ICE ਵਾਲਿਆਂ ਨੇ ਕਾਬੂ ਕੀਤਾ ਇਕ ਹੋਰ ਪੰਜਾਬੀ

ਅਮਰੀਕਾ ਵਿਚ ਸ਼ਟਡਾਊਨ ਦੀ ਪ੍ਰਵਾਹ ਨਾ ਕਰਦਿਆਂ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦੇ ਛਾਪੇ ਜਾਰੀ ਹਨ ਅਤੇ ਕੋਕੀਨ ਤਸਕਰੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾ ਚੁੱਕੇ ਹਨ ਵਰਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ ਹੈ

Update: 2025-10-18 10:57 GMT

ਬੋਸਟਨ : ਅਮਰੀਕਾ ਵਿਚ ਸ਼ਟਡਾਊਨ ਦੀ ਪ੍ਰਵਾਹ ਨਾ ਕਰਦਿਆਂ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦੇ ਛਾਪੇ ਜਾਰੀ ਹਨ ਅਤੇ ਕੋਕੀਨ ਤਸਕਰੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾ ਚੁੱਕੇ ਹਨ ਵਰਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਸਹਾਇਕ ਗ੍ਰਹਿ ਸੁਰੱਖਿਆ ਮੰਤਰੀ ਟ੍ਰਿਸ਼ੀਆ ਮੈਕਲਾਫ਼ਲਿਨ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਵੱਲੋਂ ਥੋਪੇ ਸ਼ਟਡਾਊਨ ਦੇ ਬਾਵਜੂਦ ਅਪਰਾਧਕ ਪਿਛੋਕੜ ਵਾਲੇ ਪ੍ਰਵਾਸੀਆਂ ਦੀ ਫੜੋ-ਫੜੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ਼ਹਿਰਾਂ ਦੀਆਂ ਗਲੀਆਂ ਵਿਚੋਂ ਨਸ਼ਾ ਤਸਕਰ, ਬਲਤਾਕਾਰੀ ਅਤੇ ਹੋਰ ਖਤਰਨਾਕ ਮੁਜਰਮ ਦੂਰ ਕੀਤੇ ਜਾ ਰਹੇ ਹਨ।

ਵਰਿੰਦਰ ਸਿੰਘ ਨੂੰ ਕੋਕੀਨ ਤਸਕਰੀ ਦੇ ਮਾਮਲੇ ਵਿਚ ਠਹਿਰਾਇਆ ਸੀ ਦੋਸ਼ੀ

ਇਥੇ ਦਸਣਾ ਬਣਦਾ ਹੈ ਕਿ ਵਰਿੰਦਰ ਸਿੰਘ ਨੂੰ ਮੈਸਾਚਿਊਸੈਟਸ ਦੇ ਬੋਸਟਨ ਵਿਖੇ ਪੰਜ ਕਿਲੋ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ। ਵਰਿੰਦਰ ਸਿੰਘ ਤੋਂ ਇਲਾਵਾ ਆਈਸ ਦੀ ਨਿਊ ਯਾਰਕ ਇਕਾਈ ਵੱਲੋਂ ਇਕੁਆਡੋਰ ਦੇ ਡਾਰਵਿਨ ਗੌਂਜ਼ਾਲੇਜ਼, ਮੈਕਸੀਕੋ ਦੇ ਕਾਰਡੇਨਸ ਰੌਡਰਿਗਜ਼ ਅਤੇ ਮੈਕਸੀਕੋ ਦੇ ਹੀ ਐਡਿਲਬਰਟੋ ਰਿਨਕੌਨ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਨੂੰ ਨਸ਼ਾ ਤਸਕਰੀ ਤੋਂ ਲੈ ਕੇ ਬਲਾਤਕਾਰ ਤੱਕ ਦਾ ਦੋਸ਼ੀ ਕਰਾਰ ਦਿਤਾ ਗਿਆ। ਡੀ.ਐਚ.ਐਸ. ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਟਰੰਪ ਸਰਕਾਰ ਦੇ ਪਹਿਲੇ 7 ਮਹੀਨੇ ਦੌਰਾਨ ਵੱਖ ਵੱਖ ਨੀਤੀਆਂ ਰਾਹੀਂ ਟੈਕਸ ਪੇਅਰਜ਼ ਦੇ 13.2 ਅਰਬ ਡਾਲਰ ਬਚਾਏ ਗਏ। ਰੋਜ਼ਾਨਾ 50 ਮਿਲੀਅਨ ਡਾਲਰ ਦੀ ਬੱਚਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ’ਤੇ ਡਿਪੋਰਟ ਕੀਤਾ ਜਾ ਰਿਹਾ ਹੈ।

319,980 ਪ੍ਰਵਾਸੀ ਕੀਤੇ ਡਿਪੋਰਟ

ਉਘਰ ਆਈਸ ਨੇ ਦਾਅਵਾ ਕੀਤਾ ਹੈ ਕਿ 1 ਅਕਤੂਬੁਰ 2024 ਤੋਂ 20 ਸਤੰਬਰ 2025 ਦਰਮਿਆਨ 319,980 ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਪਰ ਇਸ ਅੰਕੜੇ ਵਿਚ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਕੱਢੇ ਗਏ ਪ੍ਰਵਾਸੀਆਂ ਦੀ ਗਿਣਤੀ ਸ਼ਾਮਲ ਨਹੀਂ। ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਇਮ ਮੁਤਾਬਕ ਟਰੰਪ ਸਰਕਾਰ ਦੇ ਸੱਤਾ ਵਿਚ ਆਉਣ ਮਗਰੋਂ 22 ਲੱਖ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਖੁਦ ਅਮਰੀਕਾ ਛੱਡ ਗਏ ਜਾਂ ਉਨ੍ਹਾਂ ਨੂੰ ਡਿਪੋਰਟ ਕਰ ਦਿਤਾ ਗਿਆ।

Tags:    

Similar News