‘ਅਮਰੀਕਾ ’ਚ ਭਾਰਤੀ ਔਰਤ ਵੱਲੋਂ ਆਪਣੀ ਹੀ ਬੇਟੀ ਦਾ ਕਤਲ’

ਅਮਰੀਕਾ ਵਿਚ ਇਕ ਸਿਰਫਿਰੀ ਭਾਰਤੀ ਔਰਤ ਨੇ ਆਪਣੀ ਹੀ ਬੇਟੀ ਦਾ ਕਥਿਤ ਤੌਰ ’ਤੇ ਕਤਲ ਕਰ ਦਿਤਾ ਅਤੇ ਦਾਅਵਾ ਕਰਨ ਲੱਗੀ ਕਿ ਚਾਰ ਸਾਲਾ ਆਰੀਆ ਦੀ ਮੌਤ ਡੁੱਬਣ ਕਾਰਨ ਹੋਈ।

Update: 2025-07-04 12:18 GMT

ਮਿਆਮੀ : ਅਮਰੀਕਾ ਵਿਚ ਇਕ ਸਿਰਫਿਰੀ ਭਾਰਤੀ ਔਰਤ ਨੇ ਆਪਣੀ ਹੀ ਬੇਟੀ ਦਾ ਕਥਿਤ ਤੌਰ ’ਤੇ ਕਤਲ ਕਰ ਦਿਤਾ ਅਤੇ ਦਾਅਵਾ ਕਰਨ ਲੱਗੀ ਕਿ ਚਾਰ ਸਾਲਾ ਆਰੀਆ ਦੀ ਮੌਤ ਡੁੱਬਣ ਕਾਰਨ ਹੋਈ। ਓਕਲਾਹੋਮਾ ਸੂਬੇ ਦੇ ਐਡਮੰਡ ਸ਼ਹਿਰ ਨਾਲ ਸਬੰਧਤ ਡਾ. ਨੇਹਾ ਗੁਪਤਾ ਆਪਣੀ ਬੇਟੀ ਨਾਲ ਛੁੱਟੀਆਂ ਮਨਾਉਣ ਫਲੋਰੀਡਾ ਗਈ ਜਿਥੇ ਕਿਰਾਏ ’ਤੇ ਲਏ ਮਕਾਨ ਦੇ ਪਿਛਲੇ ਹਿੱਸੇ ਵਿਚ ਬਣੇ ਸਵਿਮਿੰਗ ਪੂਲ ਵਿਚ ਆਰੀਆ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਪਰ ਪੁਲਿਸ ਦਾ ਕਹਿਣਾ ਹੈ ਕਿ ਬੱਚੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਸਵਿਮਿੰਗ ਪੂਲ ਵਿਚ ਸੁੱਟਿਆ ਗਿਆ। ਪੁਲਿਸ ਨੇ 36 ਸਾਲ ਦੀ ਡਾ. ਨੇਹਾ ਗੁਪਤਾ ਨੂੰ ਗ੍ਰਿਫ਼ਤਾਰ ਕਰਦਿਆਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿਤੇ।

ਓਕਲਾਹੋਮਾ ਸੂਬੇ ਵਿਚ ਗ੍ਰਿਫ਼ਤਾਰ ਹੋਈ ਡਾ. ਨੇਹਾ ਗੁਪਤਾ

ਨੇਹਾ ਗੁਪਤਾ ਨੇ ਪੁਲਿਸ ਨੂੰ ਸੁਣਾਈ ਕਹਾਣੀ ਵਿਚ ਦੱਸਿਆ ਕਿ ਵੱਡੇ ਖੜਕੇ ਦੀ ਆਵਾਜ਼ ਸੁਣ ਕੇ ਉਹ ਉਠੀ ਤਾਂ ਆਰੀਆ ਕਮਰੇ ਵਿਚ ਮੌਜੂਦ ਨਹੀਂ ਸੀ। ਜਦੋਂ ਉਸ ਦੀ ਭਾਲ ਕੀਤੀ ਤਾਂ ਉਹ ਸਵਿਮਿੰਗ ਪੂਲ ਵਿਚ ਮਿਲੀ। ਆਰੀਆ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰੀ ਮੁਆਇਨੇ ਦੌਰਾਨ ਆਰੀਆ ਦੇ ਮੂੰਹ ਵਿਚ ਜ਼ਖਮ ਨਜ਼ਰ ਆਏ ਅਤੇ ਉਸ ਦੇ ਫੇਫੜਿਆਂ ਵਿਚ ਪਾਣੀ ਨਹੀਂ ਸੀ ਜਿਸ ਮਗਰੋਂ ਡਾ. ਨੇਹਾ ਗੁਪਤਾ ਦਾ ਦਾਅਵਾ ਝੂਠ ਸਾਬਤ ਹੋ ਗਿਆ ਕਿ ਆਰੀਆ ਦੀ ਮੌਤ ਡੁੱਬਣ ਕਾਰਨ ਹੋਈ। ਪੁਲਿਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਫਰੋਲੀ ਗਈ ਤਾਂ ਸਪੱਸ਼ਟ ਹੋ ਗਿਆ ਕਿ ਨੇਹਾ ਗੁਪਤਾ ਨੇ ਆਰੀਆ ਦੇ ਪਾਣੀ ਵਿਚ ਡੁੱਬਣ ਦਾ ਕਥਿਤ ਡਰਾਮਾ ਕੀਤਾ। ਫਿਲਹਾਲ ਨੇਹਾ ਗੁਪਤਾ ਨੂੰ ਓਕਲਾਹੋਮਾ ਕਾਊਂਟੀ ਡਿਟੈਨਸ਼ਨ ਸੈਂਟਰ ਵਿਚ ਰੱਖਿਆ ਗਿਆ ਹੈ ਅਤੇ ਜਲਦ ਹੀ ਮੁਕੱਦਮੇ ਦਾ ਸਾਹਮਣਾ ਕਰਨ ਲਈ ਫਲੋਰੀਡਾ ਭੇਜਿਆ ਜਾਵੇਗਾ। ਸਾਰੇ ਘਟਨਾਕ੍ਰਮ ਦੌਰਾਨ ਆਰੀਆ ਦੀ ਹੱਤਿਆ ਦੇ ਮਕਸਦ ਬਾਰੇ ਸਾਫ਼ ਤੌਰ ’ਤੇ ਕੋਈ ਤੱਥ ਸਾਹਮਣੇ ਨਹੀਂ ਆ ਸਕਿਆ। ਉਧਰ ਡਾ. ਨੇਹਾ ਗੁਪਤਾ ਦੇ ਵਕੀਲ ਰਿਚਰਡ ਕੂਪਰ ਨੇ ਕਿਹਾ ਕਿ ਪੁਲਿਸ ਖੁਦ ਬ ਖੁਦ ਹੀ ਨਤੀਜੇ ’ਤੇ ਪੁੱਜ ਗਈ ਜਿਸ ਦੇ ਸਿੱਟੇ ਵਜੋਂ ਆਪਣੀ ਬੇਟੀ ਨੂੰ ਗਵਾਉਣ ਵਾਲੀ ਮਾਂ ਜੇਲ ਵਿਚ ਬੈਠੀ ਹੈ। ਉਨ੍ਹਾਂ ਕਿਹਾ ਕਿ ਅਸਲੀਅਤ ਸਾਹਮਣੇ ਲਿਆਉਣ ਲਈ ਮਾਮਲੇ ਦੀ ਤਹਿ ਤੱਕ ਜਾਣਾ ਹੋਵੇਗਾ।

4 ਸਾਲ ਦੀ ਆਰੀਆ ਨੇ ਫਲੋਰੀਡਾ ਵਿਚ ਲਏ ਆਖਰੀ ਸਾਹ

ਇਥੇ ਦਸਣਾ ਬਣਦਾ ਹੈ ਕਿ ਡਾ. ਨੇਹਾ ਗੁਪਤਾ ਨੂੰ ਤਕਰੀਬਨ ਇਕ ਮਹੀਨਾ ਪਹਿਲਾਂ ਓਕਲਾਹੋਮਾ ਯੂਨੀਵਰਸਿਟੀ ਨਾਲ ਸਬੰਧਤ ਹਸਪਤਾਲ ਵਿਚੋਂ ਮੁਅੱਤਲ ਕਰ ਦਿਤਾ ਗਿਆ ਸੀ ਅਤੇ ਇਸ ਪਿੱਛੇ ਕਥਿਤ ਤੌਰ ’ਤੇ ਕਿਸੇ ਮਾਨਸਿਕ ਬਿਮਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਡਾ. ਨੇਹਾ ਗੁਪਤਾ ਨੇ ਪਿਛਲੇ ਸਾਲ ਆਪਣੇ ਪਤੀ ਡਾ. ਸੌਰਭ ਤਲਠੀ ਤੋਂ ਤਲਾਕ ਲੈ ਲਿਆ ਅਤੇ ਆਰੀਆ ਦੀ ਕਸਟਡੀ ਦੇ ਮੁੱਦੇ ’ਤੇ ਦੋਵੇਂ ਅਦਾਲਤੀ ਲੜਾਈ ਲੜ ਰਹੇ ਸਨ। ਇਸੇ ਦੌਰਾਨ ਐਡਮੰਡ ਸ਼ਹਿਰ ਵਿਚ ਹੀ ਰਹਿੰਦੇ ਡਾ. ਸੌਰਭ ਤਲਠੀ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਸਾਬਕਾ ਪਤਨੀ ਦੇ ਆਰੀਆ ਸਣੇ ਫਲੋਰੀਡਾ ਜਾਣ ਦੀ ਯੋਜਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਦੂਜੇ ਪਾਸੇ ਮਿਆਮੀ-ਡੇਡ ਸ਼ੈਰਿਫ਼ ਦਫ਼ਤਰ ਵਿਚ ਡਿਟੈਕਟਿਵ ਜੋਸਫ਼ ਆਰ. ਰਿਵੇਰਾ ਨੇ ਡੇਲੀ ਮੇਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਾ. ਨੇਹਾ ਗੁਪਤਾ ਨੂੰ ਫਲੋਰੀਡਾ ਲਿਆਉਣ ਦੀ ਤਰੀਕ ਬਾਰੇ ਫ਼ਿਲਹਾਲ ਕੋਈ ਫੈਸਲਾ ਸਾਹਮਣੇ ਨਹੀਂ ਆਇਆ।

Tags:    

Similar News