ਅਮਰੀਕਾ ਦੇ ਵੀਜ਼ੇ ਲਈ ਸ਼ਰਤਾਂ ਨਰਮ ਕਰਨਗੇ ਡੌਨਲਡ ਟਰੰਪ
ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਸੱਤਾ ਸੰਭਾਲਣ ਮਗਰੋਂ ਜਾਇਜ਼ ਤਰੀਕੇ ਨਾਲ ਅਮਰੀਕਾ ਆਉਣ ਦੇ ਇੱਛਕ ਲੋਕਾਂ ਦਾ ਰਾਹ ਸੁਖਾਲਾ ਕੀਤਾ ਜਾਵੇਗਾ।;
ਵਾਸ਼ਿੰਗਟਨ : ਲੱਖਾਂ ਦੀ ਗਿਣਤੀ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢਣ ਦਾ ਦਾਅਵਾ ਕਰ ਰਹੇ ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਸੱਤਾ ਸੰਭਾਲਣ ਮਗਰੋਂ ਜਾਇਜ਼ ਤਰੀਕੇ ਨਾਲ ਅਮਰੀਕਾ ਆਉਣ ਦੇ ਇੱਛਕ ਲੋਕਾਂ ਦਾ ਰਾਹ ਸੁਖਾਲਾ ਕੀਤਾ ਜਾਵੇਗਾ। ਐਨ.ਬੀ.ਸੀ. ਨਿਊਜ਼ ਨਾਲ ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਕਾਤਲਾਂ ਦੀ ਨਹੀਂ ਬਲਕਿ ਮੁਲਕ ਨੂੰ ਪਿਆਰ ਕਰਨ ਵਾਲਿਆਂ ਦੀ ਜ਼ਰੂਰਤ ਹੈ। ਦੂਜੇ ਪਾਸੇ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੀਆਂ ਵਸਤਾਂ ’ਤੇ ਭਾਰੀ ਟੈਕਸ ਦਰਾਂ ਲਾਗੂ ਕਰਨ ਦੀ ਗੱਲ ਵੀ ਟਰੰਪ ਨੇ ਦੁਹਰਾਈ। ਟਰੰਪ ਨੇ ਦੱਸਿਆ ਕਿ ਪਿਛਲੇ ਤਿੰਨ ਸਾਲ ਦੌਰਾਨ 13 ਹਜ਼ਾਰ ਤੋਂ ਵੱਧ ਕਾਤਲਾਂ ਨੂੰ ਰਿਹਾਅ ਕਰ ਦਿਤਾ ਗਿਆ ਜੋ ਤੁਹਾਡੇ ਪਰਵਾਰ ਵਾਸਤੇ ਖ਼ਤਰਨਾਕ ਸਾਬਤ ਹੋ ਸਕਦੇ ਹਨ। ਅਜਿਹੇ ਲੋਕਾਂ ਨੂੰ ਕੋਈ ਵੀ ਅਮਰੀਕਾ ਵਿਚ ਰੱਖਣਾ ਨਹੀਂ ਚਾਹੁੰਦਾ। ਰਾਸ਼ਟਰਪਤੀ ਵਜੋਂ ਸੱਤਾ ਸੰਭਾਲਣ ਦੇ ਪਹਿਲੇ ਹੀ ਦਿਨ ਕਈ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰਨ ਦਾ ਐਲਾਨ ਕਰ ਚੁੱਕੇ ਟਰੰਪ ਨੇ ਕਿਹਾ ਕਿ ਅਪਰਾਧੀਆਂ ਨੂੰ ਮੁਲਕ ਵਿਚੋਂ ਬਾਹਰ ਕੱਢਣਾ ਹੀ ਹੋਵੇਗਾ, ਨਹੀਂ ਤਾਂ ਐਮ.ਐਸ. 13 ਵਰਗੇ ਦੁਨੀਆਂ ਦੇ ਖਤਰਨਾਕ ਗਿਰੋਹ ਅਮਰੀਕਾ ਦੇ ਧਰਤੀ ’ਤੇ ਸਰਗਰਮ ਹੋ ਜਾਣਗੇ। ਟਰੰਪ ਨੇ ਅੱਗੇ ਦੱਸਿਆ ਕਿ ਅਪਰਾਧੀਆਂ ਤੋਂ ਬਾਅਦ ਹੋਰਨਾਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਵਾਰੀ ਆਵੇਗੀ ਅਤੇ ਆਪਣੇ ਮੁਲਕ ਨੂੰ ਸਾਫ਼ ਸੁਥਰਾ ਬਣਾਉਣ ਦੇ ਯਤਨ ਕੀਤੇ ਜਾਣਗੇ।
ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹਰ ਹਾਲਤ ਕੱਢਣ ਦਾ ਸਟੈਂਡ ਦੁਹਰਾਇਆ
ਨਿਆਣੀ ਉਮਰ ਵਿਚ ਅਮਰੀਕਾ ਆਏ ਅਤੇ ਇਸ ਵੇਲੇ 40 ਸਾਲ ਦੇ ਨੇੜੇ ਢੁਕ ਚੁੱਕੇ ਪ੍ਰਵਾਸੀਆਂ ਪ੍ਰਤੀ ਨਰਮ ਰੁਖ ਅਖਤਿਆਰ ਕਰਦਿਆਂ ਟਰੰਪ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਡਰੀਮਰਜ਼ ਨੂੰ ਆਪਣੇ ਜੱਦੀ ਮੁਲਕ ਦੀ ਭਾਸ਼ਾ ਵੀ ਨਹੀਂ ਆਉਂਦੀ ਜਿਸ ਨੂੰ ਵੇਖਦਿਆਂ ਸਾਡੀ ਸਰਕਾਰ ਇਨ੍ਹਾਂ ਵਾਸਤੇ ਕੁਝ ਨਾ ਕੁਝ ਜ਼ਰੂਰ ਕਰੇਗੀ। ਪਰਵਾਰਾਂ ਨੂੰ ਵਿਛੋੜਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਕਿਸੇ ਵੀ ਪਰਵਾਰ ਨੂੰ ਅੱਡ ਅੱਡ ਨਹੀਂ ਕੀਤਾ ਜਾਵੇਗਾ। ਨਵੀਂ ਸਰਕਾਰ ਪੂਰਾ ਪਰਵਾਰ ਡਿਪੋਰਟ ਕਰੇਗੀ ਅਤੇ ਜਿਹੜੇ ਮਾਮਲਿਆਂ ਵਿਚ ਕੁਝ ਲੋਕ ਅਮਰੀਕਾ ਵਿਚ ਪੱਕੇ ਅਤੇ ਕੁਝ ਲੋਕ ਨਹੀਂ ਤਾਂ ਉਨ੍ਹਾਂ ਪਰਵਾਰਾਂ ਦੀ ਮਰਜ਼ੀ ਹੋਵੇਗੀ ਕਿ ਉਹ ਆਪਣੇ ਬਾਕੀ ਪਰਵਾਰ ਨਾਲ ਜੱਦੀ ਮੁਲਕ ਜਾ ਸਕਦੇ ਹਨ। ਕੈਨੇਡਾ ਅਤੇ ਮੈਕਸੀਕੋ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਖਜ਼ਾਨੇ ’ਤੇ ਦੋਵੇਂ ਮੁਲਕ 400 ਅਰਬ ਡਾਲਰ ਦਾ ਬੋਝ ਪਾ ਰਹੇ ਹਨ। 300 ਅਰਬ ਡਾਲਰ ਦਾ ਬੋਝ ਮੈਕਸੀਕੋ ਪਾ ਰਿਹਾ ਹੈ ਜਦਕਿ 100 ਅਰਬ ਡਾਲਰ ਦਾ ਬੋਝ ਕੈਨੇਡਾ ਕਰ ਕੇ ਪੈ ਰਿਹਾ ਹੈ। ਅਮਰੀਕਾ ਆਪਣੇ ਗੁਆਂਢੀਆਂ ਨੂੰ ਸਬਸਿਡੀ ਦੇਣ ਦਾ ਪਾਬੰਦੀ ਨਹੀਂ ਜਿਸ ਦੇ ਮੱਦੇਨਜ਼ਰ ਦੋਹਾਂ ਮੁਲਕਾਂ ਦੀਆਂ ਵਸਤਾਂ ’ਤੇ ਟੈਕਸ ਲਾਗੂ ਕੀਤਾ ਜਾਵੇਗਾ।
ਕੈਨੇਡਾ ਅਤੇ ਮੈਕਸੀਕੋ ਲਾ ਰਹੇ ਅਮਰੀਕਾ ਦੇ ਖਜ਼ਾਨੇ ਨੂੰ 400 ਅਰਬ ਡਾਲਰ ਦਾ ਖੋਰਾ
ਟਰੰਪ ਨੂੰ ਰੂਸ-ਯੂਕਰੇਨ ਜੰਗ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੋਹਾਂ ਮੁਲਕਾਂ ਦੀ ਲੜਾਈ ਵੱਡੀ ਮੂਰਖਤਾ ਹੈ। ਅਮਰੀਕਾ ਖੁਦ ਨਾਟੋ ਵਿਚੋਂ ਬਾਹਰ ਹੋਣ ’ਤੇ ਵਿਚਾਰ ਕਰ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਯੂਕਰੇਨ ਦੀ ਨਾਟੋ ਵਿਚ ਸ਼ਮੂਲੀਅਤ ਦਾ ਮੁੱਦਾ ਹੀ ਰੂਸ-ਯੂਕਰੇਨ ਜੰਗ ਦਾ ਕਾਰਨ ਬਣਿਆ ਅਤੇ ਹੁਣ ਅਮਰੀਕਾ ਹੀ ਨਾਟੋ ਵਿਚੋਂ ਬਾਹਰ ਹੋ ਗਿਆ ਤਾਂ ਯੂਕਰੇਨ ਦੀ ਮਦਦ ਕੌਣ ਕਰੇਗਾ। ਟਰੰਪ ਨੇ ਇੰਟਰਵਿਊ ਦੌਰਾਨ ਇਹ ਵੀ ਕਿਹਾ ਕਿ ਉਹ 6 ਜਨਵਰੀ 2021 ਨੂੰ ਕੈਪੀਟਲ ਹਿਲ ’ਤੇ ਹਮਲਾ ਕਰਨ ਵਾਲਿਆਂ ਨੂੰ ਮੁਆਫੀ ਦੇਣ ’ਤੇ ਵਿਚਾਰ ਕਰ ਰਹੇ ਹਨ।