ਯੂ.ਕੇ. ਵਿਚ ਅਪਰਾਧ ਵਿਗਿਆਨ ਦੇ ਵਿਦਿਆਰਥੀ ਨੇ ਕੀਤਾ ਔਰਤ ਦਾ ਕਤਲ

ਯੂ.ਕੇ. ਵਿਚ ਅਪਰਾਧ ਵਿਗਿਆਨ ਦੇ ਇਕ ਸਿਰਫਿਰੇ ਵਿਦਿਆਰਥੀ ਨੇ ਕਤਲ ਕਰਨ ਮਗਰੋਂ ਹੋਣ ਵਾਲੇ ਅਹਿਸਾਸ ਵਿਚੋਂ ਲੰਘਣ ਲਈ ਇਕ ਔਰਤ ਨੂੰ ਜਾਨੋ ਮਾਰ ਦਿਤਾ;

Update: 2024-12-11 12:48 GMT

ਲੰਡਨ : ਯੂ.ਕੇ. ਵਿਚ ਅਪਰਾਧ ਵਿਗਿਆਨ ਦੇ ਇਕ ਸਿਰਫਿਰੇ ਵਿਦਿਆਰਥੀ ਨੇ ਕਤਲ ਕਰਨ ਮਗਰੋਂ ਹੋਣ ਵਾਲੇ ਅਹਿਸਾਸ ਵਿਚੋਂ ਲੰਘਣ ਲਈ ਇਕ ਔਰਤ ਨੂੰ ਜਾਨੋ ਮਾਰ ਦਿਤਾ ਜਦਕਿ ਦੂਜੀ ਗੰਭੀਰ ਜ਼ਖਮੀ ਹੋ ਗਈ। 20 ਸਾਲ ਦਾ ਨਾਸੇਨ ਸਾਦੀ ਲੋਕਾਂ ਦਾ ਧਿਆਨ ਵੀ ਆਪਣੇ ਵੱਲ ਖਿੱਚਣਾ ਚਾਹੁੰਦਾ ਸੀ। ਵਿਦਿਆਰਥੀ ਨੇ ਅਪ੍ਰੈਲ ਮਹੀਨੇ ਵਿਚ ਕਤਲ ਦੀ ਸਾਜ਼ਿਸ਼ ਘੜਨੀ ਸ਼ੁਰੂ ਕਰ ਦਿਤੀ ਅਤੇ ਉਸ ਦੇ ਸਿਰ ’ਤੇ ਸਵਾਰ ਜਨੂਨ ਲਗਾਤਾਰ ਵਧਦਾ ਚਲਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਸਹੀ ਜਗ੍ਹਾ ਦੀ ਭਾਲ ਤੋਂ ਬਾਅਦ ਉਹ ਦੱਖਣੀ ਇੰਗਲੈਂਡ ਦੇ ਬੌਰਨਮਥ ਸ਼ਹਿਰ ਵਿਚ ਰਹਿਣ ਲੱਗਾ। ਸਰਕਾਰੀ ਵਕੀਲ ਸਾਰਾ ਜੋਨਜ਼ ਨੇ ਵਿਨਚੈਸਟਰ ਕ੍ਰਾਊਨ ਕੋਰਟ ਨੂੰ ਦੱਸਿਆ ਕਿ ਸੰਭਾਵਤ ਤੌਰ ’ਤੇ ਨਾਸੇਨ ਸਾਦੀ ਇਹ ਜਾਣਨਾ ਚਾਹੁੰਦਾ ਸੀ ਕਿ ਔਰਤਾਂ ਨੂੰ ਡਰਾਉਣ ’ਤੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ। ਉਸ ਲਗਦਾ ਸੀ ਕਿ ਅਜਿਹਾ ਕਰ ਕੇ ਉਹ ਤਾਕਤਵਰ ਮਹਿਸੂਸ ਕਰੇਗਾ ਅਤੇ ਹੋਰਨਾਂ ਲੋਕਾਂ ਦੀ ਦਿਲਚਸਪੀ ਉਸ ਵਿਚ ਵਧੇਗੀ।

ਔਰਤ ਨੂੰ ਜਾਨੋ ਮਾਰਨ ਦੇ ਅਹਿਸਾਸ ਵਿਚੋਂ ਲੰਘਣਾ ਚਾਹੁੰਦਾ ਸੀ ਨਾਸੇਨ ਸਾਦੀ

ਅਦਾਲਤੀ ਦਸਤਾਵੇਜ਼ਾਂ ਮੁਤਾਬਕ ਨਾਸੇਨ ਸਾਦੀ ਨੇ ਜਦੋਂ ਐਮੀ ਗ੍ਰੇਅ ਅਤੇ ਲੀਨ ਮਾਇਲਜ਼ ’ਤੇ ਹਮਲਾ ਕੀਤਾ ਤਾਂ ਦੋਵੇਂ ਸਮੁੰਦਰੀ ਕੰਢੇ ’ਤੇ ਅੱਗ ਸੇਕ ਰਹੀਆਂ ਸਨ। ਐਮੀ ਗ੍ਰੇਅ ਉਤੇ ਛੁਰੇ ਨਾਲ ਘੱਟੋ ਘੱਟ 10 ਵਾਰ ਕੀਤੇ ਗਏ ਅਤੇ ਇਕ ਐਨਾ ਜ਼ੋਰਦਾਰ ਸੀ ਕਿ ਉਸ ਦੇ ਦਿਲ ਨੂੰ ਚੀਰ ਕੇ ਰੱਖ ਦਿਤਾ। ਐਮੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਲੀਨ ਮਾਇਲਜ਼ ਛੁਰੇ ਦੇ 20 ਵਾਰ ਬਰਦਾਸ਼ਤ ਕਰਨ ਤੋਂ ਬਾਅਦ ਵੀ ਬਚ ਗਈ। ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਹਮਲਾ ਬੇਹੱਦ ਖਤਰਨਾਕ ਸੀ ਅਤੇ ਜਦੋਂ ਔਰਤ ਜਾਨ ਬਚਾਉਣ ਲਈ ਦੌੜੀਆਂ ਤਾਂ ਹਮਲਾਵਰ ਨੇ ਉਨ੍ਹਾਂ ਦਾ ਪਿੱਛਾ ਜਾਰੀ ਰੱਖਿਆ ਅਤੇ ਨੇੜੇ ਜਾ ਕੇ ਵਾਰ ਕਰਨੇ ਸ਼ੁਰੂ ਕਰ ਦਿਤੇ। ਬਾਅਦ ਵਿਚ ਉਸ ਨੇ ਛੁਰਾ ਸੁੱਟ ਦਿਤਾ ਅਤੇ ਹਨੇਰੇ ਵਿਚ ਕਿਤੇ ਗਾਇਬ ਹੋ ਗਿਆ। ਪੁਲਿਸ ਨੇ ਜਦੋਂ ਨਾਸੇਨ ਸਾਦੀ ਦੇ ਘਰ ਦੀ ਤਲਾਸ਼ੀ ਲਈ ਤਾਂ ਵੱਖ ਵੱਖ ਥਾਵਾਂ ’ਤੇ ਲੁਕਾ ਕੇ ਰੱਖੇ ਕਈ ਛੁਰੇ ਮਿਲੇ। ਨਾਸੇਨ ਸਾਦੀ ਵਿਰੁੱਧ ਮੁਕੱਦਮਾ ਚੱਲ ਰਿਹਾ ਹੈ ਅਤੇ ਜਲਦ ਹੀ ਉਸ ਨੂੰ ਦੋਸ਼ੀ ਠਹਿਰਾਉਂਦਿਆਂ ਸਜ਼ਾ ਸੁਣਾਈ ਜਾ ਸਕਦੀ ਹੈ। ਇਥੇ ਦਸਣਾ ਬਣਦਾ ਹੈਕਿ ਗ੍ਰੀਨਵਿਚ ਯੂਨੀਵਰਸਿਟੀ ਵਿਚ ਅਪਰਾਧ ਵਿਗਿਆਨ ਪੜ੍ਹਨ ਤੋਂ ਇਲਾਵਾ ਨਾਸੇਨ ਸਾਦੀ ਨੇ ਅਪਰਾਧੀਆਂ ਦੇ ਮਨੋਵਿਗਿਆਨ ਦਾ ਵਿਸ਼ਾ ਖਾਸ ਤੌਰ ’ਤੇ ਪੜ੍ਹਿਆ।

Tags:    

Similar News