America ’ਚ 3,500 ਡਾਲਰ ਪਿੱਛੇ Indian ਮੁਟਿਆਰ ਦਾ ਕਤਲ

ਅਮਰੀਕਾ ਵਿਚ 3,500 ਡਾਲਰ ਦੀ ਰਕਮ ਨੇ ਭਾਰਤੀ ਮੁਟਿਆਰ ਦਾ ਕਤਲ ਕਰਵਾ ਦਿਤਾ ਅਤੇ ਫ਼ਰਾਰ ਹੋ ਕੇ ਚੰਡੀਗੜ੍ਹ ਪੁੱਜਾ ਕਾਤਲ ਅਸਲ ਵਿਚ ਉਸ ਦਾ ਸਾਬਕਾ ਪ੍ਰੇਮੀ ਨਹੀਂ ਬਲਕਿ ਰੂਮਮੇਟ ਸੀ

Update: 2026-01-06 13:45 GMT

ਚੰਡੀਗੜ੍ਹ : ਅਮਰੀਕਾ ਵਿਚ 3,500 ਡਾਲਰ ਦੀ ਰਕਮ ਨੇ ਭਾਰਤੀ ਮੁਟਿਆਰ ਦਾ ਕਤਲ ਕਰਵਾ ਦਿਤਾ ਅਤੇ ਫ਼ਰਾਰ ਹੋ ਕੇ ਚੰਡੀਗੜ੍ਹ ਪੁੱਜਾ ਕਾਤਲ ਅਸਲ ਵਿਚ ਉਸ ਦਾ ਸਾਬਕਾ ਪ੍ਰੇਮੀ ਨਹੀਂ ਬਲਕਿ ਰੂਮਮੇਟ ਸੀ। ਇਹ ਖੁਲਾਸਾ ਨਿਕਿਤਾ ਦੇ ਪਿਤਾ ਆਨੰਦ ਗੋਦੀਸ਼ਾਲਾ ਅਤੇ ਕਜ਼ਨ ਸਰਸਵਤੀ ਨੇ ਕੀਤਾ ਹੈ। ਨਿਕਿਤਾ ਦੇ ਕਥਿਤ ਕਾਤਲ ਅਰਜੁਨ ਸ਼ਰਮਾ ਦਾ ਚੰਡੀਗੜ੍ਹ ਵਾਲਾ ਪਤਾ ਫ਼ਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਉਸ ਤੋਂ ਪੁੱਛ ਪੜਤਾਲ ਕਰ ਸਕਦੀ ਹੈ। ਆਨੰਦ ਗੋਦੀਸ਼ਾਲਾ ਨੇ ਦੱਸਿਆ ਕਿ ਨਿਕਿਤਾ ਅਤੇ ਉਸ ਦੇ ਸਾਥੀਆਂ ਨੇ ਇਕ ਮਕਾਨ ਸਾਂਝੇ ਤੌਰ ’ਤੇ ਕਿਰਾਏ ’ਤੇ ਲਿਆ ਅਤੇ ਅਰਜੁਨ ਸ਼ਰਮਾ ਨਾਲ ਸਿੱਧੇ ਤੌਰ ’ਤੇ ਉਸ ਦਾ ਕੋਈ ਵਾਹ ਵਾਸਤਾ ਨਹੀਂ ਸੀ।

ਨਿਕਿਤਾ ਦੇ ਪਿਤਾ ਨੇ ਮੀਡੀਆ ਸਾਹਮਣੇ ਕੀਤੇ ਵੱਡੇ ਖੁਲਾਸੇ

ਉਨ੍ਹਾਂ ਅੱਗੇ ਕਿਹਾ ਕਿ ਨਿਕਿਤਾ ਦੇ ਦੋਸਤਾਂ ਤੋਂ ਪਤਾ ਲੱਗਾ ਹੈ ਕਿ ਅਰਜੁਨ ਸ਼ਰਮਾ ਨੇ ਨਿਕਿਤਾ ਤੋਂ ਹਜ਼ਾਰਾਂ ਡਾਲਰ ਉਧਾਰ ਲਏ ਅਤੇ ਜਦੋਂ ਉਸ ਨੇ ਆਪਣੀ ਰਕਮ ਵਾਪਸ ਮੰਗੀ ਤਾਂ ਝਗੜਾ ਸ਼ੁਰੂ ਕਰ ਦਿਤਾ। ਨਿਕਿਤਾ ਦੇ ਮਾਪਿਆਂ ਨੇ ਕੇਂਦਰ ਸਰਕਾਰ ਅਤੇ ਤੇਲੰਗਾਨਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਬੇਟੀ ਦੀ ਦੇਹ ਭਾਰਤ ਲਿਆਉਣ ਵਿਚ ਮਦਦ ਕੀਤੀ ਜਾਵੇ। ਦੂਜੇ ਪਾਸੇ ਨਿਕਿਤਾ ਦੀ ਚਚੇਰੀ ਭੈਣ ਸਰਸਵਤੀ ਗੋਦੀਸ਼ਾਲਾ ਨੇ ਦੱਸਿਆ ਕਿ ਅਰਜੁਨ ਸ਼ਰਮਾ ਨੇ ਬਗੈਰ ਇਜਾਜ਼ਤ ਨਿਕਿਤਾ ਦੇ ਬੈਂਕ ਖਾਤੇ ਵਿਚੋਂ 3,500 ਡਾਲਰ ਦੀ ਰਕਮ ਕਢਵਾਈ। ਇਸ ਮਗਰੋਂ ਉਹ ਹੱਥ ’ਤੇ ਸੱਟ ਵੱਜਣ ਦਾ ਬਹਾਨਾ ਬਣਾ ਕੇ ਭਾਰਤ ਆ ਗਿਆ ਪਰ ਕੋਈ ਨਹੀਂ ਸੀ ਜਾਣਦਾ ਕਿ ਉਸ ਨੇ ਨਿਕਿਤਾ ਦਾ ਕਤਲ ਕਰ ਦਿਤਾ। ਸਰਸਵਤੀ ਨੇ ਦਾਅਵਾ ਕੀਤਾ ਕਿ ਅਰਜੁਨ ਨੇ ਨਿਕਿਤਾ ਦਾ ਆਰਥਿਕ ਸ਼ੋਸ਼ਣ ਕੀਤਾ ਅਤੇ ਕਿਸੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਸਦਾ ਵਾਸਤੇ ਉਸ ਦੀ ਜ਼ੁਬਾਨ ਬੰਦ ਕਰ ਦਿਤੀ। ਆਨੰਦ ਗੋਦੀਸ਼ਾਲਾ ਅਤੇ ਸਰਸਵਤੀ ਨੇ ਅਮਰੀਕਾ ਸਥਿਤ ਭਾਰਤੀ ਅੰਬੈਸੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪਰਵਾਰ ਇਨਸਾਫ਼ ਦਿਵਾਇਆ ਜਾਵੇ।

ਅਰਜੁਨ ਸ਼ਰਮਾ ਸਾਬਕਾ ਪ੍ਰੇਮੀ ਨਹੀਂ, ਸਿਰਫ਼ ਰੂਮਮੇਟ ਸੀ : ਆਨੰਦ ਗੋਦੀਸ਼ਾਲਾ

ਇਥੇ ਦਸਣਾ ਬਣਦਾ ਹੈ ਕਿ ਅਰਜੁਨ ਸ਼ਰਮਾ ਨੇ ਹੀ ਨਿਕਿਤਾ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾਈ ਜਿਸ ਨੂੰ ਆਖਰੀ ਵਾਰ 31 ਦਸੰਬਰ ਦੀ ਸ਼ਾਮ ਦੇਖਿਆ ਗਿਆ। ਮੈਰੀਲੈਂਡ ਸੂਬੇ ਦੇ ਕੋਲੰਬੀਆ ਸ਼ਹਿਰ ਵਿਚ ਵਾਪਰੀ ਵਾਰਦਾਤ ਦੀ ਪੜਤਾਲ ਕਰ ਰਹੀ ਹਾਵਰਡ ਕਾਊਂਟੀ ਪੁਲਿਸ ਮੁਤਾਬਕ 3 ਜਨਵਰੀ ਨੂੰ ਨਿਕਿਤਾ ਦੀ ਲਾਸ਼ ਉਸ ਦੇ ਅਪਾਰਟਮੈਂਟ ਵਿਚੋਂ ਬਰਾਮਦ ਹੋਈ ਅਤੇ ਜਦੋਂ ਪੁਲਿਸ ਨੇ ਮੁੜ ਅਰਜੁਨ ਸ਼ਰਮਾ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਉਹ ਭਾਰਤ ਫ਼ਰਾਰ ਹੋ ਚੁੱਕਾ ਸੀ। ਜਾਂਚਕਰਤਾਵਾਂ ਨੇ ਦੱਸਿਆ ਕਿ ਅਰਜੁਨ ਸ਼ਰਮਾ ਨੂੰ ਭਾਰਤ ਤੋਂ ਅਮਰੀਕਾ ਲਿਆਉਣ ਲਈ ਫ਼ੈਡਰਲ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ। ਨਿਕਿਤਾ ਗੋਦੀਸ਼ਾਲਾ ਇਕ ਹੈਲਥਕੇਅਰ ਪ੍ਰੋਫ਼ੈਸ਼ਨਲ ਸੀ ਅਤੇ ਪਿਛਲੇ ਸਾਲ ਫ਼ਰਵਰੀ ਵਿਚ ਉਸ ਨੇ ਕੋਲੰਬੀਆ ਦੀ ਵੇਦਾ ਹੈਲਥ ਵਿਚ ਵਿਸ਼ਲੇਸ਼ਕ ਵਜੋਂ ਕੰਮ ਸ਼ੁਰੂ ਕੀਤਾ। ਅਮਰੀਕਾ ਵਿਚ ਨਿਕਿਤਾ ਅਤੇ ਅਰਜੁਨ ਸ਼ਰਮਾ ਇਕ-ਦੂਜੇ ਸੰਪਰਕ ਵਿਚ ਕਿਵੇਂ ਆਏ, ਇਸ ਬਾਰੇ ਵੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।

Tags:    

Similar News