ਲੰਡਨ ਤੋਂ ਮੁੰਬਈ ਜਾ ਰਹੀ ਫਲਾਈਟ ਦੀ ਐਮਰਜੰਸੀ ਲੈਂਡਿੰਗ
ਲੰਡਨ ਤੋਂ ਮੁੰਬਈ ਜਾ ਰਹੀ ਵਰਜਿਨ ਐਟਲਾਂਟਿਕ ਦੀ ਫ਼ਲਾਈਟ ਨੂੰ ਹੰਗਾਮੀ ਹਾਲਾਤ ਵਿਚ ਤੁਰਕੀ ਦੇ ਇਕ ਹਵਾਈ ਅੱਡੇ ’ਤੇ ਉਤਾਰਨਾ ਪਿਆ।
ਅੰਕਾਰਾ : ਲੰਡਨ ਤੋਂ ਮੁੰਬਈ ਜਾ ਰਹੀ ਵਰਜਿਨ ਐਟਲਾਂਟਿਕ ਦੀ ਫ਼ਲਾਈਟ ਨੂੰ ਹੰਗਾਮੀ ਹਾਲਾਤ ਵਿਚ ਤੁਰਕੀ ਦੇ ਇਕ ਹਵਾਈ ਅੱਡੇ ’ਤੇ ਉਤਾਰਨਾ ਪਿਆ। ਪ੍ਰਾਪਤ ਜਾਣਕਾਰੀ ਮੁਤਾਬਕ 200 ਤੋਂ ਵੱਧ ਭਾਰਤੀ ਲੋਕ ਪਿਛਲੇ 16 ਘੰਟੇ ਤੋਂ ਦਿਆਰਬਕਰ ਹਵਾਈ ਅੱਡੇ ’ਤੇ ਫਸੇ ਹੋਏ ਹਨ ਅਤੇ ਵਾਪਸੀ ਦਾ ਕੋਈ ਰਾਹ ਨਜ਼ਰ ਨਹੀਂ ਆ ਰਿਹਾ। ਦੱਸਿਆ ਜਾ ਰਿਹਾ ਹੈ ਕਿ ਇਕ ਮੁਸਾਫਰ ਦੀ ਸਿਹਤ ਵਿਗੜਨ ਮਗਰੋਂ ਜਹਾਜ਼ ਨੂੰ ਹੰਗਾਮੀ ਹਾਲਾਤ ਵਿਚ ਉਤਾਰਿਆ ਗਿਆ ਪਰ ਇਸੇ ਦੌਰਾਨ ਹਵਾਈ ਜਹਾਜ਼ ਵਿਚ ਤਕਨੀਕੀ ਨੁਕਸ ਪੈ ਗਿਆ ਅਤੇ ਅੰਤਮ ਰਿਪੋਰਟ ਮਿਲਣ ਤੱਕ ਉਸ ਨੂੰ ਠੀਕ ਕਰਨ ਦੇ ਯਤਨ ਕੀਤੇ ਜਾ ਰਹੇ ਸਨ।
ਤੁਰਕੀ ਹਵਾਈ ਅੱਡੇ ’ਤੇ ਫਸੇ 200 ਤੋਂ ਵੱਧ ਭਾਰਤੀ
ਮੁਸਾਫਰਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਤਸਵੀਰਾਂ ਸਾਂਝੀਆਂ ਕਰਦਿਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਵਰਜਿਨ ਐਟਲਾਂਟਿਕ ਵੱਲੋਂ ਹੁਣ ਤੱਕ ਬਦਲਵੇਂ ਜਹਾਜ਼ ਦਾ ਪ੍ਰਬੰਧ ਨਹੀਂ ਕੀਤਾ ਗਿਆ। ਸਮਾਂ ਲੰਘਣ ਦੇ ਨਾਲ ਮੁਸਾਫਰਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਅਤੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲ ਆ ਰਹੀ ਹੈ ਜਦਕਿ ਏਅਰਲਾਈਨ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿਤੀ ਜਾ ਰਹੀ। ਮੁਸਾਫਰਾਂ ਵੱਲੋਂ ਆਪਣੇ ਰਿਸ਼ਤੇਦਾਰਾਂ ਰਾਹੀਂ ਮਾਮਲਾ ਭਾਰਤ ਸਰਕਾਰ ਦੇ ਸਿਵਲ ਐਵੀਏਸ਼ਨ ਮੰਤਰਾਲੇ ਕੋਲ ਉਠਾਇਆ ਗਿਆ ਹੈ। ਮੰਤਰਾਲੇ ਨੇ ਭਰੋਸਾ ਦਿਤਾ ਹੈ ਜਲਦ ਤੋਂ ਜਲਦ ਮੁਸਾਫ਼ਰਾਂ ਨੂੰ ਮੁੰਬਈ ਲਿਆਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।