Donald Trump: ਪਾਕਿਸਤਾਨ-ਅਫ਼ਗ਼ਾਨਿਸਤਾਨ ਦੇ ਵਿਵਾਦ ਨੂੰ ਲੈਕੇ ਟਰੰਪ ਦਾ ਬਿਆਨ, "ਇਹ ਜੰਗ ਵੀ ਰੁਕਵਾ ਦਿਆਂਗਾ"
ਬੋਲੇ, "ਮੈਂ ਹੁਣ ਤੱਕ 8 ਜੰਗਾਂ ਰੁਕਵਾਈਆਂ"
Donald Trump On Pakistan Afghanistan Tension: ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹਨਾਂ ਨੇ ਹੁਣ ਤੱਕ ਅੱਠ ਜੰਗਾਂ ਰੁਕਵਾ ਦਿੱਤੀਆਂ ਹਨ। ਜੇਕਰ ਲੋੜ ਪਈ ਤਾਂ ਉਹ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਚੱਲ ਰਹੀ ਲੜਾਈ ਨੂੰ ਵੀ ਰੁਕਵਾ ਦੇਣਗੇ। ਅਫਗਾਨਿਸਤਾਨ ਦਾ ਦਾਅਵਾ ਹੈ ਕਿ 50 ਤੋਂ ਵੱਧ ਪਾਕਿਸਤਾਨੀ ਫ਼ੌਜੀ ਮਾਰੇ ਗਏ ਹਨ, ਜਦੋਂ ਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਉਸਨੇ ਅਫਗਾਨ ਲੜਾਕਿਆਂ ਨੂੰ ਮਾਰ ਦਿੱਤਾ ਹੈ। ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਇਸ ਵਿਵਾਦ ਬਾਰੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਜੰਗਾਂ ਨੂੰ ਰੁਕਵਾਉਣ ਵਿੱਚ ਐਕਸਪਰਟ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ਸ਼ਾਂਤੀ ਯਤਨਾਂ ਲਈ ਨੋਬਲ ਪੁਰਸਕਾਰ ਨਹੀਂ ਚਾਹੁੰਦੇ, ਉਹ ਬੱਸ ਦੁਨੀਆ ਤੇ ਸ਼ਾਂਤੀ ਕਾਇਮ ਰੱਖਣਾ ਚਾਹੁੰਦੇ ਹਨ।
ਇਜ਼ਰਾਈਲ ਦੀ ਆਪਣੀ ਫੇਰੀ ਦੌਰਾਨ ਏਅਰ ਫੋਰਸ ਵਨ 'ਤੇ ਬੋਲਦੇ ਹੋਏ, ਡੋਨਾਲਡ ਟਰੰਪ ਨੇ ਕਿਹਾ ਕਿ ਟੈਰਿਫ ਧਮਕੀਆਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਨੂੰ ਟਾਲਣ ਵਿੱਚ ਮਦਦ ਕੀਤੀ। ਕੂਟਨੀਤੀ ਦਾ ਉਦੇਸ਼ ਜਾਨਾਂ ਬਚਾਉਣਾ ਹੈ, ਪੁਰਸਕਾਰ ਜਿੱਤਣਾ ਨਹੀਂ। ਟਰੰਪ ਨੇ ਇਹ ਵੀ ਕਿਹਾ ਕਿ ਗਾਜ਼ਾ ਯੁੱਧ ਖਤਮ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਅੱਠਵਾਂ ਯੁੱਧ ਹੈ ਜਿਸਨੂੰ ਉਨ੍ਹਾਂ ਨੇ ਰੋਕਿਆ ਹੈ। ਟਰੰਪ ਨੇ ਕਿਹਾ, "ਇਹ ਮੇਰਾ ਨੌਵਾਂ ਯੁੱਧ ਹੋਵੇਗਾ ਜਿਸਨੂੰ ਮੈਂ ਰੁਕਵਾਵਾਂਗਾ। ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਯੁੱਧ ਰੁਵਾਉਣ ਲਈ ਮੈਨੂੰ ਇੰਤਜ਼ਾਰ ਕਰਨਾ ਪਵੇਗਾ।'"
ਟਰੰਪ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਾਕਿਸਤਾਨ-ਅਫਗਾਨਿਸਤਾਨ ਸਰਹੱਦ 'ਤੇ ਤਣਾਅ ਵਧ ਗਿਆ ਹੈ, ਰਾਤ ਭਰ ਲੜਾਈ ਜਾਰੀ ਹੈ। ਐਸੋਸੀਏਟਿਡ ਪ੍ਰੈਸ ਦੇ ਅਨੁਸਾਰ, ਅਫਗਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਵਾਬੀ ਗੋਲੀਬਾਰੀ ਵਿੱਚ 58 ਪਾਕਿਸਤਾਨੀ ਸੈਨਿਕ ਮਾਰੇ ਗਏ, ਜਦੋਂ ਕਿ ਪਾਕਿਸਤਾਨੀ ਫੌਜ ਨੇ 23 ਸੈਨਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਡੋਨਾਲਡ ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਪਹਿਲਕਦਮੀਆਂ ਨੇ ਲੱਖਾਂ ਜਾਨਾਂ ਬਚਾਈਆਂ ਹਨ, ਅਤੇ ਅਜਿਹਾ ਕਰਨਾ ਸਨਮਾਨ ਦੀ ਗੱਲ ਹੈ। "ਮੈਂ ਇਹ ਨੋਬਲ ਪੁਰਸਕਾਰ ਲਈ ਨਹੀਂ ਕੀਤਾ, ਸਗੋਂ ਜਾਨਾਂ ਬਚਾਉਣ ਲਈ ਕੀਤਾ।" ਟਰੰਪ ਨੇ ਕਿਹਾ ਕਿ ਟੈਰਿਫ ਨੇ ਜੰਗਾਂ ਨੂੰ ਰੋਕਣ ਵਿੱਚ ਮਦਦ ਕੀਤੀ ਹੈ। "ਜੇ ਟੈਰਿਫ ਲਾਗੂ ਨਾ ਹੁੰਦੇ, ਤਾਂ ਜੰਗਾਂ ਨੂੰ ਰੋਕਣਾ ਬਹੁਤ ਮੁਸ਼ਕਲ ਹੁੰਦਾ।"
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਯੁੱਧਾਂ ਨੂੰ ਸਿਰਫ਼ ਟੈਰਿਫ ਧਮਕੀ ਦੇ ਆਧਾਰ 'ਤੇ ਹੱਲ ਕੀਤਾ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਬਾਰੇ, ਉਨ੍ਹਾਂ ਕਿਹਾ, "ਜੇ ਤੁਸੀਂ ਜੰਗ ਲੜਨਾ ਚਾਹੁੰਦੇ ਹੋ, ਅਤੇ ਜੇਕਰ ਤੁਹਾਡੇ ਕੋਲ ਪ੍ਰਮਾਣੂ ਹਥਿਆਰ ਹਨ, ਤਾਂ ਮੈਂ ਤੁਹਾਡੇ ਦੋਵਾਂ 'ਤੇ ਭਾਰੀ ਟੈਰਿਫ ਲਗਾਵਾਂਗਾ, 100 ਪ੍ਰਤੀਸ਼ਤ, 150 ਪ੍ਰਤੀਸ਼ਤ, ਜਾਂ 200 ਪ੍ਰਤੀਸ਼ਤ ਤੱਕ।"