ਅਮਰੀਕਾ ਵਿਚ ਹੜ੍ਹਾਂ ਨੇ ਮਚਾਈ ਤਬਾਹੀ, 5 ਮੌਤਾਂ
ਅਮਰੀਕਾ ਦੇ ਵੈਸਟ ਵਰਜੀਨੀਆ ਸੂਬੇ ਵਿਚ ਭਾਰੀ ਮੀਂਹ ਮਗਰੋਂ ਆਏ ਹੜ੍ਹਾਂ ਦੌਰਾਨ ਘੱਟੋ ਘੱਟ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਹੋਣ ਦੀ ਰਿਪੋਰਟ ਹੈ।
ਚਾਰਲਸਟਨ : ਅਮਰੀਕਾ ਦੇ ਵੈਸਟ ਵਰਜੀਨੀਆ ਸੂਬੇ ਵਿਚ ਭਾਰੀ ਮੀਂਹ ਮਗਰੋਂ ਆਏ ਹੜ੍ਹਾਂ ਦੌਰਾਨ ਘੱਟੋ ਘੱਟ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਹੋਣ ਦੀ ਰਿਪੋਰਟ ਹੈ। ਸਿਰਫ਼ ਅੱਧੇ ਘੰਟੇ ਦੌਰਾਨ ਢਾਈ ਇੰਚ ਤੋਂ ਚਾਰ ਇੰਚ ਦੀ ਬਾਰਸ਼ ਨੇ ਹੜ੍ਹਾਂ ਵਰਗੇ ਹਾਲਾਤ ਪੈਦਾ ਕਰ ਦਿਤੇ ਅਤੇ ਗੱਡੀਆਂ ਪਾਣੀ ਵਿਚ ਰੁੜ੍ਹਦੀਆਂ ਨਜ਼ਰ ਆਈਆਂ। ਮਰਨ ਵਾਲਿਆਂ ਵਿਚੋਂ ਫਿਲਹਾਲ ਕਿਸੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਤਿੰਨ ਸਾਲ ਦਾ ਇਕ ਬੱਚਾ ਸ਼ਾਮਲ ਦੱਸਿਆ ਜਾ ਰਿਹਾ ਹੈ। ਓਹਾਇਓ ਕਾਊਂਟੀ ਦੇ ਐਮਰਜੰਸੀ ਮੈਨੇਜਮੈਂਟ ਡਾਇਰੈਕਟਰ ਲੂ ਵਰਗੋ ਨੇ ਦੱਸਿਆ ਕਿ ਸਭ ਕੁਝ ਐਨੀ ਤੇਜ਼ੀ ਨਾਲ ਵਾਪਰਿਆ ਕਿ ਸੰਭਲਣ ਦਾ ਮੌਕਾ ਹੀ ਨਾ ਮਿਲ ਸਕਿਆ।
ਸਿਰਫ਼ ਅੱਧੇ ਘੰਟੇ ਵਿਚ 4 ਇੰਚ ਬਾਰਸ਼ ਨੇ ਕਰ ਦਿਤਾ ਜਲ-ਥਲ
ਸੜਕਾਂ ਅਤੇ ਪੁਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ ਅਤੇ ਕਈ ਥਾਵਾਂ ’ਤੇ ਰਾਹਤ ਟੀਮਾਂ ਪੁੱਜ ਹੀ ਨਾ ਸਕੀਆਂ। ਮੁਸ਼ਕਲਾਂ ਵਿਚ ਘਿਰੇ ਕੁਝ ਲੋਕਾਂ ਨੇ ਦਰੱਖਤਾਂ ਹੇਠ ਆਸਰਾ ਲੈਣ ਦਾ ਯਤਨ ਕੀਤਾ ਪਰ ਇਹ ਫੈਸਲਾ ਤਬਾਹਕੁੰਨ ਸਾਬਤ ਹੋਇਆ। ਫੇਅਰਮੌਂਟ ਵਿਖੇ ਐਤਵਾਰ ਬਾਅਦ ਦੁਪਹਿਰ ਇਕ ਬਹੁਮੰਜ਼ਿਲਾ ਇਮਾਰਤ ਨੁਕਸਾਨੀ ਗਈ ਅਤੇ ਇਥੇ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਟਿਕਾਣੇ ’ਤੇ ਪਹੁੰਚਾਇਆ ਗਿਆ। ਹੁਣ ਇਸ ਇਮਾਰਤ ਵਿਚ ਕਦੇ ਕੋਈ ਪਰਵਾਰ ਨਹੀਂ ਰਹਿ ਸਕੇਗਾ ਅਤੇ ਇਸ ਦੀ ਨਵੇਂ ਸਿਰੇ ਤੋਂ ਉਸਾਰੀ ਕਰਨੀ ਪਵੇਗੀ। ਉਧਰ ਮੈਰੀਅਨ ਕਾਊਂਟੀ ਵਿਚ ਵੀ ਹੜ੍ਹਾਂ ਦਾ ਕਹਿਰ ਦੇਖਣ ਨੂੰ ਮਿਲਿਆ ਅਤੇ ਕਈ ਘਰ ਨੁਕਸਾਨੇ ਗਏ ਜਦਕਿ ਸੜਕਾਂ ਵੀ ਵੱਡੇ ਪੱਧਰ ’ਤੇ ਨੁਕਸਾਨੀਆਂ ਗਈਆਂ। ਗਵਰਨਰ ਪੈਟ੍ਰਿਕ ਮੌਰਿਸੀ ਵੱਲੋਂ ਐਤਵਾਰ ਸ਼ਾਮ ਮੈਰੀਅਨ ਕਾਊਂਟੀ ਵਿਚ ਐਮਰਜੰਸੀ ਦਾ ਐਲਾਨ ਕਰ ਦਿਤਾ ਗਿਆ ਅਤੇ ਨੈਸ਼ਨਲ ਗਾਰਡਜ਼ ਨੂੰ ਮਦਦ ਵਾਸਤੇ ਸੱਦਿਆ ਗਿਆ ਹੈ।
ਸੜਕਾਂ ’ਤੇ ਪਾਣੀ ਵਿਚ ਰੁੜ੍ਹਦੀਆਂ ਨਜ਼ਰ ਆਈਆਂ ਗੱਡੀਆਂ
ਵੈਸਟ ਵਰਜੀਨੀਆ ਦੇ ਉਤਰੀ ਇਲਾਕੇ ਵਿਚ ਫਾਇਰ ਚੀਫ਼ ਜਿਮ ਬਲੇਜ਼ੀਅਰ ਨੇ ਦੱਸਆ ਕਿ ਐਤਵਾਰ ਪੂਰਾ ਦਿਨ ਪਾਣੀ ਵਿਚ ਡੁੱਬੀਆਂ ਗੱਡੀਆਂ ਅਤੇ ਮਨੁੱਖੀ ਮੌਜੂਦਗੀ ਦੇ ਸੰਭਾਵਤ ਟਿਕਾਣਿਆਂ ਦੀ ਤਲਾਸ਼ੀ ਦਾ ਸਿਲਸਿਲਾ ਜਾਰੀ ਰਿਹਾ। ਲੋਕਾਂ ਨੂੰ ਸੜਕਾਂ ਤੋਂ ਦੂਰ ਰਹਿਣ ਦੀ ਹਦਾਇਤ ਦਿਤੀ ਗਈ ਹੈ ਕਿਉਂਕਿ ਕਿਸੇ ਵੀ ਥਾਂ ’ਤੇ ਵੱਡਾ ਪਾੜ ਜਾਨ ਦਾ ਖੌਅ ਬਣ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਬੀਤੇ ਵੀਰਵਾਰ ਨੂੰ ਟੈਕਸ ਵਿਚ ਭਾਰੀ ਮੀਂਹ ਅਤੇ ਝੱਖੜ ਕਾਰਨ 13 ਜਣਿਆਂ ਦੀ ਜਾਨ ਗਈ। ਟੈਕਸਸ ਸਿਟੀ ਵਿਖੇ ਕੁਝ ਘੰਟਿਆਂ ਦੌਰਾਨ 7 ਇੰਚ ਬਾਰਸ਼ ਨੇ ਹਰ ਪਾਸੇ ਜਲ-ਥਲ ਕਰ ਤਿਾ ਅਤੇ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਆਸਰਾ ਲੈਣ ਲਈ ਮਜਬੂਰ ਹੋਣਾ ਪਿਆ।