਨ ਲੌਰੀ ਨੇ ਕਿਹਾ ਸੀ ਕਿ ਆਖਰੀ ਵਾਰ ਦੇਖੇ ਜਾਣ ਵੇਲੇ ਸਾਜੂ ਦੇ ਹੱਥ ਵਿਚ ਇਕ ਕਾਲਾ ਅਤੇ ਸਫੈਦ ਰੰਗ ਦਾ ਸੌਪਿੰਗ ਬੈਗ ਸੀ ਜਦਕਿ ਉਸ ਨੇ ਫਰ ਵਾਲੀ ਕਾਲੀ ਜੈਕਟ ਪਹਿਨੀ ਹੋਈ ਸੀ ਅਤੇ ਕਾਲੇ ਰੰਗ ਦਾ ਹੀ ਫੇਸਮਾਸਕ ਲਾਇਆ ਹੋਇਆ ਸੀ। ਭਾਰਤੀ ਵਿਦਿਆਰਥਣ ਵੱਲੋਂ ਚੁੱਕਿਆ ਬੈਗ ਵਿਲੱਖਣ ਕਿਸਮ ਦਾ ਸੀ ਜਿਸ ਦੇ ਮੱਦੇਨਜ਼ਰ ਉਸ ਨੂੰ ਦੇਖਣ ਵਾਲੇ ਸੈਂਟਰਾ ਦੀ ਮੌਜੂਦਗੀ ਵਾਲੇ ਇਲਾਕੇ ਬਾਰੇ ਜਾਣਕਾਰੀ ਦੇ ਸਕਣਗੇ। ਲੋਕਾਂ ਦੀ ਮਦਦ ਨਾਲ ਹਰ ਪਾਸੇ ਸੈਂਟਰਾ ਦੀ ਭਾਲ ਕਰ ਰਹੀ ਪੁਲਿਸ ਨੂੰ ਉਸ ਦੀ ਲਾਸ਼ ਹੀ ਬਰਾਮਦ ਹੋ ਸਕੀ।