ਹੁਣ ‘ਪੈਂਚਰ’ ਨਹੀਂ ਹੋਣਗੇ ਗੱਡੀਆਂ ਦੇ ਟਾਇਰ

ਜੇਕਰ ਤੁਸੀਂ ਕਿਤੇ ਸਫ਼ਰ ’ਤੇ ਜਾ ਰਹੇ ਹੋਵੋ ਅਤੇ ਰਸਤੇ ਵਿਚ ਤੁਹਾਡੀ ਗੱਡੀ ਦਾ ਟਾਇਰ ਪੈਂਚਰ ਹੋ ਜਾਵੇ ਤਾਂ ਸਾਰੇ ਸਫ਼ਰ ਦਾ ਸੁਆਦ ਖ਼ਰਾਬ ਹੋ ਜਾਂਦੈ ਪਰ ਟਾਇਰ ਪੈਂਚਰ ਦੀ ਗੱਲ ਸ਼ਾਇਦ ਹੁਣ ਪੁਰਾਣੀ ਹੋਣ ਜਾ ਰਹੀ ਐ;

Update: 2024-06-20 10:10 GMT

ਨਿਊਯਾਰਕ : ਸਫ਼ਰ ਦੌਰਾਨ ਗੱਡੀਆਂ ਦੇ ਟਾਇਰ ਪੈਂਚਰ ਹੋਣਾ ਆਮ ਗੱਲ ਐ। ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਦੀਆਂ ਗੱਡੀਆਂ ਜਾਂ ਬਾਈਕਾਂ ਵਿਚ ਕਦੇ ਨਾ ਕਦੇ ਟਾਇਰ ਪੈਂਚਰ ਜ਼ਰੂਰ ਹੋਇਆ ਹੋਵੇਗਾ। ਕਈ ਵਾਰ ਸਫ਼ਰ ਦੌਰਾਨ ਹੋਇਆ ਟਾਇਰ ਪੈਂਚਰ ਸਫ਼ਰ ਦਾ ਸੁਆਦ ਵੀ ਖ਼ਰਾਬ ਕਰ ਦਿੰਦਾ ਏ। ਖ਼ਾਸ ਤੌਰ ’ਤੇ ਉਦੋਂ ਜਦੋਂ ਤੁਸੀਂ ਇਕੱਲੇ ਕਿਤੇ ਜਾ ਰਹੇ ਹੋਵੋ ਪਰ ਹੁਣ ਤੁਹਾਨੂੰ ਇਹ ਜਾਣਕੇ ਹੈਰਾਨੀ ਅਤੇ ਖ਼ੁਸ਼ੀ ਹੋਵੇਗੀ ਕਿ ਅਮਰੀਕਾ ਦੀ ਇਕ ਕੰਪਨੀ ਨੇ ਅਜਿਹੇ ਟਾਇਰ ਵਿਕਸਤ ਕੀਤੇ ਨੇ, ਜਿਨ੍ਹਾਂ ਵਿਚ ਕਦੇ ਵੀ ਟਾਇਰ ਪੈਂਚਰ ਨਹੀਂ ਹੋਵੇਗਾ ਅਤੇ ਨਾ ਹੀ ਤੁਹਾਨੂੰ ਇਨ੍ਹਾਂ ਟਾਇਰਾਂ ਵਿਚ ਕਦੇ ਹਵਾ ਭਰਵਾਉਣੀ ਪਵੇਗੀ। ਜੀ ਹਾਂ, ਹੋ ਗਏ ਨਾ ਹੈਰਾਨ? ਸੋ ਆਓ ਤੁਹਾਨੂੰ ਇਨ੍ਹਾਂ ਟਾਇਰਾਂ ਬਾਰੇ ਜਾਣਕਾਰੀ ਦੇਨੇ ਆਂ ਕਿ ਆਖ਼ਰ ਕਿਵੇਂ ਤਿਆਰ ਕੀਤੇ ਗਏ ਨੇ ਇਹ ਖ਼ਾਸ ਕਿਸਮ ਦੇ ਟਾਇਰ?

ਜੇਕਰ ਤੁਸੀਂ ਕਿਤੇ ਸਫ਼ਰ ’ਤੇ ਜਾ ਰਹੇ ਹੋਵੋ ਅਤੇ ਰਸਤੇ ਵਿਚ ਤੁਹਾਡੀ ਗੱਡੀ ਦਾ ਟਾਇਰ ਪੈਂਚਰ ਹੋ ਜਾਵੇ ਤਾਂ ਸਾਰੇ ਸਫ਼ਰ ਦਾ ਸੁਆਦ ਖ਼ਰਾਬ ਹੋ ਜਾਂਦੈ ਪਰ ਟਾਇਰ ਪੈਂਚਰ ਦੀ ਗੱਲ ਸ਼ਾਇਦ ਹੁਣ ਪੁਰਾਣੀ ਹੋਣ ਜਾ ਰਹੀ ਐ ਕਿਉਂਕਿ ਅਮਰੀਕੀ ਟਾਇਰ ਨਿਰਮਾਤਾ ਕੰਪਨੀ ਗੁਡੀਅਰ ਵੱਲੋਂ ਅਜਿਹੇ ਟਾਇਰ ਤਿਆਰ ਕੀਤੇ ਗਏ ਨੇ, ਜਿਨ੍ਹਾਂ ਵਿਚ ਨਾ ਕਦੇ ਪੈਂਚਰ ਹੋਵੇਗਾ ਅਤੇ ਨਾ ਹੀ ਉਨ੍ਹਾਂ ਵਿਚ ਕਦੇ ਹਵਾ ਭਰਵਾਉਣ ਦੀ ਲੋੜ ਪਵੇਗੀ। ਇਨ੍ਹਾਂ ਖ਼ਾਸ ਟਾਇਰਾਂ ਦੀ ਪਰਖ਼ ਲਕਸ਼ਮਬਰਗ ਵਿਚ ਟੈਸਲਾ ਮਾਡਲ ਦੀਆਂ 3 ਕਾਰਾਂ ’ਤੇ ਕੀਤੀ ਜਾ ਰਹੀ ਐ। ਕੰਪਨੀ ਵੱਲੋਂ ਇਨ੍ਹਾਂ ਵਿਸ਼ੇਸ਼ ਟਾਇਰਾਂ ਨੂੰ ਹਰ ਤਰ੍ਹਾਂ ਦੀ ਡਰਾਇਵਿੰਗ ਵਿਚ ਪਰਖ਼ ਕੇ ਦੇਖਿਆ ਜਾਵੇਗਾ ਅਤੇ ਫਿਰ ਪਰਖ਼ ’ਤੇ ਖ਼ਰੇ ਉਤਰਨ ਮਗਰੋਂ ਹੀ ਇਨ੍ਹਾਂ ਨੂੰ ਬਜ਼ਾਰ ਵਿਚ ਉਤਾਰਿਆ ਜਾਵੇਗਾ।

ਦਰਅਸਲ ਇਹ ਟਾਇਰ ਗਜਾਂ ਵਾਲੇ ਟਾਇਰਾਂ ਦੇ ਤਰੀਕੇ ਵਾਂਗ ਹੀ ਕੰਮ ਕਰਦੇ ਨੇ। ਫ਼ਰਕ ਸਿਰਫ਼ ਇੰਨਾ ਹੈ ਕਿ ਇਸ ਵਿਚ ਗਜ਼ਨੁਮਾ ਬਣਤਰਾਂ ਪਲਾਸਟਿਕ ਦੀਆਂ ਬਣੀਆਂ ਹੋਈਆਂ ਨੇ ਜੋ ਸਪਰਿੰਗਾਂ ਵਾਂਗ ਸੜਕ, ਕਾਰ ਦੀ ਰਫ਼ਤਾਰ ਆਦਿ ਦੇ ਹਿਸਾਬ ਨਾਲ ਫੈਲਦੀਆਂ ਅਤੇ ਸੁੰਗੜਦੀਆਂ ਨੇ। ਅਸਲ ਵਿਚ ਕਈ ਕੰਪਨੀਆਂ ਵੱਲੋਂ ਇਸ ਤਕਨੀਕ ’ਤੇ ਕਾਫ਼ੀ ਦੇਰ ਤੋਂ ਕੰਮ ਕੀਤਾ ਜਾ ਰਿਹਾ ਏ। ਬਿਜਲੀ ਵਾਲੇ ਅਤੇ ਆਪਣੇ ਆਪ ਚੱਲਣ ਵਾਲੇ ਵਾਹਨਾਂ ਦੇ ਵਿਕਾਸ ਤੋਂ ਬਾਅਦ ਟਾਇਰਾਂ ਦੀ ਭੂਮਿਕਾ ਵਿਚ ਵੀ ਬਦਲਾਅ ਆਉਣ ਜਾ ਰਿਹਾ ਏ।

ਲੰਬੇ ਸਮੇਂ ਤੋਂ ਅਜਿਹੇ ਟਾਇਰਾਂ ਦੀ ਮੰਗ ਵਧ ਰਹੀ ਸੀ ਕਿ ਜੋ ਹਵਾ ਭਰਵਾਉਣ ਅਤੇ ਪੰਚਰ ਹੋਣ ਵਰਗੇ ਝੰਜਟ ਤੋਂ ਮੁਕਤ ਹੋਣ ਅਤੇ ਹਮੇਸ਼ਾਂ ਚੱਲਣ ਲਈ ਤਿਆਰ ਬਰ ਤਿਆਰ ਮਿਲਣ। ਇਨ੍ਹਾਂ ਟਾਇਰਾਂ ਨੂੰ ਨੌਨ ਨਿਊਮੈਟਿਸਕ ਟਾਇਰ ਜਾਂ ਐਨਪੀਟੀ ਕਿਹਾ ਜਾ ਰਿਹਾ ਏ। ਗੁਡੀਅਰ ਕੰਪਨੀ ਦੇ ਪ੍ਰੋਗਰਾਮ ਮੈਨੇਜਰ ਮਾਈਕਲ ਰਚਿਤਾ ਦਾ ਕਹਿਣਾ ਏ ਕਿ ‘‘ਇਨ੍ਹਾਂ ਟਾਇਰਾਂ ਦਾ ਕੁੱਝ ਕੰਪਨ ਹੋਵੇਗਾ, ਕੋਈ ਆਵਾਜ਼ ਨਹੀਂ ਹੋਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਅਜੇ ਸਿਰਫ਼ ਸਿੱਖ ਰਹੇ ਆਂ ਕਿ ਸਫ਼ਰ ਨੂੰ ਕਿਵੇਂ ਹੋਰ ਆਸਾਨ ਬਣਾਇਆ ਜਾ ਸਕੇ ਪਰ ਯਕੀਨਨ ਤੌਰ ’ਤੇ ਤੁਸੀਂ ਇਨ੍ਹਾਂ ਟਾਇਰਾਂ ਦੀ ਕਾਰਗੁਜ਼ਾਰੀ ਤੋਂ ਹੈਰਾਨ ਰਹਿ ਜਾਵੋਗੇ।’’

ਮੌਜੂਦਾ ਸਮੇਂ ਇਲੈਕਟ੍ਰਿਕ ਵਾਹਨਾਂ ਦੀ ਵਧ ਰਹੀ ਆਮਦ ਨੇ ਟਾਇਰਾਂ ਪ੍ਰਤੀ ਸਾਡੀ ਲੋੜ ਨੂੰ ਵੀ ਬਦਲ ਕੇ ਰੱਖ ਦਿੱਤਾ ਏ। ਡਲਿਵਰੀ ਅਤੇ ਸ਼ਟਨ ਕੰਪਨੀਆਂ ਅਜਿਹੇ ਟਾਇਰਾਂ ਦੀ ਕਾਫੀ ਸਮੇਂ ਤੋਂ ਮੰਗ ਕਰ ਰਹੀਆਂ ਨੇ, ਜਿਨ੍ਹਾਂ ਦੀ ਘੱਟ ਤੋਂ ਘੱਟ ਦੇਖ ਰੇਖ ਕਰਨੀ ਪਵੇ ਅਤੇ ਪੈਂਚਰ ਵੀ ਨਾ ਹੋਣ ਅਤੇ ਰੀਸਾਈਕਲ ਕੀਤੇ ਜਾ ਸਕਣ। ਇਸ ਤੋਂ ਇਲਾਵਾ ਆਪਣੇ ਆਪ ਚੱਲਣ ਵਾਲੀਆਂ ਗੱਡੀਆਂ ਨੂੰ ਦੇਖਦਿਆਂ ਹੁਣ ਇਹ ਵੀ ਮੰਗ ਉਠ ਰਹੀ ਐ ਕਿ ਟਾਇਰਾਂ ਵਿਚ ਅਜਿਹੇ ਸੈਂਸਰ ਲੱਗੇ ਹੋਣੇ ਚਾਹੀਦੇ ਨੇ ਜੋ ਚੱਲਣ ਤੋਂ ਪਹਿਲਾਂ ਹੀ ਸੜਕ ਦਾ ਜਾਇਜ਼ਾ ਲੈ ਸਕਣ।

ਕੰਪਨੀ ਮੁਤਾਬਕ ਇਨ੍ਹਾਂ ਖ਼ਾਸ ਟਾਇਰਾਂ ਨੂੰ 24 ਘੰਟੇ ਲਗਾਤਾਰ ਵੱਖ ਵੱਖ ਸੜਕੀ ਹਾਲਾਤਾਂ ਅਤੇ ਰਫ਼ਤਾਰ ਦੇ ਨਾਲ ਪਰਖਿਆ ਜਾ ਰਿਹਾ ਏ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਟਾਇਰ ਕਈ ਹਜ਼ਾਰ ਮੀਲ ਲਗਾਤਰ ਚਲਾਈ ਬਰਦਾਸ਼ਤ ਕਰ ਸਕਦੇ ਹਨ ਜਾਂ ਨਹੀਂ। ਇਸ ਪਰਖ਼ ਦੌਰਾਨ ਜੋ ਕੁੱਝ ਵੀ ਦਿੱਕਤ ਸਾਹਮਣੇ ਆ ਰਹੀ ਐ, ਕੰਪਨੀ ਉਸ ਨੂੰ ਤੁਰੰਤ ਹੱਲ ਕਰਨ ਦਾ ਯਤਨ ਕਰ ਰਹੀ ਐ। ਰਿਪੋਰਟਾਂ ਮੁਤਾਬਕ ਮਿਸ਼ਲਨ ਕੰਪਨੀ ਦੇ ਹਵਾ ਰਹਿਤ ਟਾਇਰ ਬਜ਼ਾਰ ਵਿਚ ਆਉਣ ਦੇ ਲਈ ਲਗਭਗ ਤਿਆਰ ਨੇ। ਗੁਡੀਅਰ ਦੀ ਇਹ ਸ਼ਰੀਕ ਕੰਪਨੀ ਮਿਸ਼ਲਿਨ ਅਜਿਹੇ ਹੀ ਟਾਇਰਾਂ ’ਤੇ ਜਨਰਲ ਮੋਟਰਜ਼ ਨਾਲ ਮਿਲ ਕੇ ਕੰਮ ਕਰ ਰਹੀ ਐ। ਇਹ ਕਿਹਾ ਜਾ ਰਿਹਾ ਏ ਕਿ ਇਹ ਕੰਪਨੀ 2019 ਤੋਂ ਇਸ ’ਤੇ ਕੰਮ ਕਰ ਰਹੀ ਐ। ਫ਼ਰਵਰੀ ਮਹੀਨੇ ਤਾਂ ਇਹ ਖ਼ਬਰਾਂ ਵੀ ਆਈਆਂ ਸਨ ਕਿ ਮਿਸ਼ਲਿਨ ਦੇ ਪੈਂਚਰ ਪਰੂਫ਼ ਟਾਇਰ ਸ਼ਾਇਦ ਸ਼ੈਵਰੇਲਿਟ ਦੀ ਇਲੈਕਟ੍ਰਿਕ ਕਾਰ ਬੋਲਟ ਰਾਹੀਂ ਬਜ਼ਾਰ ਵਿਚ ਆ ਸਕਦੇ ਨੇ, ਜਿਸ ਨੂੰ ਕੰਪਨੀ ਇਸੇ ਸਾਲ 2024 ਵਿਚ ਲਾਂਚ ਕਰ ਸਕਦੀ ਐ।

ਟਾਇਰ ਟੈਕਨਾਲੋਜੀ ਇੰਟਰਨੈਸ਼ਨਲ ਦੇ ਮੈਟ ਰੌਸ ਮੁਤਾਬਕ ਜਦੋਂ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਵਿਚ ਇੰਜਣ ਦੀ ਆਵਾਜ਼ ਲਗਭਗ ਖ਼ਤਮ ਹੋ ਰਹੀ ਐ ਤਾਂ ਟਾਇਰਾਂ ਦਾ ਸ਼ੋਰ ਇਕ ਵੱਡਾ ਸਰੋਤ ਬਣ ਸਕਦੇ ਨੇ। ਇਸ ਤੋਂ ਇਲਾਵਾ ਇਹ ਟਾਇਰ ਝਟਕਿਆਂ ਨੂੰ ਸੋਖਦੇ ਨਹੀਂ, ਸਗੋਂ ਇਨ੍ਹਾਂ ਨੂੰ ਕਾਰ ਦੇ ਅੰਦਰ ਤੱਕ ਪਹੁੰਚਾ ਦਿੰਦੇ ਨੇ। ਜਿਨ੍ਹਾਂ ਲੋਕਾਂ ਨੂੰ ਹਵਾ ਵਾਲੇ ਟਾਇਰਾਂ ਕਾਰਨ ਮਲਾਈ ਵਰਗੇ ਸਫ਼ਰ ਦੀ ਆਦਤ ਪਈ ਹੋਈ ਐ, ਉਨ੍ਹਾਂ ਨੂੰ ਇਨ੍ਹਾਂ ਟਾਇਰਾਂ ਦੇ ਆਦੀ ਹੋਣ ਵਿਚ ਸਮਾਂ ਲੱਗ ਸਕਦਾ ਏ।

ਟਾਇਰ ਨਿਰਮਾਤਾ ਕੰਪਨੀਆਂ ਨੂੰ ਉਮੀਦ ਐ ਕਿ ਪੈਂਚਰ ਪਰੂਫ਼ ਟਾਇਰਾਂ ਵਿਚ ਮਿਲਟਰੀ, ਆਫ਼ਤ ਰਿਸਪਾਂਸ ਸੁਰੱਖਿਆ ਵਾਹਨਾਂ ਵਰਗੇ ਖੇਤਰਾਂ ਦੀ ਵਿਸ਼ੇਸ਼ ਦਿਲਚਸਪੀ ਹੋ ਸਕਦੀ ਐ। ਦੱਖਣੀ ਕੋਰੀਆ ਦੀ ਕੰਪਨੀ ਹੌਨਕੌਕ ਨੇ ਇਸੇ ਸਾਲ ਆਪਣੇ ਹਵਾ ਰਹਿਤ ਟਾਇਰ ਬਜ਼ਾਰ ਵਿਚ ਉਤਾਰ ਦਿੱਤੇ ਨੇ। ਇਹ ਰਵਾਇਤੀ ਟਾਇਰਾਂ ਨਾਲੋਂ ਛੋਟੇ ਅਤੇ ਬਣਤਰ ਵਿਚ ਮੱਧੂ ਮੱਖੀਆਂ ਦੇ ਛੱਤੇ ਵਰਗੇ ਲਗਦੇ ਨੇ। ਇਸ ਤੋਂ ਇਲਾਵਾ ਦੁਨੀਆ ਦੀ ਮੋਹਰੀ ਟਾਇਰ ਨਿਰਮਾਤਾ ਕੰਪਨੀ ਬਰਿਜਸਟੋਨ ਦੀ ਦਿਲਚਸਪੀ ਇਨ੍ਹਾਂ ਟਾਇਰਾਂ ਦੀ ਸਨਅਤੀ ਮੰਗ ਵੱਲ ਐ ਜਿਵੇਂ ਖੇਤੀਬਾੜੀ, ਮਾਈਨਿੰਗ ਅਤੇ ਉਸਾਰੀ ਖੇਤਰ, ਜਿੱਥੇ ਟਾਇਰ ਪੈਂਚਰ ਹੋਣ ਕਾਰਨ ਉਤਪਾਦਕਤਾ ਵਿਚ ਭਾਰੀ ਰੁਕਾਵਟ ਪੈਂਦੀ ਐ। ਹਾਲਾਂਕਿ ਸ਼ੁਰੂ ਵਿਚ ਇਹ ਹਵਾ ਰਹਿਤ ਟਾਇਰ ਮਹਿੰਗੇ ਹੋਣਗੇ ਪਰ ਇਸ ਖੇਤਰ ਵਿਚ 3ਡੀ ਪ੍ਰਿੰਟਿੰਗ ਵਰਗੀ ਤਕਨੀਕ ਦੀ ਵਰਤੋਂ ਕ੍ਰਾਂਤੀਕਾਰੀ ਸਾਬਤ ਹੋ ਸਕਦੀ ਐ।

ਫਿਲਹਾਲ ਨਵੀਂ ਤਕਨੀਕ ਦੇ ਇਨ੍ਹਾਂ ਟਾਇਰਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News