ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਨੂੰ 3 ਸਾਲਾ ਲਈ ਘਰ 'ਚ ਕੀਤਾ ਨਜ਼ਰਬੰਦ

Update: 2024-08-05 18:50 GMT

ਪਿਛਲੇ ਸਾਲ ਐਡੀਲੇਡ ਦੇ ਸਾਊਥ ਰੋਡ 'ਤੇ ਇਕ 64 ਸਾਲਾ ਦਾਦੇ ਦੀ ਮੌਤ ਹੋ ਜਾਣ ਵਾਲੇ ਹਾਦਸੇ ਦਾ ਕਾਰਨ ਬਣਿਆ ਇਕ ਟਰੱਕ ਡਰਾਈਵਰ ਜੇਲ੍ਹ ਤੋਂ ਬਚ ਗਿਆ ਹੈ। 32 ਸਾਲਾ ਜਗਮੀਤ ਸਿੰਘ ਨੇ ਪਿਛਲੇ ਸਾਲ 5 ਫਰਵਰੀ ਨੂੰ ਐਡਵਰਡਸਟਾਊਨ ਵਿਖੇ ਇੱਕ ਪੈਦਲ ਯਾਤਰੀ ਕ੍ਰਾਸਿੰਗ 'ਤੇ ਚੀਨ ਤੋਂ ਐਡੀਲੇਡ ਘੁੰਮਣ ਆਏ ਨੇਂਗਗੁਆਂਗ ਵੇਨ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਮਾਰਨ ਤੋਂ ਬਾਅਦ ਇਸ ਸਾਲ ਦੇ ਸ਼ੁਰੂ ਵਿੱਚ ਖਤਰਨਾਕ ਡਰਾਈਵਿੰਗ ਕਰਕੇ ਮੌਤ ਦਾ ਕਾਰਨ ਬਣਨ ਦਾ ਦੋਸ਼ ਕਬੂਲ ਕੀਤਾ ਸੀ। ਸਜ਼ਾ ਸੁਣਾਉਂਦੇ ਹੋਏ, ਜ਼ਿਲ੍ਹਾ ਅਦਾਲਤ ਦੇ ਜੱਜ ਨੇ ਕਿਹਾ ਕਿ ਲਾਈਟਾਂ ਲਾਲ ਹੋਣ ਤੋਂ ਬਾਅਦ ਜਗਮੀਤ ਸਿੰਘ ਸੱਤ ਸੈਕਿੰਡ ਤੋਂ ਪਾਰ ਲੰਘਿਆ। ਜਗਮੀਤ ਉਸ ਚੌਰਾਹੇ ਰਾਹੀਂ ਲਗਭਗ 56 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾ ਰਿਹਾ ਸੀ।

ਦੁਖਦਾਈ ਤੌਰ 'ਤੇ ਉਸੇ ਸਮੇਂ ਪੀੜਤ ਵੇਨ, ਸੈਰ ਲਈ ਬਾਹਰ ਸੀ। ਉਹ ਚੀਨ ਤੋਂ ਛੁੱਟੀਆਂ 'ਤੇ ਐਡੀਲੇਡ ਆਪਣੀ ਧੀ ਅਤੇ ਉਸਦੇ ਪੋਤੇ-ਪੋਤੀਆਂ ਨੂੰ ਮਿਲਣ ਆਏ ਸਨ। ਪੀੜਤ ਵੇਨ ਆਪਣੀ ਪੈਦਲ ਜਾਣ ਵਾਲੀ ਲਾਈਟ ਹੋਣ 'ਤੇ ਜਿਸ ਤਰ੍ਹਾਂ ਹੀ ਸੜਕ 'ਤੇ ਕਦਮ ਰੱਖਿਆ, ਨਾਲ ਹੀ ਜਗਮੀਤ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਥੋੜ੍ਹੀ ਦੇਰ ਬਾਅਦ ਉਸਦੀ ਮੌਤ ਹੋ ਗਈ।" ਅਦਾਲਤ ਦੇ ਬਾਹਰ, ਸ਼੍ਰੀਮਾਨ ਵੇਨ ਦੀ ਧੀ ਨੀਲਾ ਵੇਨ ਨੇ ਕਿਹਾ ਕਿ ਉਸਦਾ ਪਰਿਵਾਰ ਜਗਮੀਤ ਦੇ ਖਿਲਾਫ ਨਰਾਜ਼ਗੀ ਨਹੀਂ ਰੱਖਦਾ ਪਰ ਸੜਕ ਸੁਰੱਖਿਆ ਲਈ ਵਕਾਲਤ ਕਰਨਾ ਜਾਰੀ ਰੱਖੇਗਾ, ਖਾਸ ਤੌਰ 'ਤੇ ਜਦੋਂ ਇਹ ਵਿਦੇਸ਼ੀ ਸਿਖਲਾਈ ਪ੍ਰਾਪਤ ਡਰਾਈਵਰਾਂ ਲਈ ਭਾਰੀ ਵਾਹਨ ਚਲਾਉਣ ਦੀ ਗੱਲ ਆਉਂਦੀ ਹੈ। ਉਨ੍ਹਾਂ ਕਿਹਾ "ਅਸੀਂ ਨਹੀਂ ਚਾਹੁੰਦੇ ਕਿ ਕੋਈ ਹੋਰ ਪਰਿਵਾਰ ਇਸ ਵਿੱਚੋਂ ਲੰਘੇ।"

ਦਰਅਸਲ ਹਾਦਸੇ ਤੋਂ ਇੱਕ ਮਹੀਨਾ ਪਹਿਲਾਂ ਹੀ ਜਗਮੀਤ ਦੇ ਦਿਮਾਗੀ ਸੱਟ ਲੱਗੀ ਸੀ ਜਿਸ ਕਾਰਨ ਉਸ ਨੂੰ ਘਟਨਾ ਦਾ ਕੁੱਝ ਯਾਦ ਨਹੀਂ ਹੈ। ਜੱਜ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਜਗਮੀਤ ਤੇਜ਼ ਰਫਤਾਰ ਕਰ ਰਿਹਾ ਸੀ ਅਤੇ ਨਾ ਹੀ ਉਹ ਆਪਣੇ ਫੋਨ 'ਤੇ ਸੀ ਅਤੇ ਉਸ ਸਮੇਂ ਉਸ ਦੇ ਸਿਸਟਮ ਵਿਚ ਡਰੱਗ ਜਾਂ ਅਲਕੋਹਲ ਨਹੀਂ ਸੀ। ਜਿਸ ਕਾਰਨ ਜਗਮੀਤ ਨੂੰ ਤਿੰਨ ਸਾਲ ਅਤੇ ਚਾਰ ਮਹੀਨਿਆਂ ਤੋਂ ਵੱਧ ਦੀ ਘਰੇਲੂ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ, ਜਿਸ 'ਚ ਦੋ ਸਾਲ ਅਤੇ ਅੱਠ ਮਹੀਨਿਆਂ ਦੀ ਗੈਰ-ਪੈਰੋਲ ਮਿਆਦ ਸ਼ਾਮਲ ਹੈ। ਇਸ ਦੇ ਨਾਲ ਹੀ ਜਗਮੀਤ ਦੀ ਰਿਹਾਈ ਤੋਂ ਬਾਅਦ ਉਸ ਨੂੰ 10 ਸਾਲਾਂ ਲਈ ਲਾਇਸੈਂਸ ਰੱਖਣ ਲਈ ਅਯੋਗ ਕਰਾਰ ਦਿੱਤਾ ਜਾਵੇਗਾ।

Tags:    

Similar News