ਸ਼ਰਾਬੀ ਨੇ ਹਵਾਈ ਜਹਾਜ਼ ’ਚ ਕੁੱਟੇ ਮੁਸਾਫ਼ਰ
ਅਮਰੀਕਾ ਦੇ ਵਰਜੀਨੀਆ ਸੂਬੇ ਤੋਂ ਉਡੇ ਇਕ ਹਵਾਈ ਜਹਾਜ਼ ਦੀ ਐਮਰਜੰਸੀ ਲੈਂਡਿੰਗ ਕਰਵਾਉਣੀ ਪਈ ਜਦੋਂ ਇਕ ਸ਼ਰਾਬੀ ਮੁਸਾਫ਼ਰ ਨੇ ਆਪਣੀ ਬੈਲਟ ਨਾਲ ਸਾਥੀ ਮੁਸਾਫ਼ਰਾਂ ਨੂੰ ਕੁੱਟਣਾ ਸ਼ੁਰੂ ਕਰ ਦਿਤਾ।
ਲੌਸ ਐਂਜਲਸ : ਅਮਰੀਕਾ ਦੇ ਵਰਜੀਨੀਆ ਸੂਬੇ ਤੋਂ ਉਡੇ ਇਕ ਹਵਾਈ ਜਹਾਜ਼ ਦੀ ਐਮਰਜੰਸੀ ਲੈਂਡਿੰਗ ਕਰਵਾਉਣੀ ਪਈ ਜਦੋਂ ਇਕ ਸ਼ਰਾਬੀ ਮੁਸਾਫ਼ਰ ਨੇ ਆਪਣੀ ਬੈਲਟ ਨਾਲ ਸਾਥੀ ਮੁਸਾਫ਼ਰਾਂ ਨੂੰ ਕੁੱਟਣਾ ਸ਼ੁਰੂ ਕਰ ਦਿਤਾ। ਸ਼ਰਾਬੀ ਮੁਸਾਫ਼ਰ ਨਸਲੀ ਟਿੱਪਣੀਆਂ ਕਰਨ ਦੇ ਨਾਲ-ਨਾਲ ਗੰਦੀਆਂ ਗਾਲ੍ਹਾਂ ਵੀ ਕੱਢ ਰਿਹਾ ਸੀ ਅਤੇ ਹਾਲਾਤ ਬੇਕਾਬੂ ਹੁੰਦੇ ਵੇਖ ਜਹਾਜ਼ ਨੂੰ ਕੋਲੋਰਾਡੋ ਦੇ ਗਰੈਂਡ ਜੰਕਸ਼ਨ ਰੀਜਨਲ ਏਅਰਪੋਰਟ ’ਤੇ ਉਤਾਰਨਾ ਪਿਆ। ਸ਼ਰਾਬੀ ਨੇ ਬਰੀਜ਼ ਏਅਰਵੇਜ਼ ਦੇ ਮੁਲਾਜ਼ਮ ਵੀ ਨਾ ਬਖਸ਼ੇ ਅਤੇ ਉਨ੍ਹਾਂ ਨੂੰ ਵੀ ਟੁੱਟ ਕੈ ਪੈਣ ਲੱਗਾ। ਇਥੇ ਦਸਣਾ ਬਣਦਾ ਹੈ ਕਿ ਬਰੀਜ਼ ਏਅਰਵੇਜ਼ ਦੀ ਫਲਾਈਟ ਐਮ.ਐਕਸ 704 ਨੇ ਵਰਜੀਨੀਆ ਦੇ ਨੌਰਫਕ ਤੋਂ ਕੈਲੇਫੋਰਨੀਆ ਦੇ ਲੌਸ ਐਂਜਲਸ ਸ਼ਹਿਰ ਜਾਣਾ ਸੀ ਪਰ ਰਾਹ ਵਿਚ ਹੀ ਖੌਰੂ ਪੈ ਗਿਆ।
ਕੋਲੋਰਾਡੋ ਵਿਖੇ ਕਰਵਾਉਣੀ ਪਈ ਐਮਰਜੰਸੀ ਲੈਂਡਿੰਗ
ਉਧਰ ਗਰੈਂਡ ਜੰਕਸ਼ਨ ਪੁਲਿਸ ਨੇ ਦੱਸਿਆ ਕਿ ਸ਼ਰਾਬੀ ਨੇ ਸਭ ਤੋਂ ਪਹਿਲਾਂ ਕੂਕਾਂ ਮਾਰਨੀਆਂ ਸ਼ੁਰੂ ਕੀਤੀਆਂ ਅਤੇ ਫਿਰ ਹੋਰਨਾਂ ਮੁਸਾਫ਼ਰਾਂ ਸਣੇ ਫਲਾਈਟ ਅਟੈਂਡੈਂਟਸ ਬਾਰੇ ਨਸਲੀ ਟਿੱਪਣੀਆਂ ਕਰਨ ਲੱਗਾ। ਸ਼ਰਾਬ ਦਾ ਨਸ਼ਾ ਸਿਰ ਚੜ੍ਹ ਬੋਲ ਰਿਹਾ ਸੀ ਅਤੇ ਜਲਦ ਹੀ ਮੁਸਾਫ਼ਰ ਨੇ ਆਪਣੀ ਬੈਲਟ ਖੋਲ੍ਹ ਲਈ ਅਤੇ ਹੋਰਨਾਂ ਉਤੇ ਵਾਰ ਕਰਨ ਲੱਗਾ। ਸ਼ਰਾਬੀ ਦੇ ਹੱਥ ਵਿਚ ਇਕ ਸਕੇਟ ਬੋਰਡ ਵੀ ਨਜ਼ਰ ਆਇਆ ਜਿਸ ਤੋਂ ਡਰਦਿਆਂ ਮੁਢਲੇ ਤੌਰ ’ਤੇ ਕਿਸੇ ਮੁਸਾਫ਼ਰ ਜਾਂ ਜਹਾਜ਼ ਦੇ ਕਰੂ ਮੈਂਬਰਾਂ ਨੇ ਉਸ ਨੂੰ ਰੋਕਣ ਦੀ ਹਿੰਮਤ ਨਾ ਕੀਤੀ ਪਰ ਪਾਣੀ ਸਿਰ ਤੋਂ ਲੰਘਦਾ ਵੇਖ ਕੁਝ ਮੁਸਾਫ਼ਰ ਨੇ ਇਕੱਠੇ ਹੋ ਕੇ ਸ਼ਰਾਬੀ ਨੂੰ ਹੇਠਾਂ ਸੁੱਟ ਲਿਆ। ਇਸੇ ਦੌਰਾਨ ਜਹਾਜ਼ ਦੇ ਪਾਇਲਟ ਨੇ ਐਮਰਜੰਸੀ ਲੈਂਡਿੰਗ ਕਰਵਾਉਣ ਦਾ ਫੈਸਲਾ ਲਿਆ ਅਤੇ ਹਵਾਈ ਅੱਡੇ ’ਤੇ ਪਹਿਲਾਂ ਤੋਂ ਮੌਜੂਦ ਪੁਲਿਸ ਮੁਲਾਜ਼ਮ ਸ਼ਰਾਬੀ ਨੂੰ ਗ੍ਰਿਫਤਾਰ ਕਰ ਕੇ ਲੈ ਗਏ। ਪੁਲਿਸ ਵੱਲੋਂ ਸ਼ਰਾਬੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਕੁਝ ਲੋਕਾਂ ਵੱਲੋਂ ਰਿਕਾਰਡ ਕੀਤੀਆਂ ਵੀਡੀਓਜ਼ ਵਿਚ ਉਸ ਦੀ ਸ਼ਕਲ ਦੇਖੀ ਜਾ ਸਕਦੀ ਹੈ। ਏਅਰ ਟ੍ਰੈਫ਼ਿਕ ਕੰਟ੍ਰੋਲਰਾਂ ਤੋਂ ਹਾਸਲ ਆਡੀਓ ਸੁਣ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਰਾਬੀ ਨੇ ਇਕ ਵਾਰ ਪੂਰਾ ਜਹਾਜ਼ ਸਿਰ ’ਤੇ ਚੁੱਕ ਲਿਆ। ਘਟਨਾ ਦੌਰਾਨ ਕੋਈ ਮੁਸਾਫ਼ਰ ਗੰਭੀਰ ਜ਼ਖਮੀ ਨਹੀਂ ਹੋਇਆ ਅਤੇ ਇਕ ਫਲਾਈਟ ਅਟੈਂਡੈਂਟ ਸਣੇ ਇਕ ਮੁਸਾਫ਼ਰ ਦੇ ਮਾਮੂਲੀ ਸੱਟਾਂ ਵੱਜਣ ਦੀ ਰਿਪੋਰਟ ਹੈ।
ਵਰਜੀਨੀਆ ਤੋਂ ਕੈਲੇਫੋਰਨੀਆ ਵੱਲ ਜਾ ਰਿਹਾ ਸੀ ਜਹਾਜ਼
ਦੂਜੇ ਪਾਸੇ ਸਿਰਫ਼ ਡੇਢ ਘੰਟੇ ਦੀ ਫਲਾਈਟ ਵਿਚ ਸਵਾਰ ਮੁਸਾਫ਼ਰ ਇਕ ਸਿਰਫਿਰੇ ਸ਼ਖਸ ਦੀਆਂ ਕਰਤੂਤਾਂ ਕਰ ਕੇ ਕਈ ਘੰਟੇ ਦੀ ਦੇਰ ਨਾਲ ਆਪਣੀ ਮੰਜ਼ਲ ’ਤੇ ਪੁੱਜ ਸਕੇ। ਦੱਸ ਦੇਈਏ ਕਿ ਸ਼ਰਾਬੀਆਂ ਵੱਲੋਂ ਜਹਾਜ਼ ਵਿਚ ਗਾਹ ਪਾਉਣ ਦੀਆਂ ਘਟਨਾਵਾਂ ਲਗਾਤਾਰ ਵਕਫੇ ’ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਿਛਲੇ ਮਹੀਨੇ ਯੂ.ਕੇ. ਵਿਚ ਟੇਕਔਫ਼ ਕਰਨ ਲਈ ਤਿਆਰ ਬਰ ਤਿਆਰ ਹਵਾਈ ਜਹਾਜ਼ ਵਿਚ 2 ਸ਼ਰਾਬੀਆਂ ਨੇ ਐਨਾ ਖੌਰੂ ਪਾਇਆ ਕਿ ਪੁਲਿਸ ਸੱਦਣੀ ਪਈ ਅਤੇ ਫਲਾਈਟ ਕਈ ਘੰਟੇ ਦੇਰੀ ਨਾਲ ਰਵਾਨਾ ਹੋ ਸਕੀ। ਯੂ.ਕੇ. ਦੀ ਏਅਰਲਾਈਨ ਵੱਲੋਂ ਦੋਹਾਂ ਨੂੰ ਪੱਕੇ ਤੌਰ ’ਤੇ ਨੋ ਫਲਾਈ ਲਿਸਟ ਵਿਚ ਪਾ ਦਿਤਾ ਗਿਆ ਜਿਨ੍ਹਾਂ ਨੇ ਜਹਾਜ਼ ਵਿਚ ਸਵਾਰ ਸਵਾਰ ਹੋਰਨਾਂ ਮੁਸਾਫ਼ਰਾਂ ਨੂੰ ਬੇਹੱਦ ਖੱਜਲ ਖੁਆਰ ਕੀਤਾ। ਦੋਹਾਂ ਕੋਲ ਸ਼ਰਾਬ ਦੀ ਇਕ ਬੋਤਲ ਸੀ ਅਤੇ ਜਹਾਜ਼ ਰਵਾਨਾ ਹੋਣ ਤੋਂ ਪਹਿਲਾਂ ਹੀ ਨਸ਼ੇ ਵਿਚ ਟੱਲੀ ਹੋ ਗਏ।