ਪੰਜਾਬੀ ਟਰੱਕ ਡਰਾਈਵਰਾਂ ਦੇ ਹੱਕ ਵਿਚ ਡਟਿਆ ਕੈਲੇਫੋਰਨੀਆ
ਹਜ਼ਾਰਾਂ ਪੰਜਾਬੀ ਟਰੱਕ ਡਰਾਈਵਰਾਂ ਦੇ ਹੱਕ ਵਿਚ ਡਟਦਿਆਂ ਕੈਲੇਫੋਰਨੀਆ ਸਰਕਾਰ ਵੱਲੋਂ 6 ਮਾਰਚ ਤੱਕ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਵਾਸਤੇ ਮੁੜ ਅਰਜ਼ੀਆਂ ਦਾਇਰ ਕਰਨ ਦੀ ਖੁੱਲ੍ਹ ਦਿਤੀ ਗਈ ਹੈ
ਸੈਕਰਾਮੈਂਟੋ : ਹਜ਼ਾਰਾਂ ਪੰਜਾਬੀ ਟਰੱਕ ਡਰਾਈਵਰਾਂ ਦੇ ਹੱਕ ਵਿਚ ਡਟਦਿਆਂ ਕੈਲੇਫੋਰਨੀਆ ਸਰਕਾਰ ਵੱਲੋਂ 6 ਮਾਰਚ ਤੱਕ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਵਾਸਤੇ ਮੁੜ ਅਰਜ਼ੀਆਂ ਦਾਇਰ ਕਰਨ ਦੀ ਖੁੱਲ੍ਹ ਦਿਤੀ ਗਈ ਹੈ। ਦੂਜੇ ਪਾਸੇ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਨੇ ਚਿਤਾਵਨੀ ਦਿਤੀ ਹੈ ਕਿ ਲਾਇਸੰਸ ਰੱਦ ਕਰਨ ਲਈ 5 ਜਨਵਰੀ ਦੀ ਸਮਾਂ ਹੱਦ ਦੀ ਪਾਲਣਾ ਨਾ ਕੀਤੀ ਗਈ ਤਾਂ ਕੈਲੇਫੋਰਨੀਆ ਨੂੰ ਮਿਲਣ ਵਾਲੀ 160 ਮਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਰੋਕ ਦਿਤੀ ਜਾਵੇਗੀ। ਦੱਸ ਦੇਈਏ ਕਿ 17 ਹਜ਼ਾਰ ਕਮਰਸ਼ੀਅਲ ਡਰਾਈਵਰਜ਼ ਲਾਇਸੰਸਾਂ ਦਾ ਮੁੱਦਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਸ ਬਾਰੇ ਅਦਾਲਤ ਵਿਚ ਮੁਕੱਦਮਾ ਵੀ ਦਾਇਰ ਕੀਤਾ ਗਿਆ ਹੈ।
6 ਮਾਰਚ ਤੱਕ ਲਾਇਸੰਸ ਵਾਸਤੇ ਮੁੜ ਅਰਜ਼ੀ ਦਾਇਰ ਕਰਨ ਦੀ ਖੁੱਲ੍ਹ ਦਿਤੀ
ਚੇਤੇ ਰਹੇ ਕਿ ਟਰੰਪ ਸਰਕਾਰ ਵੱਲੋਂ ਲਿਆਂਦੇ ਨਵੇਂ ਇੰਮੀਗ੍ਰੇਸ਼ਨ ਨਿਯਮਾਂ ਤਹਿਤ ਵਰਕ ਪਰਮਿਟ ’ਤੇ ਚੱਲ ਰਹੇ 2 ਲੱਖ ਡਰਾਈਵਰਾਂ ਵਿਚੋਂ ਸਿਰਫ਼ 10 ਹਜ਼ਾਰ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਬਚ ਸਕਦੇ ਹਨ ਜਿਨ੍ਹਾਂ ਕੋਲ ਐਚ-2 ਏ, ਐਚ-2 ਬੀ ਜਾਂ ਈ-2 ਵੀਜ਼ਾ ਮੌਜੂਦ ਹੈ। ਐਚ-2 ਏ ਵੀਜ਼ਾ ਆਰਜ਼ੀ ਖੇਤੀ ਕਾਮਿਆਂ ਨੂੰ ਦਿਤਾ ਜਾਂਦਾ ਹੈ ਜਦਕਿ ਐਚ-2 ਬੀ ਵੀਜ਼ਾ ਆਰਜ਼ੀ ਗੈਰ ਖੇਤੀ ਕਾਮਿਆਂ ਨੂੰ ਦਿਤਾ ਜਾਂਦਾ ਹੈ। ਈ-2 ਵੀਜ਼ਾ ਅਮਰੀਕਾ ਵਿਚ ਵੱਡਾ ਨਿਵੇਸ਼ ਕਰਨ ਵਾਲਿਆਂ ਨੂੰ ਮਿਲਦਾ ਹੈ। ਪਰ 1 ਲੱਖ 90 ਹਜ਼ਾਰ ਡਰਾਈਵਰ ਉਦੋਂ ਤੱਕ ਟਰੱਕ ਚਲਾ ਸਕਦੇ ਹਨ ਜਦੋਂ ਤੱਕ ਲਾਇਸੰਸ ਨਵਿਆਉਣ ਦੀ ਨੌਬਤ ਨਹੀਂ ਆਉਂਦੀ। ਇਹ ਵੀ ਪਤਾ ਲੱਗਾ ਹੈ ਕਿ ਕੈਲੇਫੋਰਨੀਆ ਸਰਕਾਰ ਵੱਲੋਂ ਤਾਜ਼ਾ ਕਾਰਵਾਈ ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਦੀ ਸਹਿਮਤੀ ਨਾਲ ਕੀਤੀ ਜਾ ਰਹੀ ਹੈ।