America ਵਿਚ ਬਰਫ਼ੀਲੇ ਤੂਫ਼ਾਨ ਦਾ ਕਹਿਰ

ਅਮਰੀਕਾ ਵਿਚ ਬਰਫ਼ੀਲਾ ਤੂਫ਼ਾਨ ਸਾਰੇ ਰਿਕਾਰਡ ਤੋੜ ਰਿਹਾ ਹੈ ਅਤੇ ਉਤਰ-ਪੂਰਬੀ ਰਾਜਾਂ ਵਿਚ ਕਈ ਥਾਵਾਂ ’ਤੇ 33 ਇੰਚ ਤੋਂ ਵੱਧ ਬਰਫ਼ਬਾਰੀ ਹੋ ਚੁੱਕੀ ਹੈ

Update: 2026-02-24 11:05 GMT

ਨਿਊ ਯਾਰਕ : ਅਮਰੀਕਾ ਵਿਚ ਬਰਫ਼ੀਲਾ ਤੂਫ਼ਾਨ ਸਾਰੇ ਰਿਕਾਰਡ ਤੋੜ ਰਿਹਾ ਹੈ ਅਤੇ ਉਤਰ-ਪੂਰਬੀ ਰਾਜਾਂ ਵਿਚ ਕਈ ਥਾਵਾਂ ’ਤੇ 33 ਇੰਚ ਤੋਂ ਵੱਧ ਬਰਫ਼ਬਾਰੀ ਹੋ ਚੁੱਕੀ ਹੈ। ਐਤਵਾਰ ਤੋਂ ਸੋਮਵਾਰ ਤੱਕ 9 ਹਜ਼ਾਰ ਫਲਾਈਟਸ ਰੱਦ ਹੋ ਗਈਆਂ ਅਤੇ ਸੜਕੀ ਆਵਾਜਾਈ ਵੀ ਠੱਪ ਹੋ ਗਈ। ਨਿਊ ਯਾਰਕ ਸਿਟੀ, ਫ਼ਿਲਾਡੈਲਫ਼ੀਆ, ਨਿਊਅਰਕ ਅਤੇ ਵਾਸ਼ਿੰਗਟਨ ਡੀ.ਸੀ ਦੇ ਹਵਾਈ ਅੱਡਿਆਂ ’ਤੇ ਜਹਾਜ਼ ਫਸ ਜਾਣ ਕਰ ਕੇ ਅਮਰੀਕਾ ਦੇ ਬਾਕੀ ਰਾਜਾਂ ਵਿਚ ਵੀ ਫਲਾਈਟਸ ਪ੍ਰਭਾਵਤ ਹੋ ਰਹੀਆਂ ਹਨ, ਖ਼ਾਸ ਤੌਰ ’ਤੇ ਕਨੈਕਟਿੰਗ ਫ਼ਲਾਈਟਸ ’ਤੇ ਸਭ ਤੋਂ ਵੱਧ ਅਸਰ ਪੈ ਰਿਹਾ ਹੈ। ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਈ ਥਾਵਾਂ ’ਤੇ ਰਾਹਤ ਕਾਰਜਾਂ ਲਈ ਨੈਸ਼ਨਲ ਗਾਰਡਜ਼ ਸੱਦੇ ਗਏ ਅਤੇ ਸੱਤ ਰਾਜਾਂ ਵਿਚ ਐਮਰਜੰਸੀ ਦਾ ਐਲਾਨ ਕੀਤਾ ਗਿਆ ਹੈ। ਸੜਕਾਂ ’ਤੇ ਹਾਦਸਿਆਂ ਦੀ ਭਰਮਾਰ ਹੈ ਅਤੇ ਬਰਫ਼ੀਲੇ ਤੂਫ਼ਾਨ ਹਰਨੈਂਡੋ ਕਰ ਕੇ ਤਿੰਨ ਮੌਤਾਂ ਹੋਣ ਦੀ ਰਿਪੋਰਟ ਹੈ ਜਦਕਿ ਵੱਖ ਵੱਖ ਰਾਜਾਂ ਵਿਚ ਲੱਖਾਂ ਘਰਾਂ ਦੀ ਬਿਜਲੀ ਗੁੱਲ ਰਹੀ।

ਹਜ਼ਾਰਾਂ ਫ਼ਲਾਈਟਸ ਹੋਈਆਂ ਰੱਦ, ਸੜਕਾਂ ’ਤੇ ਹਾਦਸੇ

ਨਿਊ ਯਾਰਕ ਅਤੇ ਮੈਸਾਚਿਊਸੈਟਸ ਵਿਖੇ ਹਨੇਰੇ ਵਿਚ ਰਾਤ ਕੱਟਣ ਵਾਲੇ ਪਰਵਾਰਾਂ ਦੀ ਗਿਣਤੀ ਪੰਜ ਲੱਖ ਦੱਸੀ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਨਿਊ ਯਾਰਕ ਦੇ ਲੌਂਗ ਆਇਲੈਂਡ ਵਿਖੇ 20 ਇੰਚ ਤੋਂ ਵੱਧ ਬਰਫ਼ ਡਿੱਗੀ ਜਦਕਿ ਨਿਊ ਜਰਸੀ ਦੇ ਨਿਊਅਰਕ ਵਿਖੇ 18 ਇੰਚ ਬਰਫ਼ਬਾਰੀ ਦਰਜ ਕੀਤੀ ਗਈ। ਨਿਊ ਸ਼ਹਿਰ ਦੀ ਹਰ ਸੜਕ ਤੋਂ ਘੱਟੋ ਘੱਟ ਇਕ ਵਾਰ ਬਰਫ਼ ਹਟਾਈ ਜਾ ਚੁੱਕੀ ਹੈ ਪਰ ਖ਼ਰਾਬ ਮੌਸਮ ਨੂੰ ਵੇਖਦਿਆਂ ਆਵਾਜਾਈ ਆਮ ਵਾਂਗ ਹੋਣ ਵਿਚ ਕੁਝ ਦਿਨ ਲੱਗ ਸਕਦੇ ਹਨ। ਨਿਊ ਯਾਰਕ ਦੇ ਮੇਅਰ ਜ਼ੌਹਰਾਨ ਮਮਦਾਨੀ ਨੇ ਸੜਕਾਂ ’ਤੇ ਗੈਰਜ਼ਰੂਰੀ ਆਵਾਜਾਈ ਉਤੇ ਰੋਕ ਲਾ ਦਿਤੀ ਜੋ ਸੋਮਵਾਰ ਦੁਪਹਿਰ ਤਕਰੀਬਨ 12 ਵਜੇ ਹਟਾਈ ਗਈ। ਸ਼ਹਿਰ ਵਿਚ ਆਖਰੀ ਵਾਰ ਸਾਲ 2006 ਦੌਰਾਨ 26.9 ਇੰਚ ਬਰਫ਼ਬਾਰੀ ਦਰਜ ਕੀਤੀ ਗਈ ਅਤੇ ਮੌਸਮ ਦਾ ਮਿਜ਼ਾਜ ਇਸੇ ਤਰ੍ਹਾਂ ਰਿਹਾ ਤਾਂ 20 ਸਾਲ ਪੁਰਾਣਾ ਰਿਕਾਰਡ ਟੁੱਟ ਸਕਦਾ ਹੈ। ਉਧਰ ਨਿਊ ਜਰਸੀ ਦੀ ਗਵਰਨਰ ਮਿਕੀ ਸ਼ੈਰਿਲ ਵੱਲੋਂ ਵੀ ਸੋਮਵਾਰ ਦੁਪਹਿਰ ਤੱਕ ਆਵਾਜਾਈ ਬੰਦਿਸ਼ਾਂ ਲਾਗੂ ਰਹਿਣ ਦਾ ਐਲਾਨ ਕੀਤਾ ਗਿਆ। ਇਸੇ ਦੌਰਾਨ ਨੈਸ਼ਨਲ ਵੈਦਰ ਸਰਵਿਸ ਵੱਲੋਂ ਕੁਝ ਥਾਵਾਂ ’ਤੇ ਬਰਫ਼ਬਾਰੀ ਦਾ ਸਿਲਸਿਲਾ ਜਾਰੀ ਰਹਿਣ ਦੀ ਚਿਤਾਵਨੀ ਦਿਤੀ ਗਈ ਹੈ ਅਤੇ ਤੇਜ਼ ਹਵਾਵਾਂ ਹਾਲਾਤ ਨੂੰ ਹੋਰ ਬਦਤਰ ਬਣਾ ਸਕਦੀਆਂ ਹਨ।

3-3 ਫੁੱਟ ਤੱਕ ਜੰਮ ਗਈ ਬਰਫ਼, ਰਿਕਾਰਡ ਟੁੱਟੇ

ਮੈਸਾਚਿਊਸੈਟਸ ਦੀ ਗਵਰਨਰ ਮੌਰਾ ਹੀਲੀ ਨੇ ਲੋਕਾਂ ਨੂੰ ਸੜਕਾਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਬਰਫ਼ ਵਿਚ ਫਸਣ ਵਾਲੀ ਹਰ ਗੱਡੀ ਐਮਰਜੰਸੀ ਕਾਮਿਆਂ ਉਤੇ ਕੰਮ ਦਾ ਬੋਝ ਵਧਾ ਸਕਦੀ ਹੈ। ਵਿੰਟਰ ਸਟੌਰਮ ਹਰਨਾਂਡੋ ਨੂੰ ਬੌਂਬ ਸਾਈਕਲੋਨ ਦਾ ਨਾਂ ਵੀ ਦਿਤਾ ਗਿਆ ਜਿਸ ਦਾ ਜ਼ੋਰ ਤਕਰੀਬਨ ਖ਼ਤਮ ਹੋ ਚੁੱਕਾ ਹੈ ਪਰ ਸਰਦ ਹਵਾਵਾਂ ਨਾਲ ਉਡਦੀ ਬਰਫ਼ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਰਾਹਾਂ ਵਿਚ ਫਸੇ ਲੋਕਾਂ ਨੂੰ ਨਿੱਘੇ ਰਹਿਣ ਦਾ ਸੱਦਾ ਦਿਤਾ ਗਿਆ ਹੈ ਅਤੇ ਹਵਾਈ ਮੁਸਾਫ਼ਰ ਨੂੰ ਹਦਾਇਤ ਦਿਤੀ ਗਈ ਹੈ ਕਿ ਫਲਾਈਟ ਸਟੈਟਸ ਚੈਕ ਕਰਨ ਤੋਂ ਬਾਅਦ ਹੀ ਏਅਰਪੋਰਟ ਵੱਲ ਜਾਣ ਦੇ ਯਤਨ ਕੀਤੇ ਜਾਣ। ਦੱਸ ਦੇਈਏ ਕਿ ਰੋਡ ਆਇਲੈਂਡ ਸੂਬੇ ਦੇ ਟੀ.ਐਫ਼. ਗਰੀਨ ਏਅਰ ਪੋਰਟ ’ਤੇ ਆਖਰੀ ਵਾਰ 1978 ਵਿਚ ਸਭ ਤੋਂ ਵੱਧ 29 ਇੰਚ ਬਰਫ਼ ਡਿੱਗੀ ਪਰ ਇਸ ਵਾਰ ਰਿਕਾਰਡ ਟੁੱਟ ਗਿਆ ਅਤੇ 33 ਇੰਚ ਸਨੋਅ ਫ਼ਾਲ ਨੇ ਨਵਾਂ ਇਤਿਹਾਸ ਸਿਰਜ ਦਿਤਾ। ਮੈਰੀਲੈਂਡ ਸਟੇਟ ਪੁਲਿਸ ਨੇ ਦੱਸਿਆ ਕਿ ਸੂਬੇ ਦੀਆਂ ਸੜਕਾਂ ’ਤੇ ਤਕਰੀਬਨ 343 ਕਰੈਸ਼ ਹੋਏ ਅਤੇ ਐਮਰਜੰਸੀ ਨੰਬਰ ’ਤੇ ਮਦਦ ਵਾਸਤੇ 1,190 ਤੋਂ ਵੱਧ ਕਾਲਾਂ ਆਈਆਂ।

Tags:    

Similar News