ਅਮਰੀਕਾ ਵਿਚ ਅੰਮ੍ਰਿਤਧਾਰੀ ਨੌਜਵਾਨ ਨਾਲ ਸ਼ਰ੍ਹੇਆਮ ਧੱਕੇਸ਼ਾਹੀ

ਨਿਊ ਯਾਰਕ ਵਿਖੇ ਇਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਕ੍ਰਿਪਾਨ ਨਾਲ ਹਮਲਾ ਕਰਨ ਦੇ ਬੇਬੁਨਿਆਦ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਨੌਜਵਾਨ ਦੀ ਸ਼ਨਾਖਤ ਰੂਪਨਜੋਤ ਸਿੰਘ ਵਜੋਂ ਕੀਤੀ ਗਈ ਹੈ ਜੋ ਅਮਰੀਕਾ ਵਿਚ ਪੜ੍ਹ ਰਿਹਾ ਹੈ

Update: 2024-08-05 12:23 GMT

ਨਿਊ ਯਾਰਕ : ਨਿਊ ਯਾਰਕ ਵਿਖੇ ਇਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਕ੍ਰਿਪਾਨ ਨਾਲ ਹਮਲਾ ਕਰਨ ਦੇ ਬੇਬੁਨਿਆਦ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਨੌਜਵਾਨ ਦੀ ਸ਼ਨਾਖਤ ਰੂਪਨਜੋਤ ਸਿੰਘ ਵਜੋਂ ਕੀਤੀ ਗਈ ਹੈ ਜੋ ਅਮਰੀਕਾ ਵਿਚ ਪੜ੍ਹ ਰਿਹਾ ਹੈ ਅਤੇ ਖਰਚਾ ਚਲਾਉਣ ਲਈ ਟੈਕਸੀ ਚਲਾਉਂਦਾ ਹੈ। ਰੂਪਨਜੋਤ ਸਿੰਘ ਨਿਊ ਯਾਰਕ ਦੇ ਜੌਹਨ ਐਫ਼. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ’ਤੇ ਸਵਾਰੀ ਦੀ ਉਡੀਕ ਕਰ ਰਿਹਾ ਸੀ ਜਦੋਂ ਇਕ ਸ਼ਖਸ ਨੇ ਉਸ ਦੀ ਕ੍ਰਿਪਾਨ ਦੇਖ ਕੇ ਪੁਲਿਸ ਨੂੰ ਫੋਨ ਕਰ ਦਿਤਾ ਅਤੇ ਪੁਲਿਸ ਦੇ ਪੁੱਜਣ ’ਤੇ ਕ੍ਰਿਪਾਨ ਨਾਲ ਹਮਲਾ ਕਰਨ ਦੇ ਦੋਸ਼ ਲਾਉਣ ਲੱਗਾ। ਮੌਕੇ ’ਤੇ ਮੌਜੂਦ ਕਈ ਸਿੱਖ ਟੈਕਸੀ ਡਰਾਈਵਰਾਂ ਵੱਲੋਂ ਮਾਮਲੇ ਵਿਚ ਦਖਲ ਦੇਣ ਦਾ ਯਤਨ ਕੀਤਾ ਗਿਆ ਪਰ ਵੱਡੀ ਗਿਣਤੀ ਵਿਚ ਪੁਲਿਸ ਅਫ਼ਸਰ ਪੁੱਜ ਗਏ ਅਤੇ ਰੂਪਨਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਏ।

ਨਿਊ ਯਾਰਕ ਹਵਾਈ ਅੱਡੇ ਤੋਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਰੂਪਨਜੋਤ ਸਿੰਘ ਨਾਲ ਵਾਪਰੇ ਘਟਨਾਕ੍ਰਮ ਦੌਰਾਨ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ ਪਰ ਕਿਸੇ ਨੇ ਵੀ ਉਸ ਦੇ ਹੱਕ ਵਿਚ ਗਵਾਹੀ ਨਾ ਦਿਤੀ ਜਦਕਿ ਦੂਜੇ ਪਾਸੇ ਸਵਾਰੀ ਦੇ ਰੂਪ ਵਿਚ ਆਇਆ ਸ਼ਖਸ ਦੋਸ਼ ਲਾ ਰਿਹਾ ਸੀ ਕਿ ਉਸ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦਾ ਯਤਨ ਕੀਤਾ। ਰੂਪਨਜੋਤ ਸਿੰਘ ਦਾ ਭਵਿੱਖ ਖਰਾਬ ਹੋਣ ਤੋਂ ਬਚਾਉਣ ਲਈ ਸਿੱਖ ਜਥੇਬੰਦੀਆਂ ਵੱਲੋਂ ਨਿਊ ਯਾਰਕ ਸ਼ਹਿਰ ਦੇ ਮੇਅਰ ਅਤੇ ਨਿਊ ਯਾਰਕ ਸੂਬੇ ਦੀ ਗਵਰਨਰ ਨੂੰ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ ਗਈ ਹੈ। ਅਮਰੀਕਾ ਵਿਚ ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਕੈਨੇਡਾ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ ਇਕੱਲੇ ਉਨਟਾਰੀਓ ਸੂਬੇ ਵਿਚ ਤਿੰਨ ਸਿੱਖਾਂ ’ਤੇ ਹਮਲਾ ਹੋਣ ਦੀ ਰਿਪੋਰਟ ਹੈ। ਪਹਿਲਾ ਮਾਮਲਾ ਟੋਰਾਂਟੋ ਦੇ ਸਕਾਰਬ੍ਰੋਅ ਇਲਾਕੇ ਵਿਚ ਸਾਹਮਣੇ ਆਇਆ ਜਿਥੇ ਰੁਪਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਗੁਰਦਵਾਰਾ ਸਾਹਿਬ ਤੋਂ ਘਰ ਪਰਤ ਰਿਹਾ ਸੀ। ਦੂਜਾ ਮਾਮਲਾ ਪੀਟਰਬ੍ਰੋਅ ਵਿਖੇ ਸਾਹਮਣੇ ਆਇਆ ਜਿਥੇ ਸਿੱਖ ਨੌਜਵਾਨ ਦੀ ਪੱਗ ਢਾਹੁਣ ਮਗਰੋਂ ਸਿਰ ’ਤੇ ਸੋਡਾ ਕੈਨ ਨਾਲ ਵਾਰ ਕੀਤੇ ਗਏ।

ਕ੍ਰਿਪਾਨ ਨਾਲ ਹਮਲਾ ਕਰਨ ਦੇ ਲੱਗੇ ਬੇਬੁਨਿਆਦ ਦੋਸ਼

ਤੀਜਾ ਮਾਮਲਾ ਸਡਬਰੀ ਵਿਖੇ ਸਾਹਮਣੇ ਆਇਆ ਜਿਥੇ ਇਕ ਸਿੱਖ ਨੂੰ ਪਿਕਅੱਪ ਟਰੱਕ ਹੇਠ ਦਰੜਨ ਦਾ ਯਤਨ ਕੀਤਾ ਗਿਆ। ਰੁਪਿੰਦਰ ਸਿੰਘ ਨੇ ਦੱਸਿਆ ਕਿ ਇਕ ਕਾਰ ਵਿਚ ਸਵਾਰ ਕੁਝ ਲੋਕਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ ਅਤੇ ਜਿਉਂ ਹੀ ਉਹ ਆਪਣੇ ਘਰ ਨੇੜੇ ਪੁੱਜਾ ਤਾਂ ਇਕ ਹਮਲਾਵਰ ਨੇ ਕਾਰ ਵਿਚੋਂ ਨਿਕਲਦਿਆਂ ਉਸ ਦੀ ਦਸਤਾਰ ਨੂੰ ਹੱਥ ਪਾ ਲਿਆ। ਹਮਲਾਵਰ ਦਸਤਾਰ ਖਿੱਚ ਕੇ ਕਾਰ ਵੱਲ ਦੌੜਿਆ ਜੋ ਗੋਲਡ-ਵਾਈਟ ਕਲਰ ਦੀ 7 ਸੀਟਰ ਸੀਐਨਾ ਗੱਡੀ ਸੀ। ਰੁਪਿੰਦਰ ਸਿੰਘ ਮੁਤਾਬਕ ਹਮਲਾਵਰਾਂ ਨੇ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ। ਰੁਪਿੰਦਰ ਸਿੰਘ ਨੇ 911 ’ਤੇ ਕਾਲ ਕੀਤੀ ਅਤੇ ਪੁਲਿਸ ਮੌਕੇ ’ਤੇ ਪੁੱਜ ਗਈ ਪਰ 16 ਜੁਲਾਈ ਦੀ ਵਾਰਦਾਤ ਮਗਰੋਂ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ। ਇਸੇ ਕਿਸਮ ਦੀ ਵਾਰਦਾਤ 25 ਜੁਲਾਈ ਨੂੰ ਉਨਟਾਰੀਓ ਦੇ ਪੀਟਰਬ੍ਰੋਅ ਵਿਖੇ ਵਾਪਰੀ ਜਿਥੇ ਇਕ ਸਿੱਖ ’ਤੇ ਸੋਡਾ ਕੈਨ ਨਾਲ ਵਾਰ ਕੀਤੇ ਗਏ। ਹੰਟਰ ਸਟ੍ਰੀਟ ਈਸਟ ਅਤੇ ਮਾਰਕ ਸਟ੍ਰੀਟ ਵਿਚ ਹੋਈ ਵਾਰਦਾਤ ਨੂੰ ਪੁਲਿਸ ਨਫ਼ਰਤੀ ਅਪਰਾਧ ਮੰਨ ਰਹੀ ਹੈ। ਦੂਜੇ ਪਾਸੇ ਉਨਟਾਰੀਓ ਦੇ ਹੀ ਸਡਬਰੀ ਵਿਖੇ ਇਕ ਅੰਮ੍ਰਿਤਧਾਰੀ ਸਿੱਖ ’ਤੇ ਹਮਲਾ ਕਰਦਿਆਂ ਪਿਕਅੱਪ ਟਰੱਕ ਹੇਠ ਦਰੜਨ ਦਾ ਯਤਨ ਕੀਤਾ ਗਿਆ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਸਿੱਖਾਂ ’ਤੇ ਲਗਾਤਾਰ ਹੋ ਰਹੇ ਹਮਲਿਆਂ ਤੋਂ ਚਿੰਤਤ ਹੈ ਅਤੇ ਜਥੇਬੰਦੀ ਦਾ ਕਹਿਣਾ ਹੈ ਕਿ ਕੈਨੇਡੀਅਨ ਸਿੱਖਾਂ ਨੂੰ ਆਨਲਾਈਨ ਵੀ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਡਬਲਿਊ.ਐਸ.ਓ. ਨੇ ਕਿਹਾ ਕਿ ਕੈਨੇਡਾ ਦੀਆਂ ਕੱਟੜਪੰਥੀ ਜਥੇਬੰਦੀਆਂ ਅਤੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਹਮਲੇ ਹੋਣ ਦਾ ਖਤਰਾ ਮੰਡਰਾਉਣ ਲੱਗਾ ਹੈ। 

Tags:    

Similar News