ਅਫ਼ਗਾਨਿਸਤਾਨ ’ਚ ਤਬਾਹਕੁੰਨ ਭੂਚਾਲ, 900 ਮੌਤਾਂ

ਅਫ਼ਗਾਨਿਸਤਾਨ ਵਿਚ ਐਤਵਾਰ ਅੱਧੀ ਰਾਤ ਧਰਤੀ ਐਨੀ ਕੰਬੀ ਕਿ ਸੁੱਤੇ ਪਏ ਲੋਕ ਆਪਣੇ ਘਰਾਂ ਵਿਚ ਦਫ਼ਨ ਹੋ ਗਏ।

Update: 2025-09-01 13:07 GMT

ਕਾਬੁਲ, : ਅਫ਼ਗਾਨਿਸਤਾਨ ਵਿਚ ਐਤਵਾਰ ਅੱਧੀ ਰਾਤ ਧਰਤੀ ਐਨੀ ਕੰਬੀ ਕਿ ਸੁੱਤੇ ਪਏ ਲੋਕ ਆਪਣੇ ਘਰਾਂ ਵਿਚ ਦਫ਼ਨ ਹੋ ਗਏ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ ਅਤੇ ਹੁਣ ਤੱਕ 900 ਮੌਤਾਂ ਹੋਣ ਦੀ ਰਿਪੋਰਟ ਹੈ ਜਦਕਿ 300 ਹਜ਼ਾਰ ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਵੱਡੇ ਭੂਚਾਲ ਤੋਂ ਬਾਅਦ ਵੀ ਝਟਕੇ ਮਹਿਸੂਸ ਹੁੰਦੇ ਰਹੇ ਅਤੇ ਲੋਕਾਂ ਨੇ ਘਰਾਂ ਤੋਂ ਬਾਹਰ ਬੈਠ ਕੇ ਰਾਤ ਕੱਟੀ। ਉਧਰ ਰਾਹਤ ਕਾਰਜਾਂ ਵਿਚ ਜੁਟੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਇਕ ਹਜ਼ਾਰ ਤੋਂ ਉਤੇ ਜਾ ਸਕਦੀ ਹੈ।

ਜ਼ਖਮੀਆਂ ਦੀ ਗਿਣਤੀ 3 ਹਜ਼ਾਰ ਤੋਂ ਟੱਪੀ

ਅਮਰੀਕਾ ਦੇ ਜੀਓਲੌਜੀਕਲ ਸਰਵੇਅ ਮੁਤਾਬਕ ਭੂਚਾਲ ਦਾ ਕੇਂਦਰ 2 ਲੱਖ ਦੀ ਆਬਾਦੀ ਵਾਲੀ ਜਲਾਲਾਬਾਦ ਸ਼ਹਿਰ ਤੋਂ 17 ਮੀਲ ਦੂਰ ਸੀ ਅਤੇ ਇਹ ਇਲਾਕਾ ਕੌਮੀ ਰਾਜਧਾਨੀ ਕਾਬੁਲ ਤੋਂ ਤਕਰੀਬਨ 150 ਕਿਲੋਮੀਟਰ ਦੂਰ ਹੈ। ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਸਭ ਤੋਂ ਵੱਧ ਮੌਤਾਂ ਕੁਨਾਰ ਸੂਬੇ ਵਿਚ ਹੋਈਆਂ ਅਤੇ ਭੂਚਾਲ ਦੇ ਝਟਕੇ ਲਹਿੰਦੇ ਪੰਜਾਬ ਤੱਕ ਮਹਿਸੂਸ ਕੀਤੇ ਗਏ। ਭਾਰਤ ਦੇ ਗੁਰੂਗ੍ਰਾਮ ਵਿਖੇ ਵੀ ਹਲਕੇ ਝਟਕੇ ਮਹਿਸੂਸ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਦੱਸ ਦੇਈਏ ਕਿ ਅਫ਼ਗਾਨਿਸਤਾਨ ਵਿਚ 7 ਅਕਤੂਬਰ 2023 ਨੂੰ ਆਏ ਭੂਚਾਲ ਕਰ ਕੇ 4 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਸਨ ਪਰ ਸੰਯੁਕਤ ਰਾਸ਼ਟਰ ਵੱਲੋਂ 1,500 ਮੌਤਾਂ ਦਾ ਦਾਅਵਾ ਕੀਤਾ ਗਿਆ। ਇਸ ਤੋਂ ਪਹਿਲਾਂ 2022 ਵਿਚ 5.9 ਤੀਬਰਤਾ ਵਾਲੇ ਭੂਚਾਲ ਕਰ ਕੇ ਇਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਹੋਇਆ।

ਨੀਂਦ ਵਿਚ ਹੀ ਦਫ਼ਨ ਹੋ ਗਏ ਸੈਂਕੜੇ ਲੋਕ

ਅਫਗਾਨਿਸਤਾਨ ਵਿਚ ਲਗਾਤਾਰ ਵਕਫ਼ੇ ’ਤੇ ਤਬਾਹਕੁੰਨ ਭੂਚਾਲ ਆਉਂਦੇ ਰਹਿੰਦੇ ਹਨ ਅਤੇ ਹਿੰਦੂਕੁਸ਼ ਮਾਊਂਟੇਨਜ਼ ਨੂੰ ਇਸ ਮਾਮਲੇ ਵਿਚ ਬੇਹੱਦ ਐਕਟਿਵ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਅਫਗਾਨਿਸਤਾਨ, ਭਾਰਤ ਅਤੇ ਯੂਰੇਸ਼ੀਅਨ ਟੈਕਟੌਨਿਕ ਪਲੇਟਸ ਦੇ ਐਨ ਵਿਚਾਰ ਆਉਂਦਾ ਹੈ ਅਤੇ ਇਹ ਲਾਈਨ ਅਫ਼ਗਾਨਿਸਤਾਨ ਦੇ ਹੇਰਾਤ ਸੂਬੇ ਤੱਕ ਜਾਂਦੀ ਹੈ। ਪਲੇਟਸ ਵਿਚ ਹਲਚਲ ਹੋਣ ’ਤੇ ਹਲਕੇ ਤੋਂ ਦਰਮਿਆਨ ਭੂਚਾਲ ਆ ਸਕਦੇ ਹਨ ਜਾਂ ਕਈ ਵਾਰ ਵੱਡੀ ਤਬਾਹੀ ਵੀ ਹੁੰਦੀ ਹੈ।

Tags:    

Similar News