ਗੁਰਪਤਵੰਤ ਪੰਨੂ ਮਾਮਲਾ : ਸੁਣਵਾਈ ਅਦਾਲਤ ’ਚ ਪਹਿਲੀ ਵਾਰ ਪੇਸ਼ ਹੋਇਆ ਨਿਖਿਲ ਗੁਪਤਾ
ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਤਹਿਤ ਗ੍ਰਿਫ਼ਤਾਰ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਪਹਿਲੀ ਵਾਰ ਨਿਊ ਯਾਰਕ ਦੀ ਸੁਣਵਾਈ ਅਦਾਲਤ ਵਿਚ ਪੇਸ਼ ਕੀਤਾ ਗਿਆ।
ਨਿਊ ਯਾਰਕ : ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਤਹਿਤ ਗ੍ਰਿਫ਼ਤਾਰ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਪਹਿਲੀ ਵਾਰ ਨਿਊ ਯਾਰਕ ਦੀ ਸੁਣਵਾਈ ਅਦਾਲਤ ਵਿਚ ਪੇਸ਼ ਕੀਤਾ ਗਿਆ। ਫੈਡਰਲ ਸੀਨੀਅਰ ਜੱਜ ਵਿਕਟਰ ਮਰੈਰੋ ਨੇ ਸਰਕਾਰੀ ਵਕੀਲ ਨੂੰ ਬਚਾਅ ਪੱਖ ਨਾਲ ਸਬੂਤ ਸਾਂਝੇ ਕਰਨ ਦੀ ਹਦਾਇਤ ਦਿੰਦਿਆਂ ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਤੈਅ ਕਰ ਦਿਤੀ। ਅਗਲੀ ਸੁਣਵਾਈ ਤੱਕ ਬਚਾਅ ਪੱਖ ਨੂੰ ਸਰਕਾਰੀ ਸਬੂਤਾਂ ਦੀ ਘੋਖ ਕਰਨ ਅਤੇ ਆਪਣੇ ਮੁਵੱਕਲ ਦੇ ਹੱਕ ਵਿਚ ਦਲੀਲਾਂ ਤਿਆਰ ਕਰਨ ਦਾ ਸਮਾਂ ਮਿਲ ਜਾਵੇਗਾ ਅਤੇ ਫਿਰ ਮੁਕੱਦਮੇ ਦੀ ਸੁਣਵਾਈ ਅੱਗੇ ਵਧ ਸਕੇਗੀ। ਯੂ.ਐਸ. ਮਾਰਸ਼ਲਜ਼ ਦੇ ਸੁਰੱਖਿਆ ਘੇਰੇ ਵਿਚ ਨਿਖਿਲ ਗੁਪਤਾ ਨੂੰ ਅਦਾਲਤ ਵਿਚ ਲਿਆਂਦਾ ਗਿਆ ਜਿਥੇ ਉਸ ਨੂੰ ਆਪਣੇ ਬਚਾਅ ਵਾਸਤੇ ਜੈਫਰੀ ਚਾਬ੍ਰੋਅ ਦੇ ਰੂਪ ਵਿਚ ਵਕੀਲ ਮੁਹੱਈਆ ਕਰਵਾਇਆ ਗਿਆ।
ਯੂ.ਐਸ. ਮਾਰਸ਼ਲਜ਼ ਦੇ ਸੁਰੱਖਿਆ ਘੇਰੇ ਵਿਚ ਲਿਆਂਦਾ ਗਿਆ ਅਦਾਲਤ
ਨਿਖਿਲ ਗੁਪਤਾ ਨੂੰ ਅਮਰੀਕਾ ਦੇ ਗੁਜ਼ਾਰਿਸ਼ ’ਤੇ ਚੈਕ ਰਿਪਬਲਿਕ ਵਿਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਬੀਤੀ 14 ਜੂਨ ਨੂੰ ਨਿਊ ਯਾਰਕ ਲਿਆਂਦਾ ਗਿਆ ਅਤੇ ਕਾਨੂੰਨੀ ਪ੍ਰਕਿਰਿਆ ਤਹਿਤ 17 ਜੂਨ ਨੂੰ ਮੈਜਿਟ੍ਰੇਟ ਜੇਮਜ਼ ਕੌਟ ਸਾਹਮਣੇ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਉਸ ਨੂੰ ਬਗੈਰ ਜ਼ਮਾਨਤ ਜੇਲ ਭੇਜਣ ਦੇ ਹੁਕਮ ਦੇ ਦਿਤੇ। ਸਰਕਾਰੀ ਵਕੀਲਾਂ ਵਿਚੋਂ ਇਕ ਸਹਾਇਕ ਜ਼ਿਲ੍ਹਾ ਅਟਾਰਨੀ ਕਮੀਲ ਲੈਟੋਇਆ ਫਲੈਚਰ ਨੇ ਪਹਿਲੀ ਪੇਸ਼ੀ ਮੌਕੇ ਅਦਾਲਤ ਵਿਚ ਸਰਕਾਰੀ ਪੱਖ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਨਿਖਿਲ ਗੁਪਤਾ ਨੇ ਕਥਿਤ ਤੌਰ ’ਤੇ ਭਾਰਤ ਸਰਕਾਰ ਦੇ ਇਕ ਮੁਲਾਜ਼ਮ ਨਾਲ ਰਲ ਕੇ ਭਾਰਤੀ ਮੂਲ ਦੇ ਇਕ ਅਮਰੀਕੀ ਨਾਗਰਿਕ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਘੜੀ। ਸਰਕਾਰੀ ਵਕੀਲ ਨੇ ਗੁਰਪਤਵੰਤ ਸਿੰਘ ਪੰਨੂ ਦਾ ਨਾਂ ਨਹੀਂ ਲਿਆ ਜਿਸ ਕੋਲ ਅਮਰੀਕਾ ਦੀ ਨਾਗਰਿਕਤਾ ਤੋਂ ਇਲਾਵਾ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਹੈ ਅਤੇ ਸਿੱਖਸ ਫੌਰ ਜਸਟਿਸ ਨਾਂ ਦੀ ਜਥੇਬੰਦੀ ਬਣਾਈ ਹੋਈ ਹੈ। ਫਲੈਚਰ ਨੇ ਅਦਾਲਤ ਨੂੰ ਦੱਸਿਆ ਕਿ ਨਿਖਿਲ ਗੁਪਤਾ ਵੱਲੋਂ ਇਕ ਸ਼ਖਸ ਨਾਲ ਗੱਲਬਾਤ ਦੌਰਾਨ ਕਤਲ ਨੂੰ ਅੰਜਾਮ ਦੇਣ ਲਈ ਇਕ ਲੱਖ ਡਾਲਰ ਦੀ ਪੇਸ਼ਕਸ਼ ਕੀਤੀ ਅਤੇ ਇਸ ਰਕਮ ਵਿਚੋਂ 15 ਹਜ਼ਾਰ ਡਾਲਰ ਪੇਸ਼ਗੀ ਦੇਣ ਦਾ ਵਾਅਦਾ ਵੀ ਕੀਤਾ।
ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਨੂੰ ਹੋਵੇਗੀ
ਅਸਲ ਵਿਚ ਨਿਖਿਲ ਗੁਪਤਾ ਜਿਹੜੇ ਸ਼ਖਸ ਨੂੰ ਭਾੜੇ ਦਾ ਕਾਤਲ ਸਮਝ ਰਿਹਾ ਸੀ, ਉਹ ਅੰਡਰ ਕਵਰ ਸਕਿਉਰਿਟੀ ਏਜੰਟ ਸੀ। ਫਲੈਚਰ ਨੇ ਸਰਕਾਰੀ ਸਬੂਤਾਂ ਵਿਚ ਇਕ ਫੋਨ ਸ਼ਾਮਲ ਹੋਣ ਦਾ ਜ਼ਿਕਰ ਵੀ ਕੀਤਾ ਜੋ ਨਿਖਿਲ ਗੁਪਤਾ ਤੋਂ ਜ਼ਬਤ ਕੀਤਾ ਗਿਆ ਅਤੇ ਇਸ ਰਾਹੀਂ ਉਹ ਕਥਿਤ ਤੌਰ ’ਤੇ ਭਾਰਤ ਸਰਕਾਰ ਦੇ ਮੁਲਾਜ਼ਮ ਨਾਲ ਸੰਪਰਕ ਕਾਇਮ ਕਰਦਾ ਸੀ। ਇਸ ਤੋਂ ਇਲਾਵਾ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਡ੍ਰਗ ਐਨਫੋਰਸਮੈਂਟ ਏਜੰਸੀ ਵੱਲੋਂ ਇਲੈਕਟ੍ਰਾਨਿਕ ਸੰਪਰਕ ਨਾਲ ਸਬੰਧਤ ਕੁਝ ਹੋਰ ਵੇਰਵੇ ਵੀ ਪੇਸ਼ ਕੀਤੇ ਗਏ ਜਦਕਿ ਭਾੜੇ ਕਾਤਿਲ ਨਾਲ ਹੋਈ ਗੱਲਬਾਤ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਵੀ ਅਦਾਲਤ ਵਿਚ ਪੇਸ਼ ਕੀਤੀ ਗਈ। ਦੂਜੇ ਪਾਸੇ ਨਿਖਿਲ ਗੁਪਤਾ ਦੇ ਵਕੀਲ ਨੇ ਆਪਣੇ ਮੁਵੱਕਲ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਮੰਗ ਤਾਂ ਕੀਤੀ ਪਰ ਜ਼ਮਾਨਤ ਨਹੀਂ ਮੰਗੀ। ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਸੀਨੀਅਰ ਜੱਜ ਵਿਕਟਰ ਮਰੈਰੋ ਨੇ ਕਿਹਾ ਕਿ ਮੁਕੱਦਮੇ ਦੀ ਤੇਜ਼ ਸੁਣਵਾਈ ਵਾਸਤੇ ਲਾਜ਼ਮੀ ਹੈ ਕਿ ਬਚਾਅ ਪੱਖ ਨੂੰ ਤਿਆਰੀ ਵਾਸਤੇ ਸਮਾਂ ਦਿਤਾ ਜਾਵੇ। ਇਥੇ ਦਸਣਾ ਬਣਦਾ ਹੈ ਕਿ ਸੀਨੀਅਰ ਜੱਜ ਦਾ ਰੁਤਬਾ ਹੋਣ ਕਾਰਨ 82 ਸਾਲ ਦੀ ਉਮਰ ਵਿਚ ਵੀ ਵਿਕਟਰ ਮਰੈਰੋ ਮੁਕੱਦਮੇ ਦੀ ਸੁਣਵਾਈ ਕਰ ਰਹੇ ਹਨ। ਵਿਕਟਰ ਮਰੈਰੋ ਨੂੰ 1999 ਵਿਚ ਉਸ ਵੇਲੇ ਦੇ ਰਾਸ਼ਟਰਪਤੀ ਬਿਲ ਕÇਲੰਟਨ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਅਤੇ 2010 ਵਿਚ ਉਨ੍ਹਾਂ ਨੂੰ ਸੀਨੀਅਰ ਜੱਜ ਦਾ ਰੁਤਬਾ ਹਾਸਲ ਹੋਇਆ।