ਅਮਰੀਕਾ ਵਿਚ ਭਾਰਤੀ ਨੌਜਵਾਨ ਦੀ ਭੇਤਭਰੇ ਹਾਲਾਤ ਵਿਚ ਮੌਤ
ਅਮਰੀਕਾ ਦੀ ਨਾਮੀ ਆਰਟੀਫ਼ਿਸ਼ੀਅਲ ਇੰਟਲੀਜੈਂਸ ਕੰਪਨੀ ’ਤੇ ਗੰਭੀਰ ਦੋਸ਼ ਲਾਉਣ ਵਾਲੇ ਭਾਰਤੀ ਨੌਜਵਾਨ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ।
ਸੈਨ ਫਰਾਂਸਿਸਕੋ : ਅਮਰੀਕਾ ਦੀ ਨਾਮੀ ਆਰਟੀਫ਼ਿਸ਼ੀਅਲ ਇੰਟਲੀਜੈਂਸ ਕੰਪਨੀ ’ਤੇ ਗੰਭੀਰ ਦੋਸ਼ ਲਾਉਣ ਵਾਲੇ ਭਾਰਤੀ ਨੌਜਵਾਨ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। 26 ਸਾਲ ਦੇ ਸੁਚਿਰ ਬਾਲਾਜੀ ਦੀ ਲਾਸ਼ 26 ਨਵੰਬਰ ਨੂੰ ਸੈਨ ਫਰਾਂਸਿਸਕੋ ਦੇ ਇਕ ਅਪਾਰਟਮੈਂਟ ਵਿਚੋਂ ਮਿਲੀ ਪਰ ਪੁਲਿਸ ਵੱਲੋਂ ਸਾਰੀ ਤਹਿਕੀਕਾਤ ਕਰਨ ਤੋਂ ਬਾਅਦ ਹੀ ਮਾਮਲਾ ਜਨਤਕ ਕੀਤਾ ਗਿਆ ਹੈ। ਮੈਡੀਕਲ ਐਗਜ਼ਾਮੀਨਰ ਨੂੰ ਸੁਚਿਰ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਨਜ਼ਰ ਨਹੀਂ ਆਉਂਦੀ ਅਤੇ ਖੁਦਕੁਸ਼ੀ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਨਵੰਬਰ 2020 ਤੋਂ ਅਗਸਤ 2024 ਤੱਕ ‘ਓਪਨ ਏ.ਆਈ.’ ਵਾਸਤੇ ਕੰਮ ਕਰਨ ਵਾਲਾ ਸੁਚਿਰ ਬਾਲਾਜੀ ਉਸ ਵੇਲੇ ਚਰਚਾ ਵਿਚ ਆਇਆ ਜਦੋਂ ਉਸ ਨੇ ਆਪਣੀ ਕੰਪਨੀ ਬਾਰੇ ਕਈ ਹੈਰਾਨਕੁੰਨ ਖੁਲਾਸੇ ਕਰ ਦਿਤੇ। ਨਿਊ ਯਾਰਕ ਟਾਈਮਜ਼ ਨਾਲ ਇਕ ਇੰਟਰਵਿਊ ਦੌਰਾਨ ਸੁਚਿਰ ਨੇ ਕਿਹਾ ਸੀ ਕਿ ਓਪਨ ਏ.ਆਈ. ਦਾ ਬਿਜ਼ਨਸ ਮਾਡਲ ਸਟੇਬਲ ਨਹੀਂ ਅਤੇ ਇੰਟਰਨੈਟ ਇਕੋਸਿਸਟਮ ਵਾਸਤੇ ਬੇਹੱਦ ਨੁਕਸਾਨਦੇਹ ਹੈ।
ਸੈਨ ਫ਼ਰਾਂਸਿਸਕੋ ਦੇ ਅਪਾਰਟਮੈਂਟ ’ਚੋਂ ਮਿਲੀ 26 ਸਾਲ ਦੇ ਸੁਚਿਰ ਬਾਲਾਜੀ ਦੀ ਲਾਸ਼
ਸੁਚਿਰ ਨੇ ਦੋਸ਼ ਲਾਇਆ ਕਿ ਕੰਪਨੀ ਨੇ ਆਪਣਾ ਪ੍ਰੋਗਰਾਮ ਡੈਵਲਪ ਕਰਨ ਲਈ ਆਨਲਾਈਨ ਡਾਟਾ ਦੀ ਨਕਲ ਕੀਤੀ ਅਤੇ ਅਮਰੀਕਾ ਵਿਚ ਕਾਪੀਰਾਈਟ ਨਿਯਮਾਂ ਦੀ ਉਲੰਘਣਾ ਹੋਈ। ਉਨ੍ਹਾਂ ਨੇ ਲੋਕਾਂ ਨੂੰ ਜਲਦ ਤੋਂ ਜਲਦ ਕੰਪਨੀ ਛੱਡਣ ਦਾ ਸੱਦਾ ਵੀ ਦਿਤਾ। ਇਥੇ ਦਸਣਾ ਬਣਦਾ ਹੈ ਕਿ ਸੁਚਿਰ ਬਾਲਾਜੀ ਨੇ ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਤੋਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ ਅਤੇ ਓਪਨ ਏ.ਆਈ. ਵਿਚ ਇੰਟਰਨਸ਼ਿਪ ਕਰਨ ਲੱਗਾ। ਬਾਲਾਜੀ ਨੇ 2022 ਦੇ ਸ਼ੁਰੂ ਵਿਚ ਜੀ.ਪੀ.ਟੀ.-4 ਨਾਂ ਦੇ ਇਕ ਨਵੇਂ ਪ੍ਰੋਗਰਾਮ ਵਾਸਤੇ ਡਾਟਾ ਇਕੱਠਾ ਕਰਨਾ ਸ਼ੁਰੂ ਕੀਤਾ ਪਰ ਕੁਝ ਹੀ ਮਹੀਨੇ ਵਿਚ ਪਤਾ ਲੱਗਾ ਕਿ ਕੰਪਨੀ ਆਪਣਾ ਪ੍ਰੋਗਰਾਮ ਤਿਆਰ ਕਰਨ ਲਈ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ। ਇਹ ਕੰਪਨੀ 2015 ਵਿਚ ਈਲੌਨ ਮਸਕ ਅਤੇ ਅਲਟਮੈਨ ਨੇ ਰਲ ਕੇ ਬਣਾਈ ਸੀ ਜੋ ਚੈਟ ਜੀ.ਪੀ.ਟੀ. ਵਰਗੀਆਂ ਸੇਵਾਵਾਂ ਮੁਹੱਈਆ ਕਰਦੀ ਹੈ।
ਅਮਰੀਕਾ ਦੀ ਨਾਮੀ ਕੰਪਨੀ ਵਿਰੁੱਧ ਲਾਏ ਸਨ ਗੰਭੀਰ ਦੋਸ਼
ਮਸਕ ਨੇ 2018 ਵਿਚ ਕੰਪਨੀ ਦੇ ਬੋਰਡ ਤੋਂ ਅਸਤੀਫ਼ਾ ਦੇ ਦਿਤਾ ਅਤੇ ਬਾਅਦ ਵਿਚ ਕੰਪਨੀ ਵਿਰੁੱਧ ਮੁਕੱਦਮਾ ਵੀ ਦਾਇਰ ਕਰ ਦਿਤਾ। ਮਸਕ ਨੇ ਦੋਸ਼ ਲਾਇਆ ਕਿ ਅਲਟਮੈਨ ਵੱਲੋਂ ਸਿਰਫ ਮੁਨਾਫ਼ਾ ਕਮਾਉਣ ਵੱਲ ਧਿਆਨ ਕੇਂਦਰਤ ਕੀਤੇ ਜਾਣ ਕਰ ਕੇ ਸਮਝੌਤਾ ਟੁੱਟ ਗਿਆ। ਮਸਕ ਵੱਲੋਂ ਸੁਚਿਰ ਬਾਲਾਜੀ ਦੀ ਭੇਤਭਰੇ ਹਾਲਾਤ ਵਿਚ ਮੌਤ ’ਤੇ ਰਿਐਕਸ਼ਨ ਵੀ ਦਿਤਾ ਗਿਆ ਹੈ। ਇਸੇ ਦੌਰਾਨ ਸੁਚਿਰ ਬਾਲਾਜੀ ਦੀ ਮਾਂ ਵੱਲੋਂ ਪ੍ਰਾਈਵੇਸੀ ਗੁਜ਼ਾਰਿਸ਼ ਕੀਤੀ ਗਈ ਹੈ ਜਿਸ ਦੇ ਮੱਦੇਨਜ਼ਰ ਫਿਲਹਾਲ ਬਹੁਤ ਜਾਣਕਾਰੀ ਉਭਰ ਕੇ ਸਾਹਮਣੇ ਨਹੀਂ ਆ ਸਕੀ।