ਕਮਲਾ ਹੈਰਿਸ ਦੀ ਮਕਬੂਲੀਅਤ ਤੋਂ ਘਬਰਾਏ ਡੌਨਲਡ ਟਰੰਪ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਆਪਣੀ ਵਿਰੋਧੀ ਕਮਲਾ ਹੈਰਿਸ ਦੀ ਲਗਾਤਾਰ ਵਧ ਰਹੀ ਮਕਬੂਲੀਅਤ ਤੋਂ ਘਬਰਾਏ ਮਹਿਸੂਸ ਹੋ ਰਹੇ ਹਨ।

Update: 2024-08-01 08:15 GMT

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਆਪਣੀ ਵਿਰੋਧੀ ਕਮਲਾ ਹੈਰਿਸ ਦੀ ਲਗਾਤਾਰ ਵਧ ਰਹੀ ਮਕਬੂਲੀਅਤ ਤੋਂ ਘਬਰਾਏ ਮਹਿਸੂਸ ਹੋ ਰਹੇ ਹਨ। ਜੀ ਹਾਂ, ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੇ ਮੁੱਖ ਮੁੱਦਿਆਂ ਨੂੰ ਛੱਡ ਕੇ ਨਸਲਵਾਦ ਨੂੰ ਉਭਾਰਨਾ ਸ਼ੁਰੂ ਕਰ ਦਿਤਾ ਹੈ ਅਤੇ ਇਕ ਇੰਟਰਵਿਊ ਦੌਰਾਨ ਕਮਲਾ ਹੈਰਿਸ ਨੂੰ ਸਵਾਲ ਕਰਦੇ ਨਜ਼ਰ ਆਏ ਕਿ ਉਹ ਭਾਰਤੀ ਮੂਲ ਦੇ ਹਨ ਜਾਂ ਅਫਰੀਕੀ ਮੂਲ ਦੇ। ਉਧਰ ਵਾਈਟ ਹਾਊਸ ਵੱਲੋਂ ਟਰੰਪ ਦੀਆਂ ਟਿੱਪਣੀਆਂ ਨੂੰ ਬੇਇੱਜ਼ਤ ਕਰਨ ਵਾਲੀਆਂ ਕਰਾਰ ਦਿਤਾ ਗਿਆ ਹੈ। ਡੌਨਲਡ ਟਰੰਪ ਨੇ ਕਿਹਾ, ‘‘ਮੈਂ ਨਹੀਂ ਜਾਣਦਾ ਕਿ ਕੁਝ ਸਾਲ ਪਹਿਲਾਂ ਤੱਕ ਕਮਲਾ ਹੈਰਿਸ ਆਪਣੇ ਆਪ ਨੂੰ ਅਫਰੀਕੀ ਮੂਲ ਦਾ ਦੱਸਦੇ ਸਨ ਪਰ ਹੁਣ ਖੁਦ ਨੂੰ ਬਲੈਕ ਕਮਿਊਨਿਟੀ ਨਾਲ ਸਬੰਧਤ ਦੱਸ ਰਹੇ ਹਨ।

ਸਵਾਲ ਕੀਤਾ, ਪਹਿਲਾਂ ਇਹ ਦੱਸੋ ਕਿ ਤੁਸੀਂ ਭਾਰਤੀ ਹੋ ਜਾਂ ਅਫ਼ਰੀਕੀ ਮੂਲ ਦੇ

ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਉਹ ਭਾਰਤੀ ਮੂਲ ਦੇ ਹਨ ਜਾਂ ਅਫ਼ਰੀਕੀ ਮੂਲ ਦੇ।’’ ਟਰੰਪ ਨੇ ਦਾਅਵਾ ਕੀਤਾ ਕਿ ਅਤੀਤ ਵਿਚ ਕਮਲਾ ਹੈਰਿਸ ਆਪਣੇ ਆਪ ਨੂੰ ਭਾਰਤੀ ਮੂਲ ਨਾਲ ਜੋੜ ਦੇ ਆਏ ਹਨ ਅਤੇ ਹੁਣ ਰਾਸ਼ਟਰਪਤੀ ਚੋਣਾਂ ਵੇਲੇ ਬਲੈਕ ਕਿਵੇਂ ਹੋ ਗਏ। ਇਥੇ ਦਸਣਾ ਬਣਦਾ ਹੈ ਕਿ ਕਮਲਾ ਹੈਰਿਸ ਦੇ ਪਿਤਾ ਜਮਾਇਕਾ ਅਤੇ ਮਾਤਾ ਭਾਰਤੀ ਮੂਲ ਦੇ ਸਨ। ਕਮਲਾ ਹੈਰਿਸ ਨੇ ਹਾਵਰਡ ਯੂਨੀਵਰਸਿਟੀ ਵਿਚ ਦਾਖਲਾ ਲਿਆ ਜਿਸ ਨੂੰ ਕਾਲਿਆਂ ਨਾਲ ਸਬੰਧਤ ਵਿਦਿਅਕ ਅਦਾਰਾ ਮੰਨਿਆ ਜਾਂਦਾ ਹੈ। ਫਿਰ ਸੈਨੇਟਰ ਬਣਨ ਮਗਰੋਂ ਕਮਲਾ ਹੈਰਿਸ ਬਲੈਕ ਕੌਕਸ ਦੇ ਮੈਂਬਰ ਵੀ ਰਹੇ। ਸਾਬਕਾ ਰਾਸ਼ਟਰਪਤੀ ਦੀਆਂ ਟਿੱਪਣੀਆਂ ਦੇ ਜਵਾਬ ਵਿਚ ਕਮਲਾ ਹੈਰਿਸ ਦੇ ਪ੍ਰਚਾਰ ਦਫ਼ਤਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਟਰੰਪ ਅਕਸਰ ਹੀ ਕਾਲੇ ਪੱਤਰਕਾਰਾਂ ’ਤੇ ਨਿਜੀ ਹਮਲੇ ਕਰਦੇ ਆਏ ਅਤੇ ਰਾਸ਼ਟਰਪਤੀ ਹੁੰਦਿਆਂ ਉਨ੍ਹਾਂ ਨੇ ਕਾਲਿਆਂ ਦੀ ਬਿਹਤਰੀ ਵਾਸਤੇ ਕੁਝ ਨਹੀਂ ਕੀਤਾ। ਇਸ ਤੋਂ ਪਹਿਲਾਂ ਟਰੰਪ ਨੇ ਅਫਵਾਹ ਫੈਲਾਉਣ ਦਾ ਯਤਨ ਕੀਤਾ ਕਿ ਬਰਾਕ ਓਬਾਮਾ ਅਮਰੀਕਾ ਵਿਚ ਜੰਮੇ ਹੀ ਨਹੀਂ ਅਤੇ ਫਰੌਡ ਕਰ ਕੇ ਰਾਸ਼ਟਰਪਤੀ ਦਾ ਅਹੁਦਾ ਹਾਸਲ ਕੀਤਾ।

ਇੰਟਰਵਿਊ ਲੈਣ ਵਾਲੀ ਮਹਿਲਾ ਪੱਤਰਕਾਰ ਨਾਲ ਵੀ ਪੇਚਾ ਪਾਇਆ

ਸਿਰਫ ਵਿਰੋਧੀਆਂ ਬਾਰੇ ਹੀ ਨਹੀਂ, ਉਹ ਰਿਪਬਲਿਕਨ ਪਾਰਟੀ ਵਿਚ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਆਗੂਆਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਦੇ ਸੁਣੇ ਜਾ ਚੁੱਕੇ ਹਨ। ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੈਲੀ ਨੂੰ ਟਰੰਪ ਨੇ ਇਕ ਵਾਰ ‘ਨਿੰਬਰਾ’ ਕਹਿ ਕੇ ਸੱਦਿਆ। ਨਿੱਕੀ ਹੈਲੀ ਪੰਜਾਬੀ ਮਾਪਿਆਂ ਦੀ ਸੰਤਾਨ ਹੈ। ਟਰੰਪ ਦੇ ਮਨ ਵਿਚ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੁੱਧਵਾਰ ਨੂੰ ਇੰਟਰਵਿਊ ਲੈਣ ਵਾਲੀ ਪੱਤਰਕਾਰ ’ਤੇ ਹੀ ਦੋਸ਼ ਮੜ੍ਹਨੇ ਸ਼ੁਰੂ ਕਰ ਦਿਤੇ। ਟਰੰਪ ਨੇ ਦੋਸ਼ ਲਾਇਆ ਕਿ ਮਹਿਲਾ ਪੱਤਰਕਾਰ ਨੇ ਜਾਣ-ਬੁੱਝ ਕੇ ਪਹਿਲਾ ਸਵਾਲ ਕਾਲਿਆਂ ਬਾਰੇ ਪੁੱਛਿਆ। ਸਾਬਕਾ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਉਹ ਅਮਰੀਕਾ ਵਿਚ ਵਸਦੇ ਕਾਲਿਆਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਕਾਲਿਆਂ ਦੀ ਬਿਹਤਰੀ ਵਾਸਤੇ ਬਹੁਤ ਕੁਝ ਕੀਤਾ ਹੈ। ਰਿਪਬਲਿਕਨ ਆਗੂ ਨੇ ਦਾਅਵਾ ਕੀਤਾ ਕਿ ਨਾਜਾਇਜ਼ ਤਰੀਕੇ ਨਾਲ ਅਮਰੀਕਾ ਆ ਰਹੇ ਪ੍ਰਵਾਸੀ ਕਾਲਿਆਂ ਦੀ ਨੌਕਰੀ ਖੋਹ ਰਹੇ ਹਨ। ਮਹਿਲਾ ਪੱਤਰਕਾਰ ਨੇ ਮੋੜ ਕੇ ਪੁੱਛਿਆ ਕਿ ਕਿਹੜੀਆਂ ਨੌਕਰੀਆਂ ਨੂੰ ਉਹ ਕਾਲਿਆਂ ਨਾਲ ਸਬੰਧਤ ਮੰਨਦੇ ਹਨ ਤਾਂ ਟਾਲ-ਮਟੋਲ ਕਰਨ ਲੱਗੇ। 

Tags:    

Similar News