ਸੁਨੀਤਾ ਵਿਲੀਅਮਜ਼ ਦੇ ਜੱਦੀ ਪਿੰਡ ਵਿਚ ਹੋਈ ਆਤਿਸ਼ਬਾਜ਼ੀ

ਸੁਨੀਤਾ ਵਿਲੀਅਮਜ਼ ਦੀ ਪੁਲਾੜ ਵਿਚੋਂ ਸੁਰੱਖਿਅਤ ਵਾਪਸੀ ’ਤੇ ਉਨ੍ਹਾਂ ਦੇ ਜੱਦੀ ਪਿੰਡ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਝੂਲਾਸਨ ਵਾਸੀਆਂ ਨੇ ਆਤਿਸ਼ਬਾਜ਼ੀ ਦੌਰਾਨ ਨੱਚ-ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ

Update: 2025-03-19 12:01 GMT

ਅਹਿਮਦਾਬਾਦ : ਸੁਨੀਤਾ ਵਿਲੀਅਮਜ਼ ਦੀ ਪੁਲਾੜ ਵਿਚੋਂ ਸੁਰੱਖਿਅਤ ਵਾਪਸੀ ’ਤੇ ਉਨ੍ਹਾਂ ਦੇ ਜੱਦੀ ਪਿੰਡ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਝੂਲਾਸਨ ਵਾਸੀਆਂ ਨੇ ਆਤਿਸ਼ਬਾਜ਼ੀ ਦੌਰਾਨ ਨੱਚ-ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੇ ਪਿੰਡ ਵਿਚ ਲੋਕਾਂ ਦੀਆਂ ਨਜ਼ਰਾਂ ਨਾਸਾ ਵੱਲੋਂ ਕੀਤੇ ਜਾ ਰਹੇ ਲਾਈਵ ਟੈਲੀਕਾਸਟ ’ਤੇ ਟਿਕੀਆਂ ਹੋਈਆਂ ਸਨ ਅਤੇ ਜਿਉਂ ਹੀ ਸਪੇਸ ਐਕਸ ਕੈਪਸੂਲ ਦੀ ਸੁਰੱਖਿਅਤ ਵਾਪਸੀ ਦਾ ਐਲਾਨ ਹੋਇਆ ਤਾਂ ਪਟਾਕੇ ਚੱਲਣੇ ਸ਼ੁਰੂ ਹੋ ਗਏ। ਸੁਨੀਤਾ ਵਿਲੀਅਮਜ਼ ਦੀ ਵਾਪਸੀ ਤੋਂ ਪਹਿਲਾਂ ਪਿੰਡ ਦੇ ਲੋਕ ਮੰਦਰ ਵਿਚ ਇਕੱਤਰ ਹੋਏ ਅਤੇ ਯੱਗ ਕੀਤਾ। ਉਨ੍ਹਾਂ ਦੱਸਿਆ ਕਿ ਸੁਨੀਤਾ ਦੀ ਵਾਪਸੀ ਲਈ ਮੰਦਰ ਵਿਚ ਅਖੰਡ ਜੋਤ ਵੀ ਬਾਲੀ ਗਈ।

ਪਿੰਡ ਝੂਲਾਸਨ ਦੇ ਮੰਦਰ ਵਿਚ ਬਾਲੀ ਗਈ ਅਖੰਡ ਜੋਤ

ਦੱਸ ਦੇਈਏ ਕਿ ਸੁਨੀਤਾ ਵਿਲੀਅਮਜ਼ ਦੇ ਪਿਤਾ ਦੀਪਕ ਪਾਂਡਿਆ 1957 ਵਿਚ ਅਮਰੀਕਾ ਪੁੱਜ ਗਏ ਸਨ ਅਤੇ ਸੁਨੀਤਾ ਦਾ ਜਨਮ ਅਮਰੀਕਾ ਵਿਚ ਹੀ ਹੋਇਆ। ਸੁਨੀਤਾ ਵਿਲੀਅਮਜ਼ ਦੇ ਚਚੇਰੇ ਭਰਾ ਨਵੀਨ ਪਾਂਡਿਆ ਨੇ ਦੱਸਿਆ ਕਿ ਪਿੰਡ ਦੇ ਲੋਕ 9 ਮਹੀਨੇ ਤੋਂ ਉਸ ਦੀ ਸੁਰੱਖਿਅਤ ਵਾਪਸੀ ਲਈ ਅਰਦਾਸ ਕਰ ਰਹੇ ਸਨ। ਸੁਨੀਤਾ ਵਿਲੀਅਮਜ਼, ਬੁਚ ਵਿਲਮੋਰ ਅਤੇ ਹੋਰਨਾਂ ਨੂੰ ਲੈ ਕੇ ਸਪੇਸਕ੍ਰਾਫ਼ਟ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਇਆ ਤਾਂ ਉਸੇ ਵੇਲੇ ਵੱਡਾ ਇਕੱਠ ਕਰਨ ਦੀ ਯੋਜਨਾ ’ਤੇ ਕੰਮ ਸ਼ੁਰੂ ਹੋ ਗਿਆ। ਪਿੰਡ ਦੇ ਸਕੂਲ ਤੋਂ ਮੰਦਰ ਤੱਕ ਇਕ ਸ਼ੋਭਾ ਯਾਤਰਾ ਕੱਢੀ ਗਈ ਅਤੇ ਹਰ ਇਕ ਨੇ ਰੱਬ ਅੱਗੇ ਸੁਨੀਤਾ ਵਿਲੀਅਮਜ਼ ਦੀ ਲੰਮੀ ਉਮਰ ਦੀ ਅਰਦਾਸ ਕੀਤੀ। ਪਿੰਡ ਵਾਸੀਆਂ ਵੱਲੋਂ ਹੁਣ ਸੁਨੀਤਾ ਵਿਲੀਅਮਜ਼ ਨੂੰ ਝੂਲਾਸਨ ਸੱਦਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।

ਨਾਸਾ ਦੇ ਲਾਈਵ ਟੈਲੀਕਾਸਟ ’ਤੇ ਟਿਕੀਆਂ ਰਹੀਆਂ ਨਜ਼ਰਾਂ

ਇਸ ਤੋਂ ਪਹਿਲਾਂ ਉਹ 2007 ਅਤੇ 2013 ਦੇ ਪੁਲਾੜ ਮਿਸ਼ਨ ਤੋਂ ਬਾਅਦ ਭਾਰਤ ਆਏ ਸਨ ਜਦਕਿ 2008 ਵਿਚ ਪਦਮ ਭੂਸ਼ਣ ਐਵਾਰਡ ਲੈਣ ਲਈ ਭਾਰਤ ਪੁੱਜੇ। ਝੂਲਾਸਨ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਵਿਸ਼ਾਲ ਪਾਂਚਾਲ ਨੇ ਦੱਸਿਆ ਕਿ ਬੁੱਧਵਾਰ ਦੇ ਜਸ਼ਨਾਂ ਵਾਸਤੇ ਵੱਡੇ ਪੱਧਰ ’ਤੇ ਅਗਾਊਂ ਪ੍ਰਬੰਧ ਕੀਤੇ ਗਏ ਸਨ। ਇਥੇ ਦਸਣਾ ਬਣਦਾ ਹੈ ਕਿ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਧਰਤੀ ਤੱਕ ਆਉਣ ਵਿਚ 17 ਘੰਟੇ ਲੱਗੇ। ਸਪੇਸਕ੍ਰਾਫ਼ਟ ਜਿਉਂ ਹੀ ਧਰਤੀ ਦੇ ਨੇੜੇ ਆਇਆ ਤਾਂ ਇਸ ਦਾ ਤਾਪਮਾਨ 1650 ਡਿਗਰੀ ਸੈਲਸੀਅਸ ਤੋਂ ਟੱਪ ਗਿਆ ਅਤੇ ਇਸ ਦੌਰਾਨ ਤਕਰੀਬਨ 7 ਮਿੰਟ ਐਸਟ੍ਰੋਨੌਟਸ ਨਾਲ ਸੰਪਰਕ ਟੁੱਟਿਆ ਰਿਹਾ। ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਸਿੰਘ 8 ਦਿਨ ਦੇ ਮਿਸ਼ਨ ’ਤੇ ਪੁਲਾੜ ਵਿਚ ਗਏ ਸਨ ਪਰ ਸਟਾਰਲਾਈਨਰ ਸਪੇਸਕ੍ਰਾਫਟ ਵਿਚ ਵੱਡੇ ਨੁਕਸ ਸਾਹਮਣੇ ਆਉਣ ਮਗਰੋਂ ਉਨ੍ਹਾਂ ਦੀ ਵਾਪਸੀ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ ਲੱਗੇ। 

Tags:    

Similar News