ਸਹਾਰਾ ਰੇਗਿਸਤਾਨ ’ਚ ਆਇਆ ਹੜ੍ਹ, 50 ਸਾਲ ਤੋਂ ਸੁੱਕੀ ਝੀਲ ’ਚ ਭਰਿਆ ਪਾਣੀ

ਅਫਰੀਕਾ ਦੇ ਸਹਾਰਾ ਰੇਗਿਸਤਾਨ ਵਿਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਤੋਂ ਬਾਅਦ ਹੜ੍ਹ ਆ ਗਿਆ ਏ। ਮੋਰੱਕੋ ਦੇ ਮੌਸਮ ਵਿਭਾਗ ਦੇ ਮੁਤਾਬਕ ਮੋਰੱਕੋ ਵਿਚ ਦੋ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਸਾਲ ਭਰ ਵਿਚ ਪੈਣ ਵਾਲੇ ਮੀਂਹ ਦਾ ਰਿਕਾਰਡ ਤੋੜ ਕੇ ਰੱਖ ਦਿੱਤਾ ਏ, ਜਿਸ ਕਾਰਨ ਉਨ੍ਹਾਂ ਖੇਤਰਾਂ ਵਿਚ ਵੀ ਪਾਣੀ ਪਹੁੰਚ ਗਿਆ ਏ, ਜਿੱਥੇ ਕੋਈ ਸੋਚ ਵੀ ਨਹੀਂ ਸੀ ਸਕਦਾ।

Update: 2024-10-13 10:27 GMT

ਰਬਾਤ : ਅਫਰੀਕਾ ਦੇ ਸਹਾਰਾ ਰੇਗਿਸਤਾਨ ਵਿਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਤੋਂ ਬਾਅਦ ਹੜ੍ਹ ਆ ਗਿਆ ਏ। ਮੋਰੱਕੋ ਦੇ ਮੌਸਮ ਵਿਭਾਗ ਦੇ ਮੁਤਾਬਕ ਮੋਰੱਕੋ ਵਿਚ ਦੋ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਸਾਲ ਭਰ ਵਿਚ ਪੈਣ ਵਾਲੇ ਮੀਂਹ ਦਾ ਰਿਕਾਰਡ ਤੋੜ ਕੇ ਰੱਖ ਦਿੱਤਾ ਏ, ਜਿਸ ਕਾਰਨ ਉਨ੍ਹਾਂ ਖੇਤਰਾਂ ਵਿਚ ਵੀ ਪਾਣੀ ਪਹੁੰਚ ਗਿਆ ਏ, ਜਿੱਥੇ ਕੋਈ ਸੋਚ ਵੀ ਨਹੀਂ ਸੀ ਸਕਦਾ।

ਅਫ਼ਰੀਕਾ ਦੇ ਸਹਾਰਾ ਰੇਗਿਸਤਾਨ ਦਾ ਕੁੱਝ ਇਲਾਕਾ ਮੌਜੂਦਾ ਸਮੇਂ ਪਾਣੀ ਨਾਲ ਭਰਿਆ ਦਿਖਾਈ ਦੇ ਰਿਹਾ ਏ। ਦਰਅਸਲ ਮੋਰੱਕੋ ਵਿਚ ਲਗਾਤਾਰ ਦੋ ਦਿਨਾਂ ਤੋਂ ਕਾਫ਼ੀ ਜ਼ਿਆਦਾ ਮੀਂਹ ਪੈ ਰਿਹਾ ਏ, ਜਿਸ ਕਾਰਨ ਰੇਗਿਸਤਾਨ ਦੇ ਕਈ ਖੇਤਰਾਂ ਵਿਚ ਪਾਣੀ ਭਰ ਚੁੱਕਿਆ ਏ। ਸੈਲਾਨੀ ਇਸ ਨਜ਼ਾਰੇ ਨੂੰ ਦੇਖ ਕੇ ਬੇਹੱਦ ਖ਼ੁਸ਼ ਹੋ ਰਹੇ ਨੇ। ਇੱਥੇ ਮੀਂਹ ਨੇ ਦੋ ਦਿਨਾਂ ਵਿਚ ਹੀ ਸਾਲ ਭਰ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਪਿਛਲੇ 50 ਸਾਲਾਂ ਵਿਚ ਪਹਿਲੀ ਵਾਰ ਸਹਾਰਾ ਰੇਗਿਸਤਾਨ ਵਿਚ ਇੰਨੇ ਘੱਟ ਸਮੇਂ ਵਿਚ ਇੰਨੀ ਜ਼ਿਆਦਾ ਬਾਰਿਸ਼ ਹੋਈ ਐ। ਨਾਸਾ ਦੀ ਸੈਟੇਲਾਈਟ ਤਸਵੀਰਾਂ ਵਿਚ ਇਰੀਕੀ ਝੀਲ ਵਿਚ ਪਾਣੀ ਭਰਦਾ ਦਿਖਾਈ ਦੇ ਰਿਹਾ ਏ ਜੋ ਪਿਛਲੇ 50 ਸਾਲਾਂ ਤੋਂ ਸੁੱਕੀ ਪਈ ਸੀ। ਸਹਾਰਾ ਰੇਗਿਸਤਾਨ ਵਿਚ ਭਰੇ ਪਾਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ।

ਵਿਗਿਆਨੀਆਂ ਦਾ ਕਹਿਣਾ ਏ ਕਿ ਇਸ ਤਰ੍ਹਾਂ ਦਾ ਮੀਂਹ ਪੈਣ ਨਾਲ ਕੁੱਝ ਮਹੀਨਿਆਂ ਜਾਂ ਸਾਲਾਂ ਵਿਚ ਇਸ ਇਲਾਕੇ ਦੇ ਮੌਸਮ ਵਿਚ ਬਦਲਾਅ ਆ ਜਾਵੇਗਾ। ਮੀਂਹ ਦੇ ਕਾਰਨ ਹਵਾ ਵਿਚ ਨਮੀ ਵਧੇਗੀ, ਜਿਸ ਨਾਲ ਇਵੈਪੋਰੇਸ਼ਨ ਵਧੇਗਾ ਅਤੇ ਇੱਥੇ ਹੋਰ ਤੂਫ਼ਾਨ ਆ ਸਕਦੇ ਨੇ। ਪਿਛਲੇ ਮਹੀਨੇ ਮੋਰੱਕੋ ਵਿਚ ਹੜ੍ਹ ਦੇ ਕਾਰਨ 18 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਸਾਲ 2022 ਵਿਚ ਸਹਾਰਾ ਰੇਗਿਸਤਾਨ ਦਾ ਦਰਵਾਜ਼ਾ ਕਹੇ ਜਾਣ ਵਾਲੇ ਅਲਜ਼ੀਰੀਆ ਵਿਚ ਬਰਫ਼ਬਾਰੀ ਹੋਈ ਸੀ, ਜਿਸ ਕਾਰਨ ਇੱਥੋਂ ਦਾ ਤਾਪਮਾਨ ਮਾਈਨਸ 2 ਤੱਕ ਡਿੱਗ ਗਿਆ ਸੀ।

ਵਿਗਿਆਨੀਆਂ ਦਾ ਅੰਦਾਜ਼ਾ ਏ ਕਿ ਅਗਲੇ 1500 ਸਾਲ ਵਿਚ ਸਹਾਰਾ ਰੇਗਿਸਤਾਨ ਹਰਿਆ ਭਰਿਆ ਹੋ ਜਾਵੇਗਾ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਧਰਤੀ ਇਸ ਦੌਰਾਨ ਆਪਣੀ ਧੁਰੀ 22 ਤੋਂ 24.5 ਡਿਗਰੀ ਤੱਕ ਝੁਕ ਜਾਵੇਗੀ। ਸਹਾਰਾ ਰੇਗਿਸਤਾਨ 92 ਲੱਖ ਵਰਗ ਕਿਲੋਮੀਟਰ ਦੇ ਖੇਤਰਫ਼ਲ ਵਿਚ ਫੈਲਿਆ ਹੋਇਆ ਏ ਜੋ ਭਾਰਤ ਦੇ ਦੁੱਗਣੇ ਤੋਂ ਵੀ ਜ਼ਿਆਦਾ ਏ। ਇਹ ਦੁਨੀਆ ਦਾ ਸਭ ਤੋਂ ਵੱਡੇ ਰੇਗਿਸਤਾਨ ਅੇ ਜੋ ਨਾਰਥ, ਸੈਂਟਰਲ ਅਤੇ ਵੈਸਟ ਅਫ਼ਰੀਕਾ ਦੇ 10 ਦੇਸ਼ਾਂ ਵਿਚ ਫੈਲਿਆ ਹੋਇਆ ਏ। ਇਸ ਵਿਚ ਮਾਲੀ, ਮੋਰੱਕੋ, ਮੌਰੀਤਾਨੀਆ, ਅਲਜ਼ੀਰੀਆ, ਟਿਊਨੀਸ਼ੀਆ, ਲੀਬੀਆ, ਨਾਈਜ਼ਰ, ਚਾਡ, ਸੂਡਾਨ ਅਤੇ ਮਿਸਰ ਵਰਗੇ ਦੇਸ਼ ਸ਼ਾਮਲ ਨੇ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਹਾਰਾ ਰੇਗਿਸਤਾਨ ਵਿਚ 1974 ਵਿਚ 6 ਸਾਲ ਦੇ ਸੋਕੇ ਮਗਰੋਂ ਮੀਂਹ ਪਿਆ ਸੀ ਜੋ ਬਾਅਦ ਵਿਚ ਹੜ੍ਹ ਵਿਚ ਤਬਦੀਲ ਹੋ ਗਿਆ ਸੀ।

Tags:    

Similar News