ਸਵਾ ਅਰਬ ਡਾਲਰ ਦਾ ਘਪਲਾ ਕਰਨ ਵਾਲੇ ਭਾਰਤੀ ਨੂੰ 12 ਸਾਲ ਦੀ ਕੈਦ
ਸਵਾ ਅਰਬ ਡਾਲਰ ਦਾ ਟੈਕਸ ਫਰੌਡ ਕਰਨ ਵਾਲੇ ਭਾਰਤੀ ਨੂੰ ਡੈਨਮਾਰਕ ਵਿਚ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਕੌਪਨਹੇਗਨ : ਸਵਾ ਅਰਬ ਡਾਲਰ ਦਾ ਟੈਕਸ ਫਰੌਡ ਕਰਨ ਵਾਲੇ ਭਾਰਤੀ ਨੂੰ ਡੈਨਮਾਰਕ ਵਿਚ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਰਤਾਨਵੀ ਨਾਗਰਿਕਤਾ ਲੈ ਚੁੱਕੇ 54 ਸਾਲ ਦੇ ਸੰਜੇ ਸ਼ਾਹ ਨੂੰ ਸਜ਼ਾ ਮੁਕੰਮਲ ਹੋਣ ਮਗਰੋਂ ਡੈਨਮਾਰਕ ਵਿਚੋਂ ਕੱਢ ਦਿਤਾ ਜਾਵੇਗਾ ਅਤੇ ਭਵਿੱਖ ਵਿਚ ਕਦੇ ਵੀ ਡੈਨਮਾਰਕ ਵਿਚ ਕੋਈ ਕਾਰੋਬਾਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਗਲੌਸਟ੍ਰਪ ਦੀ ਜ਼ਿਲ੍ਹਾ ਅਦਾਲਤ ਵੱਲੋਂ ਕਿਸੇ ਆਰਥਿਕ ਅਪਰਾਧ ਦੇ ਮਾਮਲੇ ਵਿਚ ਵੱਧ ਤੋਂ ਵੱਧ ਸੁਣਾਈ ਜਾ ਸਕਣ ਵਾਲੀ ਸਜ਼ਾ ਸੰਜੇ ਸ਼ਾਹ ਨੂੰ ਦਿਤੀ ਹੈ। ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਸੰਜੇ ਸ਼ਾਹ ਵੱਲੋਂ ਘੜੀ ਸਾਜ਼ਿਸ਼ ਤਹਿਤ 190 ਅਮੈਰਿਕਨ ਪੈਨਸ਼ਨ ਕੰਪਨੀਆਂ ਅਤੇ 24 ਮਲੇਸ਼ੀਅਨ ਕੰਪਨੀਆਂ ਦੇ ਗੁੰਝਲਦਾਰ ਸਮੂਹ ਵੱਲੋਂ ਡੈਨਮਾਰਕ ਦੇ ਸ਼ੇਅਰ ਬਾਜ਼ਾਰ ਵਿਚ ਉਸ ਵੇਲੇ ਖਰੀਦਦਾਰੀ ਕੀਤੀ ਜਦੋਂ ਸ਼ੇਅਰਾਂ ਦੀ ਖਰੀਦ ’ਤੇ ਡਿਵੀਡੈਂਡ ਦਾ ਹੱਕ ਮਿਲ ਰਿਹਾ ਸੀ।
ਡੈਨਮਾਰਕ ਦੀ ਅਦਾਲਤ ਵੱਲੋਂ ਸੰਜੇ ਸ਼ਾਹ ਦੀ ਸਾਰੀ ਜਾਇਦਾਦ ਜ਼ਬਤ ਕਰਨ ਦੇ ਹੁਕਮ
ਸਟੇਟ ਅਟਾਰਨੀ ਫੌਰ ਸੀਰੀਅਸ ਕ੍ਰਾਈਮ ਵਿਖੇ ਸਪੈਸ਼ਲ ਪ੍ਰੌਸੀਕਿਊਟਰ ਮੈਰੀ ਟਲਿਨ ਨੇ ਅਦਾਲਤੀ ਫੈਸਲਾ ਆਉਣ ਮਗਰੋਂ ਕਿਹਾ ਕਿ ਦੋਸ਼ੀ ਵਿਅਕਤੀ ਹੀ ਡੈਨਮਾਰਕ ਨਾਲ ਫਰੌਡ ਦਾ ਮਾਸਟਰਮਾਈਂਡ ਸੀ ਅਤੇ ਉਸ ਨੂੰ ਕੀਤੇ ਦੀ ਸਜ਼ਾ ਮਿਲ ਗਈ। 12 ਸਾਲ ਦੀ ਕੈਦ ਤੋਂ ਇਲਾਵਾ ਸੰਜੇ ਸ਼ਾਹ ਵੱਲੋਂ ਆਰਥਿਕ ਲਾਭ ਦੇ ਰੂਪ ਵਿਚ ਹਾਸਲ ਕੀਤੇ ਇਕ ਅਰਬ ਡਾਲਰ, ਵਿਦੇਸ਼ੀ ਬੈਂਕਾਂ ਦੇ ਖਾਤਿਆਂ ਵਿਚ ਜਮ੍ਹਾਂ ਰਕਮ ਅਤੇ ਦੋਸ਼ੀ ਤੇ ਉਸ ਦੀ ਪਤਨੀ ਨਾਲ ਸਬੰਧਤ ਜਾਇਦਾਦ ਜਾਂ ਸ਼ੇਅਰ ਵੀ ਜ਼ਬਤ ਕਰਨ ਦੇ ਹੁਕਮ ਦਿਤੇ ਗਏ ਹਨ। ਦੂਜੇ ਪਾਸੇ ਸੰਜੇ ਸ਼ਾਹ ਆਪਣੇ ਆਪ ਨੂੰ ਬੇਕਸੂੂਰ ਦੱਸ ਰਿਹਾ ਹੈ ਅਤੇ ਗਲੌਸਟ੍ਰਪ ਜ਼ਿਲ੍ਹਾ ਅਦਾਲਤ ਵੱਲੋਂ ਸੁਣਾਏ ਫ਼ੈਸਲੇ ਵਿਰੁੱਘ ਹਾਈ ਕੋਰਟ ਵਿਚ ਅਪੀਲ ਕੀਤੀ ਹੈ। ਡੈਨਿਸ਼ ਪ੍ਰੌਸੀਕਿਊਸ਼ਨ ਸਰਵਿਸ ਮੁਤਾਬਕ ਸੰਜੇ ਸ਼ਾਹ ਵੱਲੋਂ ਨਾ ਸਿਰਫ਼ ਇਕ ਅਰਬ ਬ੍ਰਿਟਿਸ਼ ਪਾਊਂਡ ਦੇ ਬਰਾਬਰ ਰਕਮ ਦੀ ਧੋਖਾਧੜੀ ਕੀਤੀ ਗਈ ਸਗੋਂ 2012 ਤੋਂ 2015 ਦਰਮਿਆਨ ਤਕਰੀਬਨ 50 ਲੱਖ ਪਾਊਂਡ ਦਾ ਵੱਖਰਾ ਫਰੌਡ ਕਰਨ ਦਾ ਯਤਨ ਵੀ ਕੀਤਾ। ਬੈਂਕ ਖਾਤਿਆਂ ਵਿਚ ਹੋਏ ਲੈਣ-ਦੇਣ ਮੁਤਾਬਕ ਸੰਜੇ ਸ਼ਾਹ ਦੀਆਂ ਬਰਤਾਨਵੀ ਕੰਪਨੀਆਂ ਵੱਲੋਂ ਅਖੌਤੀ ਡਿਵੀਡੈਂਟ ਨੋਟ ਜਾਰੀ ਕੀਤੇ ਗਏ ਜਿਨ੍ਹਾਂ ਵਿਚ ਲਿਖਿਆ ਸੀ ਕਿ ਅਮੈਰਿਕਨ ਅਤੇ ਮਲੇਸ਼ੀਅਨ ਕੰਪਨੀਆਂ ਨੂੰ ਸ਼ੇਅਰਾਂ ਦਾ ਲਾਭਅੰਸ਼ ਮਿਲਿਆ ਦੇ ਜਿਸ ਦੇ ਇਵਜ਼ ਵਿਚ ਡਿਵੀਡੈਂਟ ਟੈਕਸ ਅਦਾ ਕੀਤਾ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਡੈਨਮਾਰਕ, ਅਮਰੀਕਾ ਅਤੇ ਮਲੇਸ਼ੀਆ ਦਰਮਿਆਨ ਹੋਏ ਟੈਕਸ ਸਮਝੌਤਿਆਂ ਮੁਤਾਬਕ ਇਨ੍ਹਾਂ ਮੁਲਕਾਂ ਨਾਲ ਸਬੰਧਤ ਕੰਪਨੀਆਂ ਡਿਵੀਡੈਂਡ ਟੈਕਸ ਦੀ ਵਾਪਸੀ ਵਾਸਤੇ ਅਰਜ਼ੀ ਦਾਇਰ ਕਰ ਸਕਦੀਆਂ ਹਨ।
ਸੰਜੇ ਸ਼ਾਹ ਨੇ ਸਜ਼ਾ ਵਿਰੁੱਧ ਹਾਈ ਕੋਰਟ ਵਿਚ ਅਪੀਲ ਕੀਤੀ ਦਾਇਰ
ਇਨ੍ਹਾਂ ਕੰਪਨੀਆਂ ਵੱਲੋਂ ਟੈਕਸ ਰਿਫੰਡ ਵਾਸਤੇ ਡੈਨਿਸ਼ ਟੈਕਸ ਏਜੰਸੀ ਕੋਲ 3,399 ਅਰਜ਼ੀਆਂ ਦਾਖਲ ਕੀਤੀਆਂ ਗਈਆਂ ਅਤੇ ਸਵਾ ਅਰਬ ਡਾਲਰ ਦੀ ਰਕਮ ਹਾਸਲ ਕੀਤੀ। ਲਾਲ ਟੋਪੀ ਨਾਲ ਅਦਾਲਤ ਵਿਚ ਪੇਸ਼ ਹੋਏ ਸੰਜੇ ਸ਼ਾਹ ਨੇ ਦਲੀਲ ਦਿਤੀ ਕਿ ਉਸ ਵੱਲੋਂ ਕਾਨੂੰਨੀ ਚੋਰੀ ਮੋਰੀ ਦਾ ਵਰਤੋਂ ਕੀਤੀ ਗਈ ਹੈ ਅਤੇ ਇਸ ਵਿਚ ਕੁਝ ਗੈਰਕਾਨੂੰਨੀ ਨਹੀਂ। ਸੰਜੇ ਸ਼ਾਹ ਦੇ ਵਕੀਲ ਨੇ ਉਮੀਦ ਜ਼ਾਹਰ ਕੀਤੀ ਕਿ ਹਾਈ ਕੋਰਟ ਇਕ ਵੱਖਰੇ ਨਜ਼ਰੀਏ ਤੋਂ ਮਾਮਲੇ ਦੀ ਨਜ਼ਰਸਾਨੀ ਕਰੇਗੀ ਅਤੇ ਇਕ ਵੱਖਰਾ ਫੈਸਲਾ ਸਾਹਮਣੇ ਆਵੇਗਾ। ਦੱਸ ਦੇਈਏ ਕਿ 2022 ਵਿਚ ਗ੍ਰਿਫ਼ਤਾਰੀ ਤੋਂ ਪਹਿਲਾਂ ਸੰਜੇ ਸ਼ਾਹ ਦੁਬਈ ਵਿਚ ਰਹਿ ਰਿਹਾ ਸੀ ਅਤੇ ਪਿਛਲੇ ਸਾਲ ਹਵਾਲਗੀ ਸੰਧੀ ਰਾਹੀਂ ਉਸ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਡੈਨਮਾਰਕ ਲਿਆਂਦਾ ਗਿਆ।