America ’ਚ ICE ਨੂੰ 3 ਭਾਰਤੀ ਰਿਹਾਅ ਕਰਨ ਦੇ ਹੁਕਮ

ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਨਾਜਾਇਜ਼ ਤਰੀਕੇ ਨਾਲ ਗ੍ਰਿਫ਼ਤਾਰ ਹਰਮੀਤ ਸਿੰਘ ਸਣੇ ਤਿੰਨ ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਨ ਦੇ ਹੁਕਮ ਦਿਤੇ ਗਏ ਹਨ ਜਦਕਿ 4 ਜਣਿਆਂ ਨੂੰ ਡਿਪੋਰਟ ਕਰ ਦਿਤਾ ਗਿਆ

Update: 2026-01-19 16:16 GMT

ਕੈਲੇਫ਼ੋਰਨੀਆ : ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਨਾਜਾਇਜ਼ ਤਰੀਕੇ ਨਾਲ ਗ੍ਰਿਫ਼ਤਾਰ ਹਰਮੀਤ ਸਿੰਘ ਸਣੇ ਤਿੰਨ ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਨ ਦੇ ਹੁਕਮ ਦਿਤੇ ਗਏ ਹਨ ਜਦਕਿ 4 ਜਣਿਆਂ ਨੂੰ ਡਿਪੋਰਟ ਕਰ ਦਿਤਾ ਗਿਆ। ਦੂਜੇ ਪਾਸੇ ਮਿਨੀਆਪੌਲਿਸ ਵਿਖੇ ਚੱਲ ਰਹੀ ਇੰਮੀਗ੍ਰੇਸ਼ਨ ਕਾਰਵਾਈ ਦੌਰਾਨ ਭਾਰਤੀ ਅਤੇ ਅਮੈਰਿਕਨ ਕਰੰਸੀ ਨਾਲ ਇਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿਹਾਈ ਦੀ ਹੁਕਮਾਂ ਦੀ ਰਿਪੋਰਟ ਕੈਲੇਫੋਰਨੀਆ ਤੋਂ ਆਈ ਹੈ ਜਿਥੇ ਪੂਰਬੀ ਅਤੇ ਦੱਖਣੀ ਜ਼ਿਲਿ੍ਹਆਂ ਦੀਆਂ ਅਦਾਲਤਾਂ ਵੱਲੋਂ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ’ਤੇ ਬਣਦੀ ਪ੍ਰਕਿਰਿਆ ਦੀ ਪਾਲਣਾ ਨਾ ਕਰਨ ਦੋਸ਼ ਲਾਉਂਦਿਆਂ 21 ਸਾਲ ਦੇ ਹਰਮੀਤ ਸਿੰਘ, ਸਾਵਨ ਕੁਮਾਰ ਅਤੇ ਅਮਿਤ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿਤੇ।

ਨਿਊ ਯਾਰਕ ਸੂਬੇ ਤੋਂ 4 ਭਾਰਤੀ ਹੋਏ ਡਿਪੋਰਟ

ਜ਼ਿਲ੍ਹਾ ਜੱਜ ਟ੍ਰੌਏ ਐਲ. ਨਨਲੀ ਸਾਹਮਣੇ ਪੇਸ਼ ਦਸਤਾਵੇਜ਼ਾਂ ਮੁਤਾਬਕ ਇਸ ਵੇਲੇ 21 ਸਾਲ ਦਾ ਹੋ ਚੁੱਕਾ ਹਰਮੀਤ ਸਿੰਘ ਅਗਸਤ 2022 ਵਿਚ ਅਮਰੀਕਾ ਦਾਖਲ ਹੋਇਆ ਅਤੇ ਉਸ ਨੂੰ ਨਾਬਾਲਗ ਵਜੋਂ ਰਿਹਾਅ ਕਰ ਦਿਤਾ ਗਿਆ। ਹਰਮੀਤ ਸਿੰਘ ਦਾ ਇੰਮੀਗ੍ਰੇਸ਼ਨ ਮੁਕੱਦਮਾ ਚੱਲ ਰਿਹਾ ਹੈ ਪਰ ਨਵੰਬਰ 2025 ਵਿਚ ਉਸ ਨੂੰ ਬਗੈਰ ਅਗਾਊਂ ਨੋਟਿਸ ਤੋਂ ਹਿਰਾਸਤ ਵਿਚ ਲੈ ਲਿਆ ਗਿਆ। ਬੌਂਡ ’ਤੇ ਸੁਣਵਾਈ ਤੋਂ ਬਗੈਰ ਇਕ ਮਹੀਨਾ ਹਿਰਾਸਤ ਵਿਚ ਰੱਖਿਆ ਅਤੇ ਹੁਣ ਜ਼ਿਲ੍ਹਾ ਜੱਜ ਨੇ ਫ਼ੈਸਲਾ ਸੁਣਾਇਆ ਹੈ ਕਿ ਹਰਮੀਤ ਸਿੰਘ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਜਿਸ ਦੀ ਮੱਦੇਨਜ਼ਰ ਉਸ ਨੂੰ ਹਿਰਾਸਤ ਵਿਚ ਰੱਖਣਾ ਅਮਰੀਕਾ ਦੇ ਸੰਵਿਧਾਨ ਦੀ ਪੰਜਵੀਂ ਸੋਧ ਦੀ ਉਲੰਘਣਾ ਬਣਦੀ ਹੈ। ਜੱਜ ਨੇ ਇਹ ਵੀ ਕਿਹਾ ਕਿ ਭਵਿੱਖ ਵਿਚ ਹਰਮੀਤ ਸਿੰਘ ਨੂੰ ਮੁੜ ਹਿਰਾਸਤ ਵਿਚ ਲੈਣ ਤੋਂ ਪਹਿਲਾਂ ਸਾਬਤ ਕਰਨਾ ਹੋਵੇਗਾ ਕਿ ਉਹ ਲੋਕ ਸੁਰੱਖਿਆ ਲਈ ਖ਼ਤਰਾ ਪੈਦਾ ਕਰਦਾ ਹੈ ਜਾਂ ਉਸ ਦੇ ਫ਼ਰਾਰ ਹੋਣ ਦਾ ਖਦਸ਼ਾ ਹੈ। ਦੂਜੇ ਮਾਮਲਾ ਸਾਵਨ ਕੁਮਾਰ ਨਾਲ ਸਬੰਧਤ ਹੈ ਜੋ 2024 ਵਿਚ ਅਮਰੀਕਾ ਦਾਖਲ ਹੋਇਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸਾਵਨ ਕੁਮਾਰ ਨੇ ਭਾਰਤ ਵਿਚ ਸਿਆਸੀ ਨਿਸ਼ਾਨਾ ਬਣਾਏ ਜਾਣ ਦਾ ਖਦਸ਼ਾ ਜ਼ਾਹਰ ਕਰਦਿਆਂ ਅਮਰੀਕਾ ਵਿਚ ਅਸਾਇਲਮ ਮੰਗਿਆ ਅਤੇ ਉਸ ਦੀ ਅਰਜ਼ੀ ’ਤੇ ਸੁਣਵਾਈ ਮੁਕੰਮਲ ਹੋਣ ਤੱਕ ਰਿਹਾਅ ਕਰ ਦਿਤਾ ਗਿਆ। ਪਰ ਸਤੰਬਰ 2025 ਵਿਚ ਆਈਸ ਨੇ ਸਾਵਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਚਾਰ ਮਹੀਨੇ ਤੱਕ ਕਿਸੇ ਸੁਣਵਾਈ ਦਾ ਮੌਕਾ ਨਾ ਦਿਤਾ। ਅਦਾਲਤ ਨੇ ਕਿਹਾ ਕਿ ਸਾਵਨ ਕੁਮਾਰ ਨੂੰ ਗੈਰਵਾਜਬ ਤਰੀਕੇ ਨਾਲ ਇੰਮੀਗ੍ਰੇਸ਼ਨ ਹਿਰਾਸਤ ਵਿਚ ਰੱਖਿਆ ਗਿਆ ਹੈ।

ਮਿਨੀਆਪੌਲਿਸ ਵਿਚ ਭਾਰਤੀ ਕਰੰਸੀ ਸਣੇ ਇਕ ਕਾਬੂ

ਸਾਵਨ ਕੁਮਾਰ ਦੀ ਰਿਹਾਈ ਦੇ ਹੁਕਮ ਦਿੰਦਿਆਂ ਬੇਹੱਦ ਗੰਭੀਰ ਹਾਲਾਤ ਵਿਚ ਹੀ ਉਸ ਨੂੰ ਮੁੜ ਗ੍ਰਿਫ਼ਤਾਰ ਕੀਤੇ ਜਾਣ ਦੀ ਹਦਾਇਤ ਦਿਤੀ ਹੈ। ਇਸੇ ਤਰ੍ਹਾਂ ਅਮਿਤ ਸਤੰਬਰ 2022 ਵਿਚ ਅਮਰੀਕਾ ਦਾਖਲ ਹੋਇਆ ਅਤੇ ਉਸ ਨੂੰ ਵੀ ਅਸਾਇਲਮ ਅਰਜ਼ੀ ’ਤੇ ਸੁਣਵਾਈ ਮੁਕੰਮਲ ਹੋਣ ਤੱਕ ਰਿਹਾਅ ਕਰ ਦਿਤਾ ਗਿਆ। ਅਮਿਤ ਇਕ ਦਿਨ ਕੰਮ ’ਤੇ ਜਾਣ ਲਈ ਬੱਸ ਦੀ ਉਡੀਕ ਕਰ ਰਿਹਾ ਸੀ ਜਦੋਂ ਇੰਮੀਗ੍ਰੇਸ਼ਨ ਵਾਲਿਆਂ ਨੇ ਉਸ ਨੂੰ ਕਾਬੂ ਕਰ ਕੇ ਡਿਟੈਨਸ਼ਨ ਸੈਂਟਰ ਭੇਜ ਦਿਤਾ। ਅਦਾਲਤ ਨੇ ਅਮਿਤ ਦੀ ਤੁਰਤ ਰਿਹਾਈ ਦੇ ਹੁਕਮ ਦਿੰਦਿਆਂ ਕਿਹਾ ਕਿ ਭਵਿੱਖ ਵਿਚ ਉਸ ਨੂੰ ਹਿਰਾਸਤ ਵਿਚ ਲੈਣ ਤੋਂ ਪਹਿਲਾਂ ਅਗਾਊਂ ਨੋਟਿਸ ਦੇਣਾ ਹੋਵੇਗਾ। ਤਿੰਨੋ ਮਾਮਲਿਆਂ ਵਿਚ ਅਦਾਲਤਾਂ ਨੇ ਕਿਹਾ ਕਿ ਇੰਮੀਗ੍ਰੇਸ਼ਨ ਅਦਾਲਤ ਵੱਲੋਂ ਰਿਹਾਅ ਪ੍ਰਵਾਸੀਆਂ ਦੇ ਆਪਣੇ ਹੱਕ ਹੁੰਦੇ ਹਨ ਅਤੇ ਸਿੱਧੇ ਤੌਰ ’ਤੇ ਗ੍ਰਿਫ਼ਤਾਰੀਆਂ ਸੰਵਿਧਾਨਕ ਹੱਕਾਂ ਦੀ ਉਲੰਘਣਾ ਕਰਦੀਆਂ ਹਨ। ਇਸੇ ਦੌਰਾਨ ਨਿਊ ਯਾਰਕ ਤੋਂ ਗ੍ਰਿਫ਼ਤਾਰ 4 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤੇ ਜਾਣ ਦੀ ਰਿਪੋਰਟ ਹੈ ਜੋ ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋਏ। ਉਧਰ ਮਿਨੇਸੋਟਾ ਸੂਬੇ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਦੌਰਾਨ ਆਈਸ ਨੇ ਕਿਹਾ ਕਿ ਵੱਡੇ ਪੱਧਰ ’ਤੇ ਹਿੰਸਾ ਦੇ ਬਾਵਜੂਦ ਅਮਰੀਕਾ ਦੀ ਦੌਲਤ ਲੁੱਟਣ ਵਾਲਿਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਆਈਸ ਵੱਲੋਂ ਗ੍ਰਿਫ਼ਤਾਰ ਭਾਰਤੀ ਨਾਗਰਿਕ ਦੀ ਤਸਵੀਰ ਸਾਂਝੀ ਨਹੀਂ ਕੀਤੀ ਗਈ ਪਰ ਉਸ ਕੋਲੋਂ ਬਰਾਮਦ ਦੋਹਾਂ ਮੁਲਕਾਂ ਦੀ ਕਰੰਸੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

Tags:    

Similar News