ਅਮਰੀਕਾ ਤੋਂ ਭਗੌੜਾ ਭਾਰਤੀ ਆਖਰਕਾਰ ਪੁਲਿਸ ਨੇ ਕੀਤਾ ਕਾਬੂ

ਭਾਰਤ ਨੇ 17 ਸਾਲ ਬਾਅਦ ਅਮਰੀਕਾ ਦੇ ਭਗੌੜੇ ਵਾਪਸ ਕਰਨ ਦੀ ਕਾਰਵਾਈ ਸ਼ੁਰੂ ਕਰਦਿਆਂ 54 ਸਾਲ ਦੇ ਗਣੇਸ਼ ਸ਼ਨੌਏ ਨੂੰ ਯੂ.ਐਸ. ਮਾਰਸ਼ਲਜ਼ ਦੇ ਸਪੁਰਦ ਕਰ ਦਿਤਾ

Update: 2025-09-30 12:22 GMT

ਨਿਊ ਯਾਰਕ : ਭਾਰਤ ਨੇ 17 ਸਾਲ ਬਾਅਦ ਅਮਰੀਕਾ ਦੇ ਭਗੌੜੇ ਵਾਪਸ ਕਰਨ ਦੀ ਕਾਰਵਾਈ ਸ਼ੁਰੂ ਕਰਦਿਆਂ 54 ਸਾਲ ਦੇ ਗਣੇਸ਼ ਸ਼ਨੌਏ ਨੂੰ ਯੂ.ਐਸ. ਮਾਰਸ਼ਲਜ਼ ਦੇ ਸਪੁਰਦ ਕਰ ਦਿਤਾ। ਗਣੇਸ਼ ਸ਼ਨੌਏ 20 ਸਾਲ ਪਹਿਲਾਂ ਅਮਰੀਕਾ ਵਿਚ ਇਕ ਜਾਨਲੇਵਾ ਕਾਰ ਹਾਦਸੇ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਕੇ ਭਾਰਤ ਆ ਗਿਆ ਸੀ। ਗਣੇਸ਼ ਸ਼ਨੌਏ ਦੀ ਹਵਾਲਗੀ ਮਗਰੋਂ ਨਿਖਿਲ ਗੁਪਤਾ ਦੇ ਸਾਥੀ ਵਿਕਾਸ ਯਾਦਵ ਦੀ ਹਵਾਲਗੀ ਦਾ ਰਾਹ ਵੀ ਪੱਧਰਾ ਹੋ ਸਕਦਾ ਹੈ ਜਿਸ ਨੂੰ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਮਾਮਲੇ ਵਿਚ ਐਫ਼.ਬੀ.ਆਈ. ਵੱਲੋਂ ਭਗੌੜਾ ਐਲਾਨਿਆ ਗਿਆ ਹੈ। ਨਿਊ ਯਾਰਕ ਸੂਬੇ ਦੀ ਨਸਾਓ ਕਾਊਂਟੀ ਦੀ ਵਕੀਲ ਐਨੀ ਡੌਨਲੀ ਨੇ ਦੱਸਿਆ ਕਿ ਕਈ ਦਹਾਕਿਆਂ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਰਹੇ ਸ਼ੱਕੀ ਨੂੰ ਆਖਰਕਾਰ ਕਾਬੂ ਕਰ ਲਿਆ ਗਿਆ ਹੈ।

2005 ਵਿਚ ਜਾਨਲੇਵਾ ਹਾਦਸੇ ਨੂੰ ਦਿਤਾ ਸੀ ਅੰਜਾਮ

ਦੋ ਬੱਚਿਆਂ ਦੇ ਪਿਤਾ ਦੀ ਮੌਤ ਦੇ ਮਾਮਲੇ ਵਿਚ ਲੋੜੀਂਦੇ ਸ਼ੱਕੀ ਨੂੰ ਅਮਰੀਕਾ ਲਿਆਉਣ ਵਿਚ ਸਾਡਾ ਦਫ਼ਤਰ ਸਫ਼ਲ ਰਿਹਾ। ਗਣੇਸ਼ ਸ਼ਨੌਏ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਜੱਜ ਨੇ ਅਗਲੇ ਹੁਕਮਾਂ ਤੱਕ ਜੇਲ ਭੇਜਣ ਦੀ ਹਦਾਇਤ ਦੇ ਦਿਤੀ। ਇਥੇ ਦਸਣਾ ਬਣਦਾ ਹੈ ਕਿ ਅਪ੍ਰੈਲ 2005 ਵਿਚ ਨਿਊ ਯਾਰਕ ਸ਼ਹਿਰ ਦੇ ਬਾਹਰ ਇਲਾਕੇ ਹਿਕਸਵਿਲ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਫਿਲਿਪ ਮਾਸਟਰੋਪੋਲੋ ਦੀ ਮੌਤ ਹੋ ਗਈ ਸੀ। ਡੌਨਲੀ ਨੇ ਦੱਸਿਆ ਕਿ ਗਣੇ ਸ਼ਨੌਏ ਤੈਅਸ਼ੁਦਾ ਹੱਦ ਤੋਂ ਦੁੱਗਣੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਅਤੇ ਇਸੇ ਦੌਰਾਨ ਉਸ ਨੇ ਲਾਲ ਲਾਈਟ ਕਰੌਸ ਕਰਦਿਆਂ ਫਿਲਿਪ ਦੀ ਕਾਰ ਨੂੰ ਟੱਕਰ ਮਾਰ ਦਿਤੀ। ਹਾਦਸਾ ਐਨਾ ਹੌਲਨਾਕ ਸੀ ਕਿ ਫਿਲਿਪ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸ਼ਨੌਏ ਨੂੰ ਹਸਪਤਾਲ ਲਿਜਾਇਆ ਗਿਆ।

ਗਣੇਸ਼ ਸ਼ਨੌਏ ਨੂੰ ਹੋ ਸਕਦੀ ਐ 15 ਸਾਲ ਤੱਕ ਦੀ ਕੈਦ

ਭਾਵੇਂ ਉਸ ਦਾ ਭਾਰਤੀ ਪਾਸਪੋਰਟ ਜ਼ਬਤ ਹੋ ਚੁੱਕਾ ਸੀ ਪਰ ਉਹ ਕਿਸੇ ਤਰੀਕੇ ਨਾਲ ਨਿਊ ਯਾਰਕ ਤੋਂ ਮੁੰਬਈ ਦਾ ਜਹਾਜ਼ ਚੜ੍ਹਨ ਵਿਚ ਸਫ਼ਲ ਹੋ ਗਿਆ। ਅਗਸਤ 2005 ਵਿਚ ਗਣੇਸ਼ ਵਿਰੁੱਧ ਨਸਾਓ ਕਾਊਂਟੀ ਦੀ ਪੁਲਿਸ ਵੱਲੋਂ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਅਤੇ ਬਾਅਦ ਵਿਚ ਇੰਟਰਪੋਲ ਨੇ ਰੈਡ ਕੌਰਨਰ ਨੋਟਿਸ ਵੀ ਜਾਰੀ ਕਰ ਦਿਤਾ। ਭਾਰਤ ਅਤੇ ਅਮਰੀਕਾ ਦਰਮਿਆਨ 1997 ਵਿਚ ਹਵਾਲਗੀ ਸੰਧੀ ’ਤੇ ਦਸਤਖ਼ਤ ਕੀਤੇ ਗਏ ਪਰ ਪਿਛਲੇ 17 ਸਾਲ ਦੌਰਾਨ ਕਿਸੇ ਸ਼ੱਕੀ ਨੂੰ ਇਸ ਸੰਧੀ ਤਹਿਤ ਅਮਰੀਕਾ ਦੇ ਸਪੁਰਦ ਨਹੀਂ ਸੀ ਕੀਤਾ ਗਿਆ। ਨਿਊ ਯਾਰਕ ਦੇ ਕਾਨੂੰਨ ਮੁਤਾਬਕ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਹੇਠ ਗਣੇਸ਼ ਸ਼ਨੌਏ ਨੂੰ 15 ਸਾਲ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ।

Tags:    

Similar News