ਜਰਮਨੀ : ਹਿਟਲਰ ਦੀ ਸੋਚ ਵਾਲੀ ਪਾਰਟੀ ਸੱਤਾ ਵਿਚ ਆਉਣ ਦੇ ਆਸਾਰ

ਜਰਮਨੀ ਵਿਚ ਆਮ ਚੋਣਾਂ ਦੇ ਹੈਰਾਨਕੁੰਨ ਨਤੀਜੇ ਆਉਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਜਿਥੇ ਦੂਜੀ ਆਲਮੀ ਜੰਗ ਤੋਂ 80 ਸਾਲ ਬਾਅਦ ਪਹਿਲੀ ਵਾਰ ਕੱਟੜਪੰਥੀ ਅਲਟਰਨੇਟਿਵ ਫ਼ੌਰ ਜਰਮਨੀ ਪਾਰਟੀ ਸੱਤਾ ਵਿਚ ਆ ਸਕਦੀ ਹੈ।;

Update: 2025-02-17 13:22 GMT

ਬਰਲਿਨ : ਜਰਮਨੀ ਵਿਚ ਆਮ ਚੋਣਾਂ ਦੇ ਹੈਰਾਨਕੁੰਨ ਨਤੀਜੇ ਆਉਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਜਿਥੇ ਦੂਜੀ ਆਲਮੀ ਜੰਗ ਤੋਂ 80 ਸਾਲ ਬਾਅਦ ਪਹਿਲੀ ਵਾਰ ਕੱਟੜਪੰਥੀ ਅਲਟਰਨੇਟਿਵ ਫ਼ੌਰ ਜਰਮਨੀ ਪਾਰਟੀ ਸੱਤਾ ਵਿਚ ਆ ਸਕਦੀ ਹੈ। ਇਹ ਪਾਰਟੀ ਡੌਨਲਡ ਟਰੰਪ ਦੇ ਚੋਣ ਮਾਡਲ ਤੋਂ ਪ੍ਰਭਾਵਤ ਹੈ ਅਤੇ ਬਿਲਕੁਲ ਉਸੇ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਜਰਮਨੀ ਵਿਚ 23 ਫ਼ਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਪਿਛਲੀਆਂ ਚੋਣਾਂ ਦੌਰਾਨ ਸੱਤਵੇਂ ਨੰਬਰ ਰਹੀ ਪਾਰਟੀ ਵੱਲੋਂ ਜਰਮਨੀ ਫਸਟ ਦਾ ਨਾਹਰਾ ਦਿਤਾ ਗਿਆ ਹੈ। ਅਲਟਰਨੇਟਿਵ ਫ਼ੌਰ ਜਰਮਨੀ ਦੀ ਮਕਬੂਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਹਾਲ ਹੀ ਵਿਚ ਸੂਬਾਈ ਚੋਣਾਂ ਦੌਰਾਨ ਪੰਜ ਵਿਚੋਂ 2 ਰਾਜਾਂ ਵਿਚ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲ ਗਿਆ। ਹੁਣ ਫੈਡਰਲ ਚੋਣਾਂ ਦੌਰਾਨ ਵੀ ਰਿਕਾਰਡ ਵੋਟਾਂ ਮਿਲਣ ਦੇ ਆਸਾਰ ਨਜ਼ਰ ਆ ਰਹੇ ਹਨ। ਅਲਟਰਨੇਟਿਵ ਫ਼ੌਰ ਜਰਮਨੀ ਨੌਜਵਾਨਾਂ ਵਿਚ ਸਭ ਤੋਂ ਵੱਧ ਮਕਬੂਲ ਹੈ ਅਤੇ ਚੋਣ ਸਰਵੇਖਣਾਂ ਦੌਰਾਨ 50 ਸਾਲ ਤੋਂ ਘੱਟ ਉਮਰ ਦੇ 70 ਫ਼ੀ ਸਦੀ ਵੋਟਰ ਇਸ ਨੂੰ ਵੋਟ ਪਾਉਣ ਦਾ ਜ਼ਿਕਰ ਕਰ ਰਹੇ ਹਨ। ਅਲਟਰਨੇਟਿਵ ਫ਼ੌਰ ਜਰਮਨੀ ਦੀ ਆਗੂ ਐਲਿਸ ਵੀਡਲ ਪ੍ਰਵਾਸੀਆਂ ਬਾਰੇ ਸਖ਼ਤ ਸਟੈਂਡ ਰਖਦੀ ਹੈ ਅਤੇ ਬਾਹਰੀ ਲੋਕਾਂ ਦਾ ਘੱਟ ਤੋਂ ਘੱਟ ਦਾਖਲ ਚਾਹੁੰਦੀ ਹੈ।

ਅਲਟਰਨੇਟਿਵ ਫੌਰ ਜਰਮਨੀ ਵੱਲੋਂ ਟਰੰਪ ਦੀ ਤਰਜ਼ ’ਤੇ ਚੋਣ ਪ੍ਰਚਾਰ

ਮੰਨਿਆ ਜਾ ਰਿਹਾ ਹੈ ਕਿ ਅਲਟਰਨੇਟਿਵ ਫ਼ੌਰ ਜਰਮਨੀ ਦੀ ਸਰਕਾਰ ਬਣਦੀ ਹੈ ਤਾਂ ਅਮਰੀਕਾ ਨਾਲ ਰਿਸ਼ਤਿਆਂ ਨੂੰ ਵਧੇਰੇ ਮਜ਼ਬੂਤ ਕਰਨ ’ਤੇ ਜ਼ੋਰ ਦਿਤਾ ਜਾਵੇਗਾ। ਕੱਟੜਪੰਥੀ ਵਿਚਾਰਧਾਰਾ ਵਾਲੀ ਪਾਰਟੀ ਸੱਤਾ ਵਿਚ ਆਈ ਤਾਂ ਭਾਰਤੀਆਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਓਲਾਫ਼ ਸ਼ੁਲਜ਼ ਦੀ ਸਰਕਾਰ ਵੱਲੋਂ ਭਾਰਤੀਆਂ ਨੂੰ ਚਾਰ ਗੁਣਾ ਸਕਿੱਲ ਵੀਜ਼ੇ ਜਾਰੀ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਅਜਿਹੇ ਵਿਚ ਅਲਟਰਨੇਟਿਵ ਫ਼ੌਰ ਜਰਮਨੀ ਸਥਾਨਕ ਲੋਕਾਂ ਨੂੰ ਪਹਿਲ ਦੇਵੇਗੀ ਅਤੇ ਭਾਰਤੀ ਲੋਕਾਂ ਨੂੰ ਵੀਜ਼ਾ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਦੱਸ ਦੇਈਏ ਕਿ ਇਸ ਵੇਲੇ ਜਰਮਨੀ ਵਿਚ ਤਕਰੀਬਨ 2 ਲੱਖ 85 ਹਜ਼ਾਰ ਭਾਰਤੀ ਵਸਦੇ ਹਨ ਪਰ ਨਵੀਂ ਸਰਕਾਰ ਵਰਕ ਵੀਜ਼ਾ ਅਤੇ ਪਰਮਾਨੈਂਟ ਰੈਜ਼ੀਡੈਂਸੀ ਨਾਲ ਸਬੰਧਤ ਨੀਤੀਆਂ ਸਖ਼ਤ ਕਰ ਸਕਦੀ ਹੈ। ਜਰਮਨੀ ਵਿਚ 2021 ਦੌਰਾਨ 25 ਹਜ਼ਾਰ ਭਾਰਤੀ ਵਿਦਿਆਰਥੀ ਪੜ੍ਹ ਰਹੇ ਸਨ ਜਿਨ੍ਹਾਂ ਦੀ ਗਿਣਤੀ ਪਿਛਲੇ ਸਾਲ ਦੁੱਗਣੀ ਹੋ ਗਈ। ਹੈਰਾਨੀ ਇਸ ਗੱਲ ਦੀ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਦੁਨੀਆਂ ਦੇ ਸਭ ਤੋਂ ਅਮੀਰ ਸ਼ਖਸ ਈਲੌਨ ਮਸਕ ਅਲਟਰਨੇਟਿਵ ਫ਼ੌਰ ਜਰਮਨੀ ਦੀ ਹਮਾਇਤ ਕਰ ਰਹੇ ਹਨ। ਮਸਕ ਦਾ ਦਾਅਵਾ ਹੈ ਕਿ ਅਲਟਰਨੇਟਿਵ ਫ਼ੌਰ ਜਰਮਨੀ ਦੇ ਸੱਤਾ ਵਿਚ ਆਉਣ ਨਾਲ ਇਹ ਮੁਲਕ ਯੂਰਪ ਵਿਚ ਮੁੜ ਤਾਕਤਵਾਰ ਹੋ ਕੇ ਉਭਰੇਗਾ। ਦੂਜੇ ਪਾਸੇ ਜਰਮਨੀ ਵਿਚ ਪਹਿਲੀ ਵਾਰ ਭਾਰਤੀ ਮੂਲ ਦੇ ਸਿਧਾਰਥ ਮੁਦਗਲ ਚੋਣ ਮੈਦਾਨ ਵਿਚ ਹਨ। ਸੀ.ਐਸ.ਯੂ. ਪਾਰਟੀ ਵੱਲੋਂ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ ਅਤੇ ਉਨ੍ਹਾਂ ਦਾ ਮੁੱਖ ਮੁੱਦਾ ਜਰਮਨੀ ਦੇ ਅਰਥਚਾਰੇ ਨੂੰ ਬਿਹਤਰ ਬਣਾਉਂਦਿਆਂ ਨੌਜਵਾਨਾਂ ਵਾਸਤੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨਾ ਹੈ।

Tags:    

Similar News