ਆਸਟ੍ਰੇਲੀਆ ’ਚ ਪਰਥ ਦੇ ਗੁਰੂ ਘਰ ’ਚ ਵਾਪਰੀ ਬੇਅਦਬੀ ਦੀ ਘਟਨਾ
ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਗੁਰੂ ਘਰ ਵਿਚ ਵੀ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਐ, ਜਿਸ ਨੂੰ ਲੈ ਕੇ ਆਸਟ੍ਰੇਲੀਆ ਦੇ ਸਮੂਹ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਐ।;
ਪਰਥ : ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਗੁਰੂ ਘਰ ਵਿਚ ਵੀ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਐ, ਜਿਸ ਨੂੰ ਲੈ ਕੇ ਆਸਟ੍ਰੇਲੀਆ ਦੇ ਸਮੂਹ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਐ। ਸ਼ਰਾਰਤੀ ਅਨਸਰ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੇ ਜਾਣ ਦੀ ਵੀਡੀਓ ਟਿਕਟੌਕ ’ਤੇ ਅਪਲੋਡ ਕਰ ਦਿੱਤੀ, ਜਿਸ ਤੋਂ ਬਾਅਦ ਸਿੱਖਾਂ ਦਾ ਗੁੱਸਾ ਹੋਰ ਜ਼ਿਆਦਾ ਵਧ ਗਿਆ।
ਭਾਰਤ ਤੋਂ ਬਾਅਦ ਹੁਣ ਵਿਦੇਸ਼ਾਂ ਵਿਚ ਵੀ ਬੇਅਦਬੀ ਹੋਣ ਦੀਆਂ ਘਟਨਾਵਾਂ ਵਾਪਰਨ ਲੱਗ ਪਈਆਂ ਨੇ। ਤਾਜ਼ਾ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਏ, ਜਿੱਥੇ ਪਰਥ ਦੇ ਗੁਰਦੁਆਰਾ ਸਾਹਿਬ ਸਿੱਖ ਟੈਂਪਲ ਵਿਖੇ ਇਕ ਸ਼ਰਾਰਤੀ ਅਨਸਰ ਨੇ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਕਰ ਦਿੱਤੀ ਅਤੇ ਫਿਰ ਉਸ ਦੀ ਵੀਡੀਓ ਬਣਾ ਕੇ ਟਿਕ ਟੌਕ ’ਤੇ ਅਪਲੋਡ ਕਰ ਦਿੱਤੀ। ਇਹ ਵੀਡੀਓ ਕਿਸੇ ਅਣਪਛਾਤੇ ਅਕਾਊਂਟ ਤੋਂ ਅਪਲੋਡ ਕੀਤੀ ਗਈ ਸੀ, ਜਿਸ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ।
ਇਸ ਘਟਨਾ ਮਗਰੋਂ ਆਸਟ੍ਰੇਲੀਆ ਦੇ ਸਮੂਹ ਸਿੱਖਾਂ ਵਿਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਐ। ਇਸ ਘਟਨਾ ਮਗਰੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਕਹਿਣਾ ਏ ਕਿ ਸ਼ਰਾਰਤੀ ਅਨਸਰ ਵੱਲੋਂ ਬੇਅਦਬੀ ਕਰਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਉਨ੍ਹਾਂ ਸਮੂਹ ਸੰਗਤ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਆਖਿਆ ਕਿ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦਾ ਕੋਈ ਧਰਮ ਨਹੀਂ ਹੋ ਸਕਦਾ, ਅਜਿਹੇ ਲੋਕਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਐ।
ਇਸੇ ਤਰ੍ਹਾਂ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬੈਦਵਾਨ ਨੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਆਖਿਆ ਕਿ ਇਸ ਘਟਨਾ ਨਾਲ ਸਮੂਹ ਸਿੱਖਾਂ ਦੇ ਹਿਰਦੇ ਵੰਲੂਧਰੇ ਗਏ ਨੇ। ਉਨ੍ਹਾਂ ਕਿਹਾ ਕਿ ਜਾਅਲੀ ਅਕਾਊਂਟ ਦੀ ਵਰਤੋਂ ਕਰਕੇ ਅਪਲੋਡ ਕੀਤੀ ਕਾਇਰਤਾ ਭਰੀ ਇਹ ਵੀਡੀਓ ਨਫ਼ਰਤ ਫੈਲਾਉਣ ਦੇ ਮਕਸਦ ਨਾਲ ਬਣਾਈ ਗਈ ਐ, ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਫਿਲਹਾਲ ਸਥਾਨਕ ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਐ। ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਆਖ਼ਰਕਾਰ ਕਿਸ ਵਿਅਕਤੀ ਵੱਲੋਂ ਕਿਸ ਮਕਸਦ ਦੇ ਨਾਲ ਇਹ ਸ਼ਰਾਰਤ ਕੀਤੀ ਗਈ ਸੀ?