ਨਿਊ ਯਾਰਕ ’ਚ ਭਿੜੇ ਇੰਮੀਗ੍ਰੇਸ਼ਨ ਅਫ਼ਸਰ ਅਤੇ ਮੁਜ਼ਾਹਰਾਕਾਰੀ

ਨਿਊ ਯਾਰਕ ਸ਼ਹਿਰ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਦੌਰਾਨ ਮਾਹੌਲ ਹਿੰਸਕ ਹੋ ਗਿਆ ਜਦੋਂ ਇੰਮੀਗ੍ਰੇਸ਼ਨ ਵਾਲਿਆਂ ਨੇ ਕਥਿਤ ਤੌਰ ’ਤੇ 2 ਯੂ.ਐਸ. ਸਿਟੀਜ਼ਨ ਵੀ ਚੁੱਕ ਲਏ

Update: 2025-10-22 12:10 GMT

ਨਿਊ ਯਾਰਕ : ਨਿਊ ਯਾਰਕ ਸ਼ਹਿਰ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਦੌਰਾਨ ਮਾਹੌਲ ਹਿੰਸਕ ਹੋ ਗਿਆ ਜਦੋਂ ਇੰਮੀਗ੍ਰੇਸ਼ਨ ਵਾਲਿਆਂ ਨੇ ਕਥਿਤ ਤੌਰ ’ਤੇ 2 ਯੂ.ਐਸ. ਸਿਟੀਜ਼ਨ ਵੀ ਚੁੱਕ ਲਏ ਅਤੇ ਗੁੱਸੇ ਵਿਚ ਆਏ ਨੌਜਵਾਨ, ਆਈਸ ਅਫ਼ਸਰਾਂ ਦੇ ਨਕਾਬ ਉਤਾਰਨ ਦਾ ਯਤਨ ਕਰਦਿਆਂ ਭੱਦੇ ਸ਼ਬਦਾਂ ਦੀ ਵਰਤੋਂ ਕਰਨ ਲੱਗੇ। ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੌਰਾਨ ਮੁਜ਼ਾਹਰਾਕਾਰੀਆਂ ਵੱਲੋਂ ਇੰਮੀਗ੍ਰੇਸ਼ਨ ਅਫ਼ਸਰਾਂ ਨੂੰ ਨਿਊ ਯਾਰਕ ਸ਼ਹਿਰ ਵਿਚੋਂ ਬਾਹਰ ਨਿਕਲਣ ਦੀਆਂ ਹਦਾਇਤਾਂ ਦਿਤੀਆਂ ਜਾ ਰਹੀਆਂ ਹਨ।

40 ਜਣਿਆਂ ਦੇ ਗ੍ਰਿਫ਼ਤਾਰ ਹੋਣ ਦੀਆਂ ਰਿਪੋਰਟਾਂ

ਦੂਜੇ ਪਾਸੇ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਅਫ਼ਸਰਾਂ ਨੇ ਮੋੜਵੀਂ ਕਾਰਵਾਈ ਕਰਦਿਆਂ ਮੁਜ਼ਾਹਰਕਾਰੀਆਂ ਉਤੇ ਪੈਪਰ ਸਪ੍ਰੇਅ ਕੀਤਾ ਅਤੇ ਕਈ ਜਣੇ ਗ੍ਰਿਫ਼ਤਾਰ ਵੀ ਕਰ ਲਏ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਕੁਝ ਲੋਕਾਂ ਨੇ ਦੰਗੇ ਕਰਨ ਦੇ ਯਤਨ ਕੀਤੇ ਪਰ ਸਰਕਾਰੀ ਕਾਰਵਾਈ ਵਿਚ ਅੜਿੱਕੇ ਡਾਹੁਣ ਵਾਲੇ ਬਖਸ਼ੇ ਨਹੀਂ ਜਾਣਗੇ। ਮੀਡੀਆ ਰਿਪੋਰਟਾਂ ਮੁਤਾਬਕ ਕੈਨਾਲ ਸਟ੍ਰੀਟ ਇਲਾਕੇ ਵਿਚ ਛਾਪੇ ਦੌਰਾਨ ਤਕਰੀਬਨ 40 ਜਣੇ ਗੱਡੀਆਂ ਵਿਚ ਲੱਦ ਕੇ ਲਿਜਾਏ ਗਏ। ਕੌਂਸਲ ਮੈਂਬਰ ਕ੍ਰਿਸਟੋਫ਼ਰ ਮਾਰਟ ਅਤੇ ਪਬਲਿਕ ਐਡਵੋਕੇਟ ਜੁਮਾਨ ਵਿਲੀਅਮਜ਼ ਨੇ ਆਈਸ ਦੀ ਕਾਰਵਾਈ ਨੂੰ ਮਨੁੱਖਤਾ ਵਿਰੋਧੀ ਕਰਾਰ ਦਿਤਾ। ਘਟਨਾਕ੍ਰਮ ਨੂੰ ਅੱਖੀਂ ਦੇਖਣ ਵਾਲਿਆਂ ਨੂੰ ਦੱਸਿਆ ਕਿ ਨਕਾਬਪੋਸ਼ ਵਰਦੀਧਾਰੀ ਅਫ਼ਸਰ ਕੈਨਾਲ ਸਟ੍ਰੀਟ ਵਿਚ ਕੰਮ ਕਰਦੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਪੁੱਜੇ ਸਨ ਪਰ ਜ਼ਿਆਦਾਤਰ ਪ੍ਰਵਾਸੀ ਪਹਿਲਾਂ ਹੀ ਫਰਾਰ ਹੋ ਗਏ।

ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਪੁੱਜੀ ਸੀ ਟੀਮ

ਦੂਜੇ ਪਾਸੇ ਮੁਜ਼ਾਹਰਾਕਾਰੀਆਂ ਨਾਲ ਪੇਚਾ ਪੈਣ ਦੀ ਖਬਰ ਉਡੀ ਤਾਂ ਚੁਣੇ ਹੋਏ ਨੁਮਾਇੰਦੇ ਵੀ ਮੌਕੇ ’ਤੇ ਪੁੱਜਣ ਲੱਗੇ। ਗ੍ਰਿਫ਼ਤਾਰ ਕੀਤੇ ਮੁਜ਼ਾਹਰਾਕਾਰੀਆਂ ਦੀ ਗਿਣਤੀ ਵੱਖੋ ਵੱਖਰੀ ਦੱਸੀ ਜਾ ਰਹੀ ਹੈ ਪਰ ਸਹਾਇਕ ਗ੍ਰਹਿ ਸੁਰੱਖਿਆ ਮੰਤਰੀ ਟ੍ਰਿਸ਼ੀਆ ਮੈਕਲਾਫ਼ਲਿਨ ਨੇ ਦਾਅਵਾ ਕੀਤਾ ਕਿ ਇਕ ਦੰਗਾਈ ਨੂੰ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਵਿਸਤਾਰਤ ਜਾਣਕਾਰੀ ਜਲਦ ਹੀ ਮੁਹੱਈਆ ਕਰਵਾਈ ਜਾਵੇਗੀ। ਫੌਕਸ ਨਿਊਜ਼ ਦੀ ਰਿਪੋਰਟ ਕਹਿੰਦੀ ਹੈ ਕਿ ਲੋਅਰ ਮੈਨਹਟਨ ਇਲਾਕੇ ਵਿਚੋਂ ਸਟ੍ਰੀਟ ਵੈਂਡਰਜ਼ ਨੂੰ ਚੁੱਕਣ ਦੇ ਇਰਾਦੇ ਨਾਲ ਕਾਰਵਾਈ ਕੀਤੀ ਗਈ ਅਤੇ ਇਸੇ ਦੌਰਾਨ 26 ਫੈਡਰਲ ਪਲਾਜ਼ਾ ਦੇ ਬਾਹਰ ਭੀੜ ਇਕੱਤਰ ਹੋ ਗਈ ਜਿਥੇ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਦਾ ਦਫ਼ਤਰ ਹੈ।

Tags:    

Similar News