America ਵਿਚ ਵੱਡਾ explosion, ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਹਦਾਇਤ

ਈਰਾਨ ਵਿਚ ਚੱਲ ਰਹੇ ਬੰਬ-ਗੋਲਿਆਂ ਦਰਮਿਆਨ ਅਮਰੀਕਾ ਵਿਚ ਵੱਡਾ ਧਮਾਕਾ ਹੋਇਆ ਹੈ। ਜੀ ਹਾਂ, ਟੈਕਸਸ ਸੂਬੇ ਦੇ ਪੋਰਟ ਆਰਥਰ ਇਲਾਕੇ ਦੀ ਤੇਲ ਰਿਫ਼ਾਇਨਰੀ ਵਿਚੋਂ ਅੱਗੇ ਦੇ ਭਾਂਬੜ ਉਠਦੇ ਨਜ਼ਰ ਆਏ

Update: 2026-03-24 12:51 GMT

ਟੈਕਸਸ : ਈਰਾਨ ਵਿਚ ਚੱਲ ਰਹੇ ਬੰਬ-ਗੋਲਿਆਂ ਦਰਮਿਆਨ ਅਮਰੀਕਾ ਵਿਚ ਵੱਡਾ ਧਮਾਕਾ ਹੋਇਆ ਹੈ। ਜੀ ਹਾਂ, ਟੈਕਸਸ ਸੂਬੇ ਦੇ ਪੋਰਟ ਆਰਥਰ ਇਲਾਕੇ ਦੀ ਤੇਲ ਰਿਫ਼ਾਇਨਰੀ ਵਿਚੋਂ ਅੱਗੇ ਦੇ ਭਾਂਬੜ ਉਠਦੇ ਨਜ਼ਰ ਆਏ ਜਿਥੇ ਰੋਜ਼ਾਨਾ 3 ਲੱਖ 80 ਹਜ਼ਾਰ ਬੈਰਲ ਤੇਲ ਸਾਫ਼ ਕੀਤਾ ਜਾਂਦਾ ਹੈ। ਵਲੇਰੋ ਐਨਰਜੀ ਦੀ ਮਾਲਕੀ ਵਾਲੀ ਰਿਫ਼ਾਇਨਰੀ ਵਿਚ ਧਮਾਕੇ ਦੇ ਕਾਰਨਾਂ ਬਾਰੇ ਫ਼ਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ ਅਤੇ ਖਾੜੀ ਮੁਲਕਾਂ ਵਿਚ ਜੰਗ ਦੇ ਚਲਦਿਆਂ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ। ਵਲੇਰੋ ਐਨਰਜੀ ਵੱਲੋਂ ਰਿਫ਼ਾਇਨਰੀ ਵਿਚ ਵਾਪਰੇ ਘਟਨਾਕ੍ਰਮ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਦੂਜੇ ਪਾਸੇ ਟੈਕਸਸ ਦੇ ਦੱਖਣ ਪੂਰਬੀ ਇਲਾਕੇ ਵਿਚ ਹੋਏ ਧਮਾਕੇ ਮਗਰੋਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਿਤੀ ਗਈ ਹੈ। ਅਮਰੀਕਾ ਦੀਆਂ ਸਭ ਤੋਂ ਵੱਡੀਆਂ ਰਿਫ਼ਾਇਨਰੀਆਂ ਵਿਚੋਂ ਇਕ ਵਿਚ ਹੋਇਆ ਧਮਾਕਾ ਡੂੰਘੀਆਂ ਸੁਰੱਖਿਆ ਚਿੰਤਾਵਾਂ ਪੈਦਾ ਕਰ ਰਿਹਾ ਹੈ ਜਦਕਿ ਦੂਜੇ ਪਾਸੇ ਰਿਫ਼ਾਇਨਰੀ ਦੇ ਹੀਟਰ ਵਿਚ ਤਕਨੀਕੀ ਖਰਾਬੀ ਨੂੰ ਧਮਾਕੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਈਰਾਨ ਜੰਗ ਸ਼ੁਰੂ ਹੋਣ ਮਗਰੋਂ ਅਮਰੀਕਾ ਦੇ ਸ਼ਹਿਰਾਂ ਵਿਚ ਧਮਾਕੇ ਹੋਣ ਦੀ ਖੁਫੀਆ ਜਾਣਕਾਰੀ ਸਾਹਮਣੇ ਆਈ ਸੀ। ਇੰਟੈਲੀਜੈਂਸ ਇਨਪੁਟਸ ਵਿਚ ਕਿਹਾ ਗਿਆ ਸੀ ਕਿ ਅਮਰੀਕਾ ਵਿਚ ਮੌਜੂਦ ਈਰਾਨ ਦੇ ਸਲੀਪਰ ਸੈਲ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਹਨ। ਦੂਜੇ ਪਾਸੇ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਕੈਲੇਫੋਰਨੀਆ ਦੇ ਤਟਵਰਤੀ ਇਲਾਕਿਆਂ ਵਿਚ ਡਰੋਨ ਹਮਲੇ ਹੋਣ ਦੀ ਚਿਤਾਵਨੀ ਪੁਲਿਸ ਮਹਿਕਮਿਆਂ ਨੂੰ ਦਿਤੀ ਗਈ ਪਰ ਬਾਅਦ ਵਿਚ ਚਿਤਾਵਨੀ ਨੂੰ ਸਿਰਫ਼ ਅਹਿਤਿਆਤੀ ਕਰਾਰ ਦਿਤਾ ਗਿਆ। ਈਰਾਨ ਵਿਚ ਚੱਲ ਰਹੀ ਜੰਗ ਦੇ ਮੱਦੇਨਜ਼ਰ ਅਮਰੀਕਾ ਵਿਚ ਕਿਸੇ ਵੱਡੀ ਵਾਰਦਾਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਮਰੀਕਾ ਦੇ ਰਾਸ਼ਟਰਪਤੀ ਈਰਾਨ ਜੰਗ ਦਾ ਖਿਲਾਰਾ ਸਮੇਟਣਾ ਚਾਹੁੰਦੇ ਹਨ ਪਰ ਈਰਾਨ ਸਰਕਾਰ ਜੰਗ ਖ਼ਤਮ ਕਰਨ ਦੇ ਇਵਜ਼ ਵਿਚ ਮੁਆਵਜ਼ਾ ਮੰਗ ਰਹੀ ਹੈ। ਈਰਾਨ ਦੇ ਸੁਪਰੀਮ ਆਗੂ ਮੁਜਤਬਾ ਖਮੀਨੀ ਦੇ ਸੀਨੀਅਰ ਫ਼ੌਜੀ ਸਲਾਹਕਾਰ ਮੋਹਸਿਨ ਰਜੇਈ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਦੀਆਂ ਸ਼ਰਤਾਂ ਬਿਲਕੁਲ ਸਪੱਸ਼ਟ ਹਨ। ਸਾਰੀਆਂ ਆਰਥਿਕ ਪਾਬੰਦੀਆਂ ਹਟਾਈਆਂ ਜਾਣ ਅਤੇ ਭਵਿੱਖ ਵਿਚ ਅਮਰੀਕਾ ਕਿਸੇ ਵੀ ਕਿਸਮ ਦੀ ਦਖ਼ਲਅੰਦਾਜ਼ੀ ਨਾ ਕਰਨ ਦੀ ਗਾਰੰਟੀ ਦੇਵੇ ਤਾਂ ਜੰਗਬੰਦੀ ਬਾਰੇ ਸੋਚਿਆ ਜਾ ਸਕਦਾ ਹੈ। ਰਜੇਈ ਨੇ ਇਹ ਵੀ ਕਿਹਾ ਕਿ ਅਮਰੀਕਾ ਨੇ ਬਹੁਤ ਪਹਿਲਾਂ ਹੀ ਜੰਗਬੰਦੀ ਵੱਲ ਕਦਮ ਵਧਾ ਦਿਤੇ ਸਨ ਪਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਲੇ ਜਾਰੀ ਰੱਖਣ ’ਤੇ ਜ਼ੋਰ ਦਿਤਾ ਅਤੇ ਲੜਾਈ ਲੰਮੀ ਚੱਲ ਗਈ। ਉਨ੍ਹਾਂ ਦਾਅਵਾ ਕੀਤਾ ਕਿ ਜੰਗ ਦੇ 15ਵੇਂ ਦਿਨ ਅਮਰੀਕਾ ਨੂੰ ਪਤਾ ਲੱਗ ਗਿਆ ਕਿ ਇਥੇ ਸਮਾਂ ਬਰਬਾਦ ਕਰਨ ਦਾ ਕੋਈ ਫ਼ਾਇਦਾ ਨਹੀਂ। ਇਸ ਤੋਂ ਪਹਿਲਾਂ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲੀਬਾਫ਼ ਸਪੱਸ਼ਟ ਸ਼ਬਦਾਂ ਵਿਚ ਆਖ ਚੁੱਕੇ ਹਨ ਕਿ ਮੁਲਕ ਦੇ ਲੋਕਾਂ ਵੱਲੋਂ ਹਮਲਾਵਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਪੱਛਮੀ ਅਫ਼ਰੀਕਾ ਦੇ ਮੁਲਕ ਮੌਰੀਟੌਨੀਆ ਵਿਖੇ ਅਮਰੀਕਾ ਦੀ ਅੰਬੈਸੀ ਉਤੇ ਹਮਲਾ ਹੋਣ ਦੀ ਚਿਤਾਵਨੀ ਵੀ ਜਾਰੀ ਹੋ ਗਈ। ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਜੁਲਾਈ 2025 ਦੌਰਾਨ ਹੀ ਮੌਰੀਟੌਨੀਆ ਵਾਸਤੇ ਲੈਵਲ 3 ਟ੍ਰੈਵਲ ਐਡਵਾਇਜ਼ਰੀ ਜਾਰੀ ਕਰ ਦਿਤੀ ਗਈ ਸੀ। ਇਸ ਤੋਂ ਇਲਾਵਾ ਯੂ.ਐਸ. ਸਿਟੀਜ਼ਨਜ਼ ਨੂੰ ਮਾਲੀ ਅਤੇ ਅਲਜੀਰੀਆ ਦੀ ਸਰਹੱਦ ਦੇ 100 ਕਿਲੋਮੀਟਰ ਦੇ ਦਾਇਰੇ ਵਿਚ ਜਾਣ ਤੋਂ ਵੀ ਵਰਜਿਆ ਗਿਆ।

Tags:    

Similar News