ਅਮਰੀਕਾ ਤੋਂ ਭਾਰਤ ਜਾ ਰਹੇ ਮੁਸਾਫ਼ਰਾਂ ਨਾਲ ਜੱਗੋਂ ਤੇਰਵੀਂ
ਅਮਰੀਕਾ ਦੇ ਸ਼ਿਕਾਗੋ ਹਵਾਈ ਅੱਡੇ ਤੋਂ ਦਿੱਲੀ ਰਵਾਨਾ ਹੋਏ ਜਹਾਜ਼ ਦੇ ਪਖਾਨੇ ਬੰਦ ਹੋਣ ਕਾਰਨ ਇਸ ਨੂੰ ਅੱਧੇ ਰਾਹ ਤੋਂ ਵਾਪਸ ਜਾਣਾ ਪਿਆ।;
ਸ਼ਿਕਾਗੋ : ਅਮਰੀਕਾ ਦੇ ਸ਼ਿਕਾਗੋ ਹਵਾਈ ਅੱਡੇ ਤੋਂ ਦਿੱਲੀ ਰਵਾਨਾ ਹੋਏ ਜਹਾਜ਼ ਦੇ ਪਖਾਨੇ ਬੰਦ ਹੋਣ ਕਾਰਨ ਇਸ ਨੂੰ ਅੱਧੇ ਰਾਹ ਤੋਂ ਵਾਪਸ ਜਾਣਾ ਪਿਆ। ਏਅਰ ਇੰਡੀਆ ਦੀ ਫਲਾਈਟ ਏ.ਆਈ. 126 ਦੀ ਸ਼ਿਕਾਗੋ ਵਾਪਸੀ ਦਾ ਕਾਰਨ ਤਕਨੀਕੀ ਖਰਾਬੀ ਦੱਸਿਆ ਗਿਆ ਪਰ ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਦੇ 10 ਟੌਇਲਟਸ ਵਿਚੋਂ ਸਿਰਫ ਇਕ ਚਾਲੂ ਹਾਲਤ ਵਿਚ ਸੀ ਜਿਸ ਕਰ ਕੇ ਮੁਸਾਫਰਾਂ ਅਤੇ ਅਮਲੇ ਦੇ ਮੈਂਬਰਾਂ ਨੂੰ ਖੱਜਲ ਖੁਆਰ ਹੋਣਾ ਪਿਆ। ਫਲਾਈਟ ਰਾਡਾਰ 24 ਦੀ ਰਿਪੋਰਟ ਮੁਤਾਬਕ ਬੋਇੰਗ 777 ਹਵਾਈ ਜਹਾਜ਼ 10 ਘੰਟੇ ਤੋਂ ਵੱਧ ਹਵਾ ਵਿਚ ਰਹਿਣ ਮਗਰੋਂ ਸ਼ਿਕਾਗੋ ਦੇ ਇੰਟਰਨੈਸ਼ਨਲ ਏਅਰਪੋਰਟ ’ਤੇ ਲੈਂਡ ਕਰ ਗਿਆ।
ਜਹਾਜ਼ ਦੇ 10 ਪਖਾਨਿਆਂ ਵਿਚੋਂ ਸਿਰਫ ਇਕ ਕਰ ਰਿਹਾ ਸੀ ਕੰਮ
ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਗੋ ਵਿਖੇ ਸਾਰੇ ਮੁਸਾਫਰਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਅਤੇ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਮੁਸਾਫ਼ਰਾਂ ਨੂੰ ਪੂਰਾ ਕਿਰਾਇਆ ਵਾਪਸ ਕਰਨ ਅਤੇ ਨਵੇਂ ਸਿਰੇ ਤੋਂ ਟਿਕਟ ਬੁੱਕ ਕਰਨ ਦੀ ਸਹੂਲਤ ਵੀ ਦਿਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿਚ ਤਕਰੀਬਨ 300 ਮੁਸਾਫ਼ਰ ਸਵਾਰ ਸਨ। ਫਿਲਹਾਲ ਜਹਾਜ਼ ਦੇ ਮੁਸਾਫ਼ਰਾਂ ਤੋਂ ਟਿੱਪਣੀ ਹਾਸਲ ਨਹੀਂ ਹੋ ਸਕੀ ਪਰ ਐਵੀਏਸ਼ਨ ਸੈਕਟਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਪਖਾਨਿਆਂ ਦਾ ਪ੍ਰਬੰਧ ਨਾ ਹੋਣ ਬਾਰੇ ਏਅਰਲਾਈਨ ਦੇ ਸਟਾਫ ਨੂੰ ਪਹਿਲਾਂ ਤੋਂ ਜਾਣਕਾਰੀ ਹੋਣੀ ਚਾਹੀਦੀ ਸੀ।