ਅਮਰੀਕਾ ਵਿਚ ਏ.ਟੀ.ਐਮ. ਲੁੱਟ ਦੀ ਦਿਲ ਕੰਬਾਊ ਵਾਰਦਾਤ

Update: 2025-12-26 13:15 GMT

ਟੈਕਸਸ : ਅਮਰੀਕਾ ਦੇ ਟੈਕਸਸ ਸੂਬੇ ਵਿਚ ਏ.ਟੀ.ਐਮ. ਲੁੱਟਣ ਦੀ ਹੈਰਾਨਕੁੰਨ ਵਾਰਦਾਤ ਸਾਹਮਣੇ ਆਈ ਹੈ ਜਿਸ ਦੌਰਾਨ ਲੁਟੇਰਿਆਂ ਨੇ ਪੂਰਾ 7-ਇਲੈਵਨ ਸਟੋਰ ਹੀ ਉਜਾੜ ਦਿਤਾ। ਫ਼ੋਰਟ ਵਰਥ ਸ਼ਹਿਰ ਦੀ ਪੁਲਿਸ ਨੇ ਦੱਸਿਆ ਕਿ ਚੋਰੀਸ਼ੁਦਾ ਐਸ.ਯੂ.ਵੀ. ਲੈ ਕੇ ਪੁੱਜੇ ਲੁਟੇਰਿਆਂ ਵਿਚੋਂ ਇਕ ਨੇ ਸਟੋਰ ਅੰਦਰ ਦਾਖ਼ਲ ਹੁੰਦਿਆਂ ਮੈਟਲ ਕੇਬਲ ਵਾਲੀ ਹੁੱਕ ਏ.ਟੀ.ਐਮ. ਵਿਚ ਕਿਸੇ ਜਗ੍ਹਾ ਫਸਾ ਦਿਤੀ ਅਤੇ ਬਾਹਰ ਖੜ੍ਹੇ ਉਸ ਦੇ ਸਾਥੀ ਨੇ ਚੋਰੀਸ਼ੁਦਾ ਗੱਡੀ ਨਾਲ ਮੈਟਲ ਕੇਬਲ ਖਿੱਚੀ ਤਾਂ ਖਿਲਾਰਾ ਪੈ ਗਿਆ ਪਰ ਇਸ ਦੇ ਨਾਲ ਹੀ ਡਾਲਰਾਂ ਨਾਲ ਭਰੀ ਆਟੋਮੈਟਿਕ ਟੈਲਰ ਮਸ਼ੀਨ ਵੀ ਬਾਹਰ ਆ ਗਈ।

ਪੂਰਾ ਸਟੋਰ ਹੀ ਉਜਾੜ ਗਏ ਲੁਟੇਰੇ, ਮੁਲਾਜ਼ਮ ਵਾਲ-ਵਾਲ ਬਚੇ

ਬਾਅਦ ਵਿਚ ਲੁਟੇਰੇ ਈ.ਟੀ.ਐਮ. ਅਤੇ ਚੋਰੀਸ਼ੁਦਾ ਗੱਡੀ ਨੇੜੇ ਹੀ ਇਕ ਸੁੰਨਸਾਨ ਇਲਾਕੇ ਵਿਚ ਛੱਡ ਕੇ ਫਰਾਰ ਹੋ ਗਏ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਵਾਰਦਾਤ ਦੌਰਾਨ ਵਰਤੀ ਗੱਡੀ ਲੁੱਟ ਦੀ ਵਾਰਦਾਤ ਤੋਂ ਤਕਰੀਬਨ ਇਕ ਘੰਟਾ ਪਹਿਲਾਂ ਡੈਲਸ ਦੇ ਇਕ ਅਪਾਰਟਮੈਂਟ ਕੰਪਲੈਕਸ ਵਿਚੋਂ ਚੋਰੀ ਕੀਤੀ ਗਈ। ਇਸੇ ਦੌਰਾਨ ਵਾਈਟ ਸੈਟਲਮੈਂਟ ਪੁਲਿਸ ਦੇ ਮੁਖੀ ਕ੍ਰਿਸਟੋਫ਼ਰ ਕੁਕ ਨੇ ਦੱਸਿਆ ਕਿ ਡੈਲਸ ਫੋਰਟ ਵਰਥ ਇਲਾਕੇ ਵਿਚ ਇਕ ਹੋਰ ਏ.ਟੀ.ਐਮ. ਨੂੰ ਵੀ ਬਿਲਕੁਲ ਇਸੇ ਤਰ੍ਹਾਂ ਲੁੱਟਣ ਦਾ ਯਤਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਨਵੀਨੀਐਂਸ ਸਟੋਰਾਂ ’ਤੇ ਲੱਗੇ ਏ.ਟੀ.ਐਮ. ਲੁੱਟਣ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਟੈਕਸਸ ਦੇ ਫ਼ੋਰਟ ਵਰਥ ਵਿਖੇ ਵਾਪਰੀ ਵਾਰਦਾਤ ਦੇ ਸ਼ੱਕੀ ਦੀ ਭਾਲ ਜਾਰੀ

ਵਾਰਦਾਤ ਨੂੰ ਬੇਹੱਦ ਹੌਲਨਾਕ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਟੋਰ ਖੁੱਲ੍ਹਾ ਸੀ ਅਤੇ ਮਸ਼ੀਲ ਖਿੱਚਣ ਦੇ ਤਰੀਕੇ ਦੌਰਾਨ ਸਟੋਰ ਮੁਲਾਜ਼ਮਾਂ ਨੂੰ ਗੰਭੀਰ ਸੱਟ ਫੇਟ ਵੱਜ ਸਕਦੀ ਸੀ। ਇਸੇ ਦੌਰਾਨ ਪੁਲਿਸ ਨੇ ਸ਼ੱਕੀਆਂ ਦਾ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਦੋਹਾਂ ਨੇ ਕਾਲੇ ਰੰਗ ਦੀਆਂ ਹੂਡੀ ਵਾਲੀਆਂ ਸਵੈਟਸ਼ਰਟ ਅਤੇ ਕਾਲੀਆਂ ਪੈਂਟਾਂ ਪਾਈਆਂ ਹੋਈਆਂ ਸਨ ਜਦਕਿ ਚਿਹਰੇ ਨਕਾਬ ਨਾਲ ਢਕੇ ਹੋਏ ਸਨ। ਦੋਹਾਂ ਦੇ ਦਸਤਾਨਿਆਂ ਦਾ ਰੰਗ ਸੰਤਰੀ ਦੱਸਿਆ ਜਾ ਰਿਹਾ ਹੈ ਅਤੇ ਇਕ ਸ਼ੱਕੀ ਚਿੱਟੇ ਸਨੀਕਰਜ਼ ਜਦਕਿ ਦੂਜੇ ਨੇ ਕਾਲੇ ਸਨੀਕਰਜ਼ ਪੈਰੀਂ ਪਾਏ ਹੋਏ ਸਨ।

Tags:    

Similar News