ਨਿਊ ਯਾਰਕ ਵਿਖੇ ਰਾਮ ਮੰਦਰ ਦੇ ਫਲੋਟ ਨੂੰ ਲੈ ਕੇ ਪੈਦਾ ਹੋਇਆ ਟਕਰਾਅ
ਨਿਊ ਯਾਰਕ ਵਿਖੇ ਹੋਣ ਵਾਲੀ ਇੰਡੀਆ ਡੇਅ ਪਰੇਡ ਦੌਰਾਨ ਰਾਮ ਮੰਦਰ ਦਾ ਫਲੋਟ ਸ਼ਾਮਲ ਕਰਨ ਦੀ ਯੋਜਨਾ ’ਤੇ ਟਕਰਾਅ ਪੈਦਾ ਹੋ ਗਿਆ ਹੈ। ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਧਰਮ ਨਾਲ ਸਬੰਧਤ ਵੱਖ ਵੱਖ ਸਿਵਲ ਸੋਸਾਇਟੀ ਜਥੇਬੰਦੀਆਂ;
ਨਿਊ ਯਾਰਕ : ਨਿਊ ਯਾਰਕ ਵਿਖੇ ਹੋਣ ਵਾਲੀ ਇੰਡੀਆ ਡੇਅ ਪਰੇਡ ਦੌਰਾਨ ਰਾਮ ਮੰਦਰ ਦਾ ਫਲੋਟ ਸ਼ਾਮਲ ਕਰਨ ਦੀ ਯੋਜਨਾ ’ਤੇ ਟਕਰਾਅ ਪੈਦਾ ਹੋ ਗਿਆ ਹੈ। ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਧਰਮ ਨਾਲ ਸਬੰਧਤ ਵੱਖ ਵੱਖ ਸਿਵਲ ਸੋਸਾਇਟੀ ਜਥੇਬੰਦੀਆਂ ਵੱਲੋਂ ਰਾਮ ਮੰਦਰ ਦੇ ਫਲੋਟ ਨੂੰ ਮੁਸਲਮਾਨ ਵਿਰੋਧੀ ਦੱਸਿਆ ਜਾ ਰਿਹਾ ਹੈ ਪਰ ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨਜ਼ ਨੇ ਦਾਅਵਾ ਕੀਤਾ ਹੈ ਕਿ ਅਯੋਧਿਆ ਵਾਲੇ ਰਾਮ ਮੰਦਰ ਦਾ ਫਲੋਟ ਹਰ ਹਾਲਤ ਵਿਚ 18 ਅਗਸਤ ਦੀ ਪਰੇਡ ਵਿਚ ਸ਼ਾਮਲ ਹੋਵੇਗਾ। ਦੂਜੇ ਪਾਸੇ ਸਿਵਲ ਸੋਸਾਇਟੀ ਨਾਲ ਸਬੰਧਤ 22 ਜਥੇਬੰਦੀਆਂ ਵੱਲੋਂ ਨਿਊ ਯਾਰਕ ਦੀ ਗਵਰਨਰ ਕੈਥੀ ਹੋਚਲ ਅਤੇ ਮੇਅਰ ਐਰਿਕ ਐਡਮਜ਼ ਨੂੰ ਪੱਤਰ ਲਿਖ ਕੇ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ ਗਈ ਹੈ।
18 ਅਗਸਤ ਨੂੰ ਇੰਡੀਆ ਡੇਅ ਪਰੇਡ ਵਿਚ ਫਲੋਟ ਸ਼ਾਮਲ ਕਰਨ ਦੀ ਯੋਜਨਾ
ਜਥੇਬੰਦੀਆਂ ਨੇ ਪੱਤਰ ਵਿਚ ਲਿਖਿਆ ਕਿ ਰਾਮ ਮੰਦਰ ਦਾ ਫਲੋਟ ਅਸਲ ਵਿਚ ਧਾਰਮਿਕ ਜਾਂ ਸਭਿਆਚਾਰਕ ਪੇਸ਼ਕਾਰੀ ਨਹੀਂ ਸਗੋਂ ਭਾਰਤ ਦੇ 20 ਕਰੋੜ ਮੁਸਲਮਾਨਾਂ ਦੀ ਹੇਠੀ ਕਰਨ ਦਾ ਯਤਨ ਹੈ। ਅਜਿਹੇ ਫਲੋਟ ਨੂੰ ਪਰੇਡ ਵਿਚ ਸ਼ਾਮਲਕਰਨ ਦੀ ਇਜਾਜ਼ਤ ਨਿਊ ਯਾਰਕ ਵਿਚ ਨਫ਼ਰਤੀ ਸੁਨੇਹਾ ਦੇਵੇਗੀ ਜੋ ਅਮਰੀਕੀ ਕਦਰਾਂ ਕੀਮਤਾਂ ਦੇ ਬਿਲਕੁਲ ਉਲਟ ਹੈ। ਜਥੇਬੰਦੀਆਂ ਨੇ ਅੱਗੇ ਕਿਹਾ ਕਿ ਹਿੰਦੂ ਵੱਖਵਾਦੀਆਂ ਵੱਲੋਂ ਅਮਰੀਕਾ ਵਿਚ ਵੀ ਆਪਣਾ ਦਬਦਬਾ ਕਾਇਮ ਕਰਨ ਅਤੇ ਮੁਸਲਮਾਨਾਂ ਵਿਰੁੱਧ ਵਿਤਕਰੇ ਨੂੰ ਸ਼ਹਿਰ ਦੇਣ ਦੇ ਯਤਨ ਤਹਿਤ ਇਹ ਫਲੋਟ ਇੰਡੀਆ ਡੇਅ ਪਰੇਡ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਪੱਤਰ ਵਿਚ ਇਸ ਗੱਲ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਇੰਡੀਆ ਡੇਅ ਪਰੇਡ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਮਰੀਕਾ ਇਕਾਈ ਵੱਲੋਂ ਕਰਵਾਈ ਜਾ ਰਹੀ ਹੈ ਜਿਸ ਨੂੰ ਸੀ.ਆਈ.ਏ. ਦੀ ਕੌਮਾਂਤਰੀ ਤੱਥਾਂ ਬਾਰੇ ਕਿਤਾਬ ਵਿਚ ਅਤਿਵਾਦੀ ਜਥੇਬੰਦੀ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਇੰਡੀਆ ਡੇਅ ਪਰੇਡ ਦੇ ਪ੍ਰਬੰਧਕਾਂ ਵਿਚ ਬੋਚਾਸਨਵਾਸੀ ਅਕਸ਼ਰ ਪੁਰੂਸ਼ੋਤਮ ਸਵਾਮੀਨਾਰਾਇਣ ਸੰਸਥਾ ਵੀ ਸ਼ਾਮਲ ਹੈ ਜਿਸ ਵਿਰੁੱਧ ਐਫ਼.ਬੀ.ਆਈ. ਵੱਲੋਂ ਬੰਧੂਆ ਮਜ਼ਦੂਰੀ ਅਤੇ ਆਰਥਿਕ ਸ਼ੋਸ਼ਣ ਦੇ ਮਾਮਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਸਿਵਲ ਸੋਸਾਇਟੀ ਜਥੇਬੰਦੀਆਂ ਨੇ ਫਲੋਟ ਨੂੰ ਮੁਸਲਮਾਨ ਵਿਰੋਧੀ ਕਰਾਰ ਦਿਤਾ
ਫਲੋਟ ਦੇ ਮਸਲੇ ਬਾਰੇ ਨਿਊ ਯਾਰਕ ਦੇ ਮੇਅਰ ਐਰਿਕ ਐਡਮਜ਼ ਦੇ ਦਫ਼ਤਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਬੁਲਾਰੇ ਨੇ ਕਿਹਾ ਕਿ ਸ਼ਹਿਰ ਵਿਚ ਹੋਣ ਵਾਲੇ ਇਵੈਂਟ ਸਵਾਗਤੀ ਅਤੇ ਸਮੁੱਚਤਾ ਦੇ ਆਧਾਰਤ ਹੋਣੇ ਚਾਹੀਦੇ ਹਨ। ਦੂਜੇ ਪਾਸੇ ਐਫ਼.ਆਈ.ਏ. ਦੇ ਚੇਅਰਮੈਨ ਅੰਕੁਰ ਵੈਦਿਆ ਨੇ ਕਿਹਾ ਕਿ ਇੰਡੀਆ ਡੇਅ ਪਰੇਡ ਪਿਛਲੇ ਚਾਰ ਦਹਾਕਿਆਂ ਤੋਂ ਕਰਵਾਈ ਜਾ ਰਹੀ ਹੈ ਅਤੇ ਰਾਮ ਮੰਦਰ ਦਾ ਫਲੋਟ ਸ਼ਾਮਲ ਕਰਨਾ ਪੂਰੀ ਤਰ੍ਹਾਂ ਵਾਜਬ ਹੈ। ਐਫ਼.ਆਈ.ਏ. ਦਾ ਜ਼ਿਕਰ ਕਰਦਿਆਂ ਵੈਦਿਆ ਨੇ ਕਿਹਾ ਕਿ ਇਹ 100 ਫੀ ਸਦੀ ਗੈਰਮੁਨਾਫ਼ੇ ਵਾਲੀ ਜਥੇਬੰਦੀ ਹੈ ਅਤੇ ਸ਼ਾਂਤਮਈ ਭਾਈਚਾਰਕ ਸਮਾਗਮ ਕਰਨੇ ਇਸ ਦਾ ਮਕਸਦ ਹੈ। ਕੁਝ ਲੋਕ ਸੋਸ਼ਲ ਮੀਡੀਆ ’ਤੇ ਨਫ਼ਰਤ ਫੈਲਾਉਣ ਦਾ ਯਤਨ ਕਰ ਰਹੇ ਹਨ। ਅੰਕੁਰ ਵੈਦਿਆਂ ਨੇ ਅੱਗੇ ਕਿਹਾ ਕਿ ਪੂਰੀ ਦੁਨੀਆਂ ਇਕ ਪਰਵਾਰ ਹੈ ਅਤੇ ਇੰਡੀਆ ਪਰੇਡ ਡੇਅ ਵਿਚ ਸ਼ਾਮਲ ਧਾਰਮਿਕ ਫਲੋਟ ’ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਥੇ ਦਸਣਾ ਬਣਦਾ ਹੈ ਕਿ ਸਿਵਲ ਸੋਸਾਇਟੀ ਨਾਲ ਸਬੰਧਤ 22 ਜਥੇਬੰਦੀਆਂ ਵਿਚ ਕੋਲੀਸ਼ਨ ਆਫ਼ ਪ੍ਰੋਗਰੈਸਿਵ ਹਿੰਦੂਜ਼ ਅਤੇ ਹਿੰਦੂਜ਼ ਫੌਰ ਹਿਊਮਨ ਰਾਈਟਸ ਵੀ ਸ਼ਾਮਲ ਹਨ ਜਿਨ੍ਹਾਂ ਵੱਲੋਂ ਫਲੋਟ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇੰਡੀਅਨ ਅਮੈਰਿਕਨ ਮੁਸਲਿਮ ਕੌਂਸਲ ਦੇ ਪ੍ਰਧਾਨ ਮੁਹੰਮਦ ਜਵਾਦ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਵਿਚ ਅਜਿਹੇ ਫਲੋਟ ਸ਼ਾਮਲ ਕਰਨਾ ਨਿਊ ਯਾਰਕ ਸ਼ਹਿਰ ਦੀ ਸਹਿਣਸ਼ੀਲਤਾ ਵਾਸਤੇ ਖਤਰਾ ਪੈਦਾ ਕਰ ਰਿਹਾ ਹੈ।