ਬ੍ਰਿਟੇਨ ਦੀਆਂ ਚੋਣਾਂ ’ਚ ਪੰਜ ਪੰਜਾਬੀ ਚੋਣ ਮੈਦਾਨ ’ਚ ਕੁੱਦੇ

ਬ੍ਰਿਟੇਨ ਵਿਚ ਆਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਏ ਕਿਉਂਕਿ 4 ਜੁਲਾਈ ਨੂੰ ਇੱਥੇ ਵੋਟਿੰਗ ਹੋਣ ਜਾ ਰਹੀ ਐ। ਬ੍ਰਿਟੇਨ ਦੀਆਂ ਇਨ੍ਹਾਂ ਚੋਣਾਂ ਵਿਚ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਲਈ ਨੁਮਾਇੰਦਿਆਂ ਦੀ ਚੋਣ ਕੀਤੀ ਜਾਵੇਗੀ

Update: 2024-06-27 08:28 GMT

ਲੰਡਨ : ਬ੍ਰਿਟੇਨ ਵਿਚ ਆਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਏ ਕਿਉਂਕਿ 4 ਜੁਲਾਈ ਨੂੰ ਇੱਥੇ ਵੋਟਿੰਗ ਹੋਣ ਜਾ ਰਹੀ ਐ। ਬ੍ਰਿਟੇਨ ਦੀਆਂ ਇਨ੍ਹਾਂ ਚੋਣਾਂ ਵਿਚ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਲਈ ਨੁਮਾਇੰਦਿਆਂ ਦੀ ਚੋਣ ਕੀਤੀ ਜਾਵੇਗੀ, ਜਿਸ ਦੀਆਂ 650 ਸੀਟਾਂ ਨੇ। ਬ੍ਰਿਟੇਨ ਦੀਆਂ ਇਨ੍ਹਾਂ ਚੋਣਾਂ ਵਿਚ ਪੰਜ ਪੰਜਾਬੀ ਮੂਲ ਦੇ ਉਮੀਦਵਾਰ ਵੀ ਚੋਣ ਮੈਦਾਨ ਵਿਚ ਕੁੱਦੇ ਹੋਏ ਨੇ। ਸੋ ਆਓ ਤੁਹਾਨੂੰ ਦੱਸਦੇ ਆਂ, ਪੰਜਾਬੀ ਮੂਲ ਦੇ ਕਿਹੜੇ ਉਮੀਦਵਾਰਾਂ ਵੱਲੋਂ ਲੜੀ ਜਾ ਰਹੀ ਐ ਚੋਣ ਅਤੇ ਕੀ ਐ ਉਨ੍ਹਾਂ ਦਾ ਪਿਛੋਕੜ।

ਬ੍ਰਿਟੇਨ ਵਿਚ 4 ਜੁਲਾਈ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਦਾ ਐਲਾਨ 30 ਮਈ ਨੂੰ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੱਲੋਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੀਐਮ ਸੂਨਕ ਵੱਲੋਂ ਸੰਸਦ ਭੰਗ ਕਰ ਦਿੱਤੀ ਗਈ ਸੀ। ਇਨ੍ਹਾਂ ਚੋਣਾਂ ਵਿਚ ਪੰਜ ਪੰਜਾਬੀ ਮੂਲ ਦੇ ਉਮੀਦਵਾਰ ਵੀ ਆਪਣੀ ਕਿਸਮਤ ਅਜਮਾ ਰਹੇ ਨੇ, ਜਿਨ੍ਹਾਂ ਵਿਚ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਸੀਮਾ ਮਲਹੋਤਰਾ, ਗਗਨ ਮੋਹਿੰਦਰਾ ਅਤੇ ਦਰਸ਼ਨ ਸਿੰਘ ਆਜ਼ਾਦ ਦੇ ਨਾਮ ਸ਼ਾਮਲ ਨੇ।

ਪਹਿਲਾਂ ਗੱਲ ਕਰਦੇ ਆਂ ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਦੀ,, ਜੋ ਇੰਗਲੈਂ ਦੇ ਪਹਿਲੇ ਦਸਤਾਰਧਾਰੀ ਐਮਪੀ ਨੇ। ਢੇਸੀ ਨੇ 2017 ਵਿਚ ਸਲੋਹ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ, ਜਿਸ ਤੋਂ ਬਾਅਦ ਉਹ 2023 ਤੋਂ ਸੂਨਕ ਸਰਕਾਰ ਵਿਚ ਸ਼ੈਡੋ ਨਿਰਯਾਤ ਮੰਤਰੀ ਵਜੋਂ ਕੰਮ ਕਰ ਰਹੇ ਨੇ। ਦਰਅਸਲ ਬ੍ਰਿਟੇਨ ਵਿਚ ਸਰਕਾਰ ਦੇ ਬਰਾਬਰ ਵਿਰੋਧੀ ਧਿਰ ਦੀ ਵੀ ਇਕ ਆਪਣੀ ਕੈਬਨਿਟ ਹੁੰਦੀ ਐ, ਜਿਸ ਨੂੰ ਸ਼ੈਡੋ ਕੈਬਨਿਟ ਕੈਬਨਿਟ ਕਿਹਾ ਜਾਂਦਾ ਏ। ਇਸ ਕੈਬਨਿਟ ਦੇ ਮੰਤਰੀ ਬਾਰੀਕੀ ਨਾਲ ਸਬੰਧਤ ਵਿਭਾਗਾਂ ਦੇ ਕੰਮਕਾਜ ’ਤੇ ਨਿਗਰਾਨੀ ਰੱਖਦੇ ਨੇ।

ਤਨਮਨਜੀਤ ਸਿੰਘ ਢੇਸੀ ਦਾ ਪਿਛੋਕੜ ਪੰਜਾਬ ਦੇ ਜਲੰਧਰ ਨਾਲ ਸਬੰਧਤ ਐ। ਢੇਸੀ ਨੌਂ ਸਾਲ ਦੀ ਉਮਰ ਵਿਚ ਹੀ ਇੰਗਲੈਂਡ ਆ ਗਏ ਸੀ ਪਰ ਇਸ ਤੋਂ ਪਹਿਲਾਂ ਦੀ ਪੜ੍ਹਾਈ ਉਨ੍ਹਾਂ ਨੇ ਪੰਜਾਬ ਤੋਂ ਹੀ ਹਾਸਲ ਕੀਤੀ ਐ। ਇਸ ਤੋਂ ਬਾਅਦ ਤਨਮਨਜੀਤ ਸਿੰਘ ਢੇਸੀ ਨੇ ਯੂਨੀਵਰਸਿਟੀ ਕਾਲਜ ਲੰਡਨ ਤੋਂ ਮੈਨੇਜਮੈਂਟ ਸਟੱਡੀਜ਼ ਦੇ ਨਾਲ ਗਣਿਤ ਵਿਚ ਬੈਚਲਰ ਡਿਗਰੀ, ਔਕਸਫੋਰਡ ਯੂਨੀਵਰਸਿਟੀ ਵਿਚ ਅਪਲਾਈਡ ਸਟੇਟਿਸਟਿਕਸ ਅਤੇ ਕੈਮਬ੍ਰਿਜ ਤੋਂ ਦੱਖਣੀ ਏਸ਼ੀਆ ਦੇ ਇਤਿਹਾਸ ਵਿਚ ਐਮ.ਫਿਲ. ਦੀ ਪੜ੍ਹਾਈ ਕੀਤੀ ਐ।

ਸਾਲ 2007 ਵਿਚ ਤਨਮਨਜੀਤ ਸਿੰਘ ਢੇਸੀ ਨੇ ਗ੍ਰੇਵਸ਼ਮ ਤੋਂ ਕੌਂਸਲਰ ਬਣ ਕੇ ਸਿਆਸਤ ਵਿਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਸਾਲ 2011 ਵਿਚ ਉਨ੍ਹਾਂ ਨੂੰ ਗ੍ਰੇਵਸ਼ਮ ਦੇ ਮੇਅਰ ਬਣਨ ਦਾ ਵੀ ਮੌਕਾ ਮਿਲਿਆ। ਫਿਰ 2017 ਵਿਚ ਉਹ ਸਲੋਹ ਹਲਕੇ ਤੋਂ ਐਮਪੀ ਦੀ ਚੋਣ ਲੜੇ ਅਤੇ 17 ਹਜ਼ਾਰ ਵੋਟਾਂ ਨਾਲ ਜਿੱਤ ਹਾਸਲ ਕੀਤੀ। ਫਿਰ ਸਾਲ 2019 ਦੀਆਂ ਆਮ ਚੋਣਾਂ ਵਿਚ ਉਹ ਦੂਜੀ ਵਾਰ ਸਲੋਹ ਤੋਂ ਸਾਂਸਦ ਚੁਣੇ ਗਏ ਸੀ।

ਇੰਗਲੈਂਡ ਤੋਂ ਚੋਣ ਲੜਨ ਵਾਲਿਆਂ ਵਿਚ ਦੂਜਾ ਨਾਮ ਪ੍ਰੀਤ ਕੌਰ ਗਿੱਲ ਦਾ ਏ ਜੋ 2017 ਤੋਂ ਬਰਮਿੰਘਮ ਅਤੇ ਏਜਬਰਸਟਨ ਤੋਂ ਲੇਬਰ ਪਾਰਟੀ ਦੇ ਐਮਪੀ ਨੇ। ਪ੍ਰੀਤ ਕੌਰ ਗਿੱਲ ਨੂੰ ਇੰਗਲੈਂਡ ਦੀ ਸੰਸਦ ਵਿਚ ਚੁਣੀ ਜਾਣ ਵਾਲੀ ਪਹਿਲੀ ਸਿੱਖ ਔਰਤ ਹੋਣ ਦਾ ਮਾਣ ਹਾਸਲ ਐ। ਇਨ੍ਹਾਂ ਆਮ ਚੋਣਾਂ ਦੇ ਐਲਾਨ ਤੋਂ ਪਹਿਲਾਂ ਉਹ ਸ਼ੈਡੋ ਕੈਬਨਿਟ ਵਿਚ ਪ੍ਰਾਇਮਰੀ ਕੇਅਰ ਅਤੇ ਪਬਲਿਕ ਹੈਲਥ ਮੰਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਸੀ।

ਇਕ ਰਿਪੋਰਟ ਮੁਤਾਬਕ ਪ੍ਰੀਤ ਕੌਰ ਗਿੱਲ ਦਾ ਪਿਛੋਕੜ ਜਲੰਧਰ ਦੇ ਪਿੰਡ ਜਮਸ਼ੇਰ ਨਾਲ ਸਬੰਧਤ ਐ। ਪ੍ਰੀਤ ਗਿੱਲ ਦੇ ਪਿਤਾ ਇੰਗਲੈਂਡ ਦੇ ਪਹਿਲੇ ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੇ। ਪ੍ਰੀਤ ਕੌਰ ਗਿੱਲ ਸਿਆਸਤ ਵਿਚ ਆਉਣ ਦਾ ਸਿਹਰਾ ਆਪਣੇ ਪਿਤਾ ਸਿਰ ਹੀ ਸਜਾਉਂਦੇ ਨੇ, ਜਿਨ੍ਹਾਂ ਦੀ ਪ੍ਰੇਰਣਾ ਸਦਕਾ ਉਹ ਇਸ ਖੇਤਰ ਵਿਚ ਆਏ। ਇਕ ਜਾਣਕਾਰੀ ਮੁਤਾਬਕ ਪ੍ਰੀਤ ਗਿੱਲ ਨੇ ਯੂਨੀਵਰਸਿਟੀ ਆਫ਼ ਈਸਟ ਲੰਡਨ ਤੋਂ ਸੋਸ਼ਲ ਵਰਕ ਦੇ ਨਾਲ ਸਮਾਜ ਸ਼ਾਸਤਰ ਵਿਚ ਬੀਐਸਸੀ ਦੀ ਡਿਗਰੀ ਹਾਸਲ ਕੀਤੀ ਹੋਈ ਐ।

ਪ੍ਰੀਤ ਕੌਰ ਗਿੱਲ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਸੰਸਦ ਵਿਚ ਆਉਣ ਤੋਂ ਪਹਿਲਾਂ ਉਹ ਕੌਂਸਲਰ ਬਣੇ ਅਤੇ ਪਬਲਿਕ ਹੈਲਥ ਅਤੇ ਪ੍ਰੋਟੈਕਸ਼ਨ ਦੇ ਕੈਬਨਿਟ ਮੈਂਬਰ ਵੀ ਰਹਿ ਚੁੱਕੇ ਨੇ। ਸਾਲ 2017 ਦੀਆਂ ਆਮ ਚੋਣਾਂ ਵਿਚ ਪ੍ਰੀਤ ਗਿੱਲ ਨੂੰ ਲੇਬਰ ਪਾਰਟੀ ਵਲੋਂ ਬਰਮਿੰਘਮ ਏਜਬਸਟਨ ਤੋਂ ਉਮੀਦਵਾਰ ਵਜੋਂ ਚੁਣਿਆ ਗਿਆ ਸੀ, ਜਿਸ ਵਿਚ ਉਨ੍ਹਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ।

ਇਸੇ ਦੌਰਾਨ ਉਨ੍ਹਾਂ ਨੂੰ ਗ੍ਰਹਿ ਮਾਮਲਿਆਂ ਦੀ ਚੋਣ ਕਮੇਟੀ ਦਾ ਮੈਂਬਰ ਵੀ ਚੁਣਿਆ ਗਿਆ। ਜਨਵਰੀ 2018 ਵਿਚ ਉਨ੍ਹਾਂ ਨੂੰ ਸ਼ੈਡੋ ਕੈਬਨਿਟ ਵਿਚ ਕੌਮਾਂਤਰੀ ਵਿਕਾਸ ਮੰਤਰੀ ਵਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ। ਫਿਰ ਸਾਲ 2019 ਵਿਚ ਉਹ ਫਿਰ ਤੋਂ ਬਰਮਿੰਘਮ ਏਜਬਸਟਨ ਤੋਂ ਐਮਪੀ ਬਣੇ। ਸਾਲ 2020 ਵਿਚ ਪ੍ਰੀਤ ਕੌਰ ਗਿੱਲ ਨੂੰ ਪੈਚਵਰਕ ਫਾਊਂਡੇਸ਼ਨ ਵੱਲੋਂ ‘ਐਮਪੀ ਆਫ਼ ਦੀ ਈਅਰ’ ਐਵਾਰਡ ਦੇ ਨਿਵਾਜ਼ਿਆ ਗਿਆ। ਹੁਣ ਉਹ ਤੀਜੀ ਵਾਰ ਇਸ ਹਲਕੇ ਤੋਂ ਆਪਣੀ ਕਿਸਮਤ ਅਜਮਾ ਰਹੇ ਨੇ।

ਇੰਗਲੈਂਡ ਵਿਚ ਆਮ ਚੋਣਾਂ ਲੜਨ ਵਾਲੇ ਤੀਜੇ ਪੰਜਾਬੀ ਦਾ ਨਾਂ ਐ ਸੀਮਾ ਮਲਹੋਤਰਾ ਜੋ ਲੇਬਰ ਪਾਰਟੀ ਦੇ ਉਮੀਦਵਾਰ ਵਜੋਂ ਫੇਲਥਾਮ ਅਤੇ ਹੇਸਟੋਨ ਹਲਕੇ ਤੋਂ ਚੋਣ ਲੜ ਰਹੇ ਨੇ। ਸੀਮਾ ਮਲਹੋਤਰਾ ਸਾਲ 2011 ਤੋਂ ਲੇਬਰ ਪਾਰਟੀ ਵੱਲੋਂ ਫੇਲਥਾਮ ਅਤੇ ਹੇਸਟੋਨ ਲਈ ਸੰਸਦ ਮੈਂਬਰ ਨੇ, ਜਿਨ੍ਹਾਂ ਨੇ 6203 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।

ਇਕ ਜਾਣਕਾਰੀ ਮੁਤਾਬਕ ਸੀਮਾ ਦਾ ਜਨਮ ਇੰਗਲੈਂਡ ਦੇ ਹੈਮਰਸਮਿਥ ਹਸਪਤਾਲ ਵਿਚ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ ਹੇਸਟਨ ਇਨਫੈਂਟਸ ਸਕੂਲ ਤੋਂ ਕੀਤੀ, ਜਿੱਥੇ ਉਨ੍ਹਾਂ ਦੀ ਮਾਤਾ ਪੜ੍ਹਾਉਂਦੀ ਹੁੰਦੀ ਸੀ। ਸੀਮਾ ਮਲਹੋਤਰਾ ਨੇ ਸਿਆਸਤ ਵਿਚ ਕਾਫ਼ੀ ਮੱਲਾਂ ਮਾਰੀਆਂ, ਜਿਸ ਦੇ ਚਲਦਿਆਂ ਸਾਲ 2023 ਵਿਚ ਉਨ੍ਹਾਂ ਨੂੰ ਸਿੱਖਿਆ ਵਿਭਾਗ ਦਾ ਸ਼ੈਡੋ ਮੰਤਰੀ ਨਿਯੁਕਤ ਕੀਤਾ ਗਿਆ।

ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਗਗਨ ਮੋਹਿੰਦਰਾ ਵੀ ਪੰਜਾਬੀ ਮੂਲ ਦੇ ਸਿਆਸਤਦਾਨ ਨੇ ਜੋ ਸਾਲ 2019 ਤੋਂ ਇੰਗਲੈਂਡ ਦੇ ਸਾਊਥ ਵੈਸਟ ਹਰਟਫੋਰਡਸ਼ਾਇਰ ਤੋਂ ਸੰਸਦ ਮੈਂਬਰ ਨੇ। ਉਹ ਸਤੰਬਰ 2023 ਤੋਂ ਸਹਾਇਕ ਸਰਕਾਰੀ ਵਹਿਪ ਵਜੋਂ ਸੇਵਾਵਾਂ ਨਿਭਾਅ ਰਹੇ ਨੇ। ਇਸ ਤੋਂ ਇਲਾਵਾ ਸਾਲ 2017 ਵਿਚ ਉਨ੍ਹਾਂ ਏਸੇਕਸ ਕਾਉਂਟੀ ਕੌਂਸਲ ਵਿਚ ਮੈਂਬਰ ਚੁਣਿਆ ਗਿਆ ਸੀ।

ਇਸ ਤੋਂ ਪਹਿਲਾਂ ਸਾਲ 2010 ਵਿਚ ਮੋਹਿੰਦਰਾ ਨੋਰਥ ਟਾਇਨਸਾਈਡ ਹਲਕੇ ਤੋਂ ਵੀ ਚੋਣ ਲੜ ਚੁੱਕੇ ਨੇ। ਸਾਲ 2022 ਵਿਚ ਗਗਨ ਮੋਹਿੰਦਰਾ ਨੂੰ ਉਸ ਵੇਲੇ ਦੇ ਗ੍ਰਹਿ ਸਕੱਤਰ ਦੇ ਸੰਸਦੀ ਨਿੱਜੀ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਸੀ। ਹੁਣ 2024 ਦੀਆਂ ਆਮ ਚੋਣਾਂ ਵਿਚ ਉਹ ਮੁੜ ਸਾਊਥ ਵੈਸਟ ਹਰਟਫੋਰਡਸ਼ਾਇਰ ਹਲਕੇ ਤੋਂ ਐਮਪੀ ਦੀ ਚੋਣ ਲੜਨ ਜਾ ਰਹੇ ਨੇ, ਜਿਨ੍ਹਾਂ ਵੱਲੋਂ ਆਪਣਾ ਖ਼ੂਬ ਪ੍ਰਚਾਰ ਕੀਤਾ ਜਾ ਰਿਹਾ ਏ।

ਇੰਗਲੈਂਡ ਤੋਂ 2024 ਦੀਆਂ ਆਮ ਚੋਣਾਂ ਲੜਨ ਵਾਲਿਆਂ ਵਿਚ ਦਰਸ਼ਨ ਸਿੰਘ ਆਜ਼ਾਦ ਦਾ ਨਾਮ ਵੀ ਸ਼ਾਮਲ ਐ ਜੋ ਵਰਕਰਜ਼ ਪਾਰਟੀ ਆਫ਼ ਬ੍ਰਿਟੇਨ ਵੱਲੋਂ ਏÇਲੰਗ ਸਾਊਥਹਾਲ ਹਲਕੇ ਤੋਂ ਐਮਪੀ ਦੀ ਚੋਣ ਲਈ ਚੋਣ ਮੈਦਾਨ ਵਿਚ ਨਿੱਤਰੇ ਹੋਏ ਨੇ। ਦਰਸ਼ਨ ਸਿੰਘ ਆਜ਼ਾਦ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਕਾਫ਼ੀ ਸਾਰੇ ਵਾਅਦੇ ਕੀਤੇ ਜਾ ਰਹੇ ਨੇ, ਜਿਨ੍ਹਾਂ ਦਾ ਲੋਕਾਂ ’ਤੇ ਕਾਫ਼ੀ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਏ। ਉਨ੍ਹਾਂ ਦਾ ਕਹਿਣਾ ਏ ਕਿ ਉਹ ਹਰੇਕ ਲਈ ਵਧੀਆ ਰਿਹਾਇਸ਼, ਵਧੀਆ ਸਿਹਤ ਸੇਵਾਵਾਂ, ਸਾਰੇ ਕਾਮਿਆਂ ਲਈ ਉਚਿਤ ਤਨਖਾਹਾਂ ਅਤੇ ਕੰਮ ’ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਨੂੰ ਸਮਰਪਿਤ ਐ, ਜਿਸ ਦੇ ਕਰਕੇ ਹੀ ਉਹ ਚੋਣ ਲੜ ਰਹੇ ਨੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹੋਰ ਵੀ ਬਹੁਤ ਸਾਰੇ ਵਾਅਦੇ ਕੀਤੇ ਜਾ ਰਹੇ ਨੇ।

ਦੱਸ ਦਈਏ ਕਿ ਇੰਗਲੈਂਡ ਦੀਆਂ ਆਮ ਚੋਣਾਂ ਹਰ ਹਲਕੇ ਦੇ ਲੋਕਾਂ ਨੂੰ ਆਪਣਾ ਸੰਸਦ ਮੈਂਬਰ ਚੁਣਨ ਦਾ ਮੌਕਾ ਦਿੰਦੀਆਂ ਨੇ। ਜਿਸ ਉਮੀਦਵਾਰ ਦੇ ਹੱਕ ਵਿਚ ਲੋਕ ਫ਼ਤਵਾ ਦੇਣਗੇ, ਉਹ ਉਮੀਦਵਾਰ ਹਾਊਸ ਆਫ਼ ਕਾਮਨਜ਼ ਵਿਚ ਪੰਜ ਸਾਲਾਂ ਤੱਕ ਹਲਕੇ ਦੀ ਨੁਮਾਇੰਦਗੀ ਕਰੇਗਾ ਪਰ ਦੇਖਣਾ ਹੋਵੇਗਾ ਕਿ ਉਕਤ ਪੰਜ ਪੰਜਾਬੀਆਂ ਨੂੰ ਇੰਗਲੈਂਡ ਦੇ ਲੋਕ ਇਸ ਵਾਰ ਮੌਕਾ ਦੇਣਗੇ ਜਾਂ ਨਹੀਂ।

Tags:    

Similar News