ਬੀਬੀ ਹਰਜੀਤ ਕੌਰ ਦਾ ਮੁੱਦਾ ਭਾਰਤ ਦੀ ਸੰਸਦ ਵਿਚ ਗੂੰਜਿਆ
ਅਮਰੀਕਾ ਤੋਂ ਡਿਪੋਰਟ ਬਜ਼ੁਰਗ ਸਿੱਖ ਬੀਬੀ ਹਰਜੀਤ ਕੌਰ ਸਣੇ ਹੋਰਨਾਂ ਪ੍ਰਵਾਸੀਆਂ ਦਾ ਮੁੱਦਾ ਵੀਰਵਾਰ ਨੂੰ ਰਾਜ ਸਭਾ ਵਿਚ ਗੂੰਜਿਆ
ਨਵੀਂ ਦਿੱਲੀ : ਅਮਰੀਕਾ ਤੋਂ ਡਿਪੋਰਟ ਬਜ਼ੁਰਗ ਸਿੱਖ ਬੀਬੀ ਹਰਜੀਤ ਕੌਰ ਸਣੇ ਹੋਰਨਾਂ ਪ੍ਰਵਾਸੀਆਂ ਦਾ ਮੁੱਦਾ ਵੀਰਵਾਰ ਨੂੰ ਰਾਜ ਸਭਾ ਵਿਚ ਗੂੰਜਿਆ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਦੱਸਿਆ ਕਿ ਇੰਮੀਗ੍ਰੇਸ਼ਨ ਵਾਲਿਆਂ ਨੇ ਭਾਰਤ ਆਉਣ ਵਾਲੇ ਜਹਾਜ਼ ਵਿਚ ਚੜ੍ਹਾਉਣ ਤੋਂ ਪਹਿਲਾਂ ਹਰਜੀਤ ਕੌਰ ਨੂੰ ਹਥਕੜੀ ਨਾ ਲਾਈ ਪਰ ਇੰਮੀਗ੍ਰੇਸ਼ਨ ਹਿਰਾਸਤ ਦੌਰਾਨ ਮਾੜਾ ਸਲੂਕ ਕੀਤਾ ਗਿਆ। ਵਿਦੇਸ਼ ਮੰਤਰੀ ਨੇ ਬੀਬੀ ਹਰਜੀਤ ਕੌਰ ਦੇ ਵਕੀਲ ਦਾ ਹਵਾਲਾ ਦਿਤਾ ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਇਕ ਅਫ਼ਸਰ ਹਥਕੜੀ ਲਾਉਣਾ ਚਾਹੁੰਦਾ ਸੀ ਪਰ ਦੂਜੇ ਨੇ ਉਮਰ ਦਾ ਲਿਹਾਜ਼ ਕਰਦਿਆਂ ਅਜਿਹਾ ਕਰਨ ਤੋਂ ਰੋਕ ਦਿਤਾ।
ਵਿਦੇਸ਼ ਮੰਤਰੀ ਨੇ ਐਸ. ਜੈਸ਼ੰਕਰ ਨੇ ਮਾੜੇ ਸਲੂਕ ਦੀ ਗੱਲ ਮੰਨੀ
ਜੈਸ਼ੰਕਰ ਨੇ ਅੱਗੇ ਦੱਸਿਆ ਕਿ ਜਹਾਜ਼ ਦੇ ਨਵੀਂ ਦਿੱਲੀ ਹਵਾਈ ਅੱਡੇ ’ਤੇ ਪੁੱਜਣ ਮਗਰੋਂ ਭਾਰਤੀ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਵੀ ਤਸਦੀਕ ਕੀਤੀ ਕਿ ਹਰਜੀਤ ਕੌਰ ਨੂੰ ਹਥਕੜੀ ਨਹੀਂ ਸੀ ਲੱਗੀ ਹੋਈ। ਵਿਦੇਸ਼ ਮੰਤਰੀ ਮੁਤਾਬਕ ਜਦੋਂ ਵੀ ਕੋਈ ਚਾਰਟਰਡ ਫਲਾਈਟ ਲੈਂਡ ਕਰਦੀ ਹੈ ਤਾਂ ਇੰਮੀਗ੍ਰੇਸ਼ਨ ਅਧਿਕਾਰ ਹਰ ਮੁਸਾਫ਼ਰ ਤੋਂ ਪੁੱਛ ਪੜਤਾਲ ਕਰਦੇ ਹਨ ਅਤੇ ਅਮਰੀਕਾ ਤੋਂ ਡਿਪੋਰਟ ਭਾਰਤੀਆਂ ਵਾਲੀ ਫਲਾਈਟ ਦੇ ਮਾਮਲੇ ਵਿਚ ਵੀ ਅਜਿਹਾ ਹੀ ਕੀਤਾ ਗਿਆ। ਐਸ. ਜੈਸ਼ੰਕਰ ਨੇ ਕਿਹਾ ਕਿ 26 ਸਤੰਬਰ ਨੂੰ ਇਹ ਮਸਲਾ ਨਵੀਂ ਦਿੱਲੀ ਸਥਿਤ ਯੂ.ਐਸ. ਅੰਬੈਸੀ ਕੋਲ ਉਠਾਉਂਦਿਆਂ ਬਜ਼ੁਰਗ ਔਰਤ ਨਾਲ ਮਾੜਾ ਸਲੂਕ ਕਰਨ ’ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਹਰਜੀਤ ਕੌਰ ਪਹਿਲੀ ਵਾਰ 1992 ਵਿਚ ਕੈਲੇਫੋਰਨੀਆ ਪੁੱਜੇ ਸਨ ਪਰ 2005 ਵਿਚ ਅਸਾਇਲਮ ਕਲੇਮ ਰੱਦ ਹੋ ਗਿਆ। ਆਈਸ ਵਾਲਿਆਂ ਨੇ 8 ਸਤੰਬਰ ਨੂੰ ਬੀਬੀ ਹਰਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਅਤੇ 22 ਸਤੰਬਰ ਨੂੰ ਚਾਰਟਰਡ ਫਲਾਈਟ ਰਾਹੀਂ ਇੰਡੀਆ ਡਿਪੋਰਟ ਕਰ ਦਿਤਾ ਗਿਆ।