America ਦੇ airport ’ਤੇ ਪਈਆਂ ਭਾਜੜਾਂ
ਅਮਰੀਕਾ ਦੇ ਡੈਟਰਾਇਟ ਹਵਾਈ ਅੱਡੇ ’ਤੇ ਭਾਜੜਾਂ ਪੈ ਗਈਆਂ ਜਦੋਂ ਇਕ ਤੇਜ਼ ਰਫ਼ਤਾਰ ਗੱਡੀ ਚੈਕ ਇਨ ਏਰੀਆ ਤੱਕ ਪੁੱਜ ਗਈ ਅਤੇ ਘੱਟੋ ਘੱਟ 6 ਜਣੇ ਜ਼ਖਮੀ ਹੋ ਗਏ
ਡੈਟਰਾਇਟ : ਅਮਰੀਕਾ ਦੇ ਡੈਟਰਾਇਟ ਹਵਾਈ ਅੱਡੇ ’ਤੇ ਭਾਜੜਾਂ ਪੈ ਗਈਆਂ ਜਦੋਂ ਇਕ ਤੇਜ਼ ਰਫ਼ਤਾਰ ਗੱਡੀ ਚੈਕ ਇਨ ਏਰੀਆ ਤੱਕ ਪੁੱਜ ਗਈ ਅਤੇ ਘੱਟੋ ਘੱਟ 6 ਜਣੇ ਜ਼ਖਮੀ ਹੋ ਗਏ। ਮਰਸਡੀਜ਼ ਕਾਰ ਦੇ ਡਰਾਈਵਰ ਨੇ ਡੈਲਟ ਏਅਰਲਾਈਨ ਦੇ ਚੈਕ-ਇਨ ਕਾਊਂਟਰਾਂ ਨੂੰ ਟੱਕਰ ਮਾਰੀ ਅਤੇ ਕਿਸੇ ਵੱਡੀ ਵਾਰਦਾਤ ਦੇ ਡਰੋਂ ਲੋਕ ਘਬਰਾਅ ਕੇ ਇਧਰ ਉਧਰ ਦੌੜਨ ਲੱਗੇ। ਘਟਨਾ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮੇਨ ਐਂਟਰੈਂਸ ਗੇਟ ਟੁੱਟਣ ਨਾਲ ਵੱਡਾ ਧਮਾਕਾ ਹੋਇਆ ਅਤੇ ਕਾਰ ਧੁਰ ਅੰਦਰ ਤੱਕ ਆ ਗਈ। ਚੀਕਾਂ ਮਾਰਦਾ ਇਕ ਸ਼ਖਸ ਗੱਡੀ ਵਿਚੋਂ ਬਾਹਰ ਆਇਆ ਪਰ ਸਮਝ ਨਹੀਂ ਸੀ ਆ ਰਿਹਾ ਕਿ ਆਖਰ ਉਹ ਕੀ ਕਹਿਣ ਦਾ ਯਤਨ ਕਰ ਰਿਹਾ ਹੈ।
ਸਿਰਫਿਰੇ ਨੇ ਤੇਜ਼ ਰਫ਼ਤਾਰ ਕਾਰ ਏਅਰਪੋਰਟ ਅੰਦਰ ਕੀਤੀ ਦਾਖ਼ਲ
ਪੁਲਿਸ ਅਤੇ ਟੀ.ਐਸ.ਏ. ਦੇ ਏਜੰਟਾਂ ਨੇ ਤੁਰਤ ਹਰਕਤ ਵਿਚ ਆਉਂਦਿਆਂ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਖਿੱਚ ਕੇ ਏਅਰਪੋਰਟ ਤੋਂ ਬਾਹਰ ਲੈ ਗਏ। ਮੌਕੇ ’ਤੇ ਮੌਜੂਦ ਇਕ ਮਹਿਲਾ ਮੁਸਾਫ਼ਰ ਨੇ ਦੱਸਿਆ ਕਿ ਇਕ ਪਾਸੇ ਫਲਾਈਟਸ ਕੈਂਸਲ ਹੋ ਰਹੀਆਂ ਸਨ ਤਾਂ ਦੂਜੇ ਪਾਸੇ ਇਸ ਘਟਨਾ ਨੇ ਲੋਕਾਂ ਦਾ ਡਰ ਹੋਰ ਵਧਾ ਦਿਤਾ। ਪੈਰਾਮੈਡਿਕਸ ਵੱਲੋਂ ਛੇ ਜਣਿਆਂ ਦੀ ਮੌਕੇ ’ਤੇ ਹੀ ਮੱਲ੍ਹਮ ਪੱਟੀ ਕਰ ਦਿਤੀ ਗਈ। ਉਧਰ ਡੈਲਟਾ ਏਅਰ ਲਾਈਨਜ਼ ਨੇ ਦੱਸਿਆ ਕਿ ਉਨ੍ਹਾਂ ਦਾ ਕੋਈ ਮੁਲਾਜ਼ਮ ਜ਼ਖਮੀ ਨਹੀਂ ਹੋਇਆ। ਪੁਲਿਸ ਵੱਲੋਂ ਹੁਣ ਤੱਕ ਕਰੈਸ਼ ਦੇ ਮਕਸਦ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ। ਵੇਨ ਕਾਊਂਟੀ ਏਅਰਪੋਰਟ ਅਥਾਰਟੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਚੱਲ ਰਹੀ ਹੈ ਅਤੇ ਨਵੇਂ ਤੱਥ ਉਭਰਨ ’ਤੇ ਲੋਕਾਂ ਨਾਲ ਸਾਂਝੇ ਕਰ ਦਿਤੇ ਜਾਣਗੇ। ਗੱਡੀ ਨਾਲ ਟੱਕਰ ਮਾਰਨ ਵਾਲੇ ਸ਼ਖਸ ਦੀ ਪਛਾਣ ਵੀ ਫ਼ਿਲਹਾਲ ਜਨਤਕ ਨਹੀਂ ਕੀਤੀ ਗਈ।