ਆਸਟ੍ਰੇਲੀਆ : 5 ਭਾਰਤੀਆਂ ਨੂੰ ਮਾਰਨ ਵਾਲਾ ਬਰੀ

ਆਸਟ੍ਰੇਲੀਆ ਵਿਚ ਦੋ ਭਾਰਤੀ ਪਰਵਾਰਾਂ ਦੇ ਪੰਜ ਮੈਂਬਰਾਂ ਦੀ ਮੌਤ ਦੇ ਜ਼ਿੰਮੇਵਾਰ ਡਰਾਈਵਰ ਨੂੰ ਅਦਾਲਤ ਨੇ ਬਰੀ ਕਰ ਦਿਤਾ ਹੈ।

Update: 2024-09-20 11:56 GMT

ਮੈਲਬਰਨ : ਆਸਟ੍ਰੇਲੀਆ ਵਿਚ ਦੋ ਭਾਰਤੀ ਪਰਵਾਰਾਂ ਦੇ ਪੰਜ ਮੈਂਬਰਾਂ ਦੀ ਮੌਤ ਦੇ ਜ਼ਿੰਮੇਵਾਰ ਡਰਾਈਵਰ ਨੂੰ ਅਦਾਲਤ ਨੇ ਬਰੀ ਕਰ ਦਿਤਾ ਹੈ। ਨਵੰਬਰ 2023 ਵਿਚ ਵਾਪਰੇ ਹਾਦਸੇ ਦੌਰਾਨ 67 ਸਾਲ ਦੇ ਵਿਲੀਅਮ ਸਵੇਲ ਨੇ ਇਕ ਹੋਟਲ ਦੇ ਬਾਹਰ ਬਣੇ ਬੀਅਰ ਗਾਰਡਨ ਵਿਚ ਬੈਠੇ ਲੋਕਾਂ ਉਤੇ ਗੱਡੀ ਚਾੜ੍ਹ ਦਿਤੀ ਜਿਸ ਦੇ ਸਿੱਟੇ ਵਜੋਂ 38 ਸਾਲ ਦੇ ਵਿਵੇਕ ਭਾਟੀਆ, ਉਨ੍ਹਾਂ ਦੇ 11 ਸਾਲਾ ਬੇਟੇ ਵਿਹਾਨ, ਪ੍ਰਤਿਭਾ ਸ਼ਰਮਾ, ਜਤਿਨ ਚੁੱਘ ਅਤੇ 8 ਸਾਲਾ ਅਨਵੀ ਦੀ ਮੌਤ ਹੋ ਗਈ। ਅਦਾਲਤੀ ਫੈਸਲੇ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਪੀੜਤ ਪਰਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ ਅਤੇ ਦੋਸ਼ੀ ਡਰਾਈਵਰ ਵਿਰੁੱਧ ਸਾਰੇ ਦੋਸ਼ ਰੱਦ ਕਰਨ ਦਾ ਫੈਸਲਾ ਆਸਟ੍ਰੇਲੀਆ ਦੀ ਨਿਆਂ ਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦਾ ਹੈ।

ਹੋਟਲ ਦੇ ਬਾਹਰ ਬੈਠੇ ਲੋਕਾਂ ’ਤੇ ਚਾੜ੍ਹ ਦਿਤੀ ਸੀ ਗੱਡੀ

ਉਧਰ ਸਰਕਾਰੀ ਵਕੀਲ ਨੇ ਕਿਹਾ ਕਿ ਫੈਸਲੇ ਨੂੰ ਉਚ ਅਦਾਲਤ ਵਿਚ ਚੁਣੌਤੀ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਵਿਵੇਕ ਭਾਟੀਆ ਦੇ ਪਿਤਾ ਅਸ਼ੋਕ ਭਾਟੀਆ ਨੇ ਕਿਹਾ ਕਿ ਉਹ ਬੇਹੱਦ ਮਾਯੂਸ ਹਨ ਕਿਉਂਕਿ ਅਦਾਲਤ ਨੇ ਪੰਜ ਜ਼ਿੰਦਗੀਆਂ ਦੀ ਕੋਈ ਕਦਰ ਨਾ ਪਾਈ। ਦੂਜੇ ਪਰਵਾਰ ਦੇ ਮੈਂਬਰ ਰੁਪਿੰਦਰ ਸਿੰਘ ਨੇ ਕਿਹਾ ਕਿ ਉਹ ਪਿਛਲੇ 10 ਮਹੀਨੇ ਤੋਂ ਇਨਸਾਫ ਮਿਲਣ ਦੀ ਉਡੀਕ ਕਰ ਰਹੇ ਸਨ ਪਰ ਅੱਜ ਫੈਸਲਾ ਸੁਣ ਕੇ ਮਨ ਵਿਚ ਗੁੱਸਾ ਆ ਗਿਆ। ਇਸੇ ਦੌਰਾਨ ਵਿਲੀਅਮ ਸਵੇਲ ਦੇ ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁਵੱਕਲ ਹਾਦਸੇ ਤੋਂ 10 ਮਹੀਨੇ ਬਾਅਦ ਵੀ ਸਦਮੇ ਵਿਚ ਹੈ ਅਤੇ ਇਸ ਤੋਂ ਜ਼ਿਆਦਾ ਹੋਰ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ। ਅਦਾਲਤੀ ਫੈਸਲੇ ਮਗਰੋਂ ਸੋਸ਼ਲ ਮੀਡੀਆ ’ਤੇ ਟਿੱਪਣੀਆਂ ਦਾ ਦੌਰ ਜਾਰੀ ਹੈ ਅਤੇ ਜ਼ਿਆਦਾਤਰ ਲੋਕ ਨਿਆਂ ਪ੍ਰਣਾਲੀ ’ਤੇ ਸਵਾਲ ਉਠਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਮੈਜਿਸਟ੍ਰੇਟ ਗਿਲੋਮ ਬੈਲਿਨ ਨੇ ਇਹ ਕਹਿੰਦਿਆਂ ਸਵੇਲ ਨੂੰ ਬਰੀ ਕਰ ਦਿਤਾ ਕਿ ਮੁਲਜ਼ਮ ਸ਼ੂਗਰ ਦੀ ਇਕ ਗੰਭੀਰ ਕਿਸਮ ਤੋਂ ਪੀੜਤ ਹੈ ਅਤੇ ਹਾਦਸੇ ਵਾਲੇ ਦਿਨ ਉਸ ਨੂੰ ਦੌਰਾ ਪਿਆ।

ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਮੁਕੱਦਮਾ ਰੱਦ ਕੀਤਾ

ਇਸ ਤੋਂ ਇਲਾਵਾ ਅਦਾਲਤ ਨੇ ਸਬੂਤਾਂ ਦਾ ਘਾਟ ਦਾ ਹਵਾਲਾ ਵੀ ਦਿਤਾ। ਦੱਸ ਦੇਈਏ ਕਿ ਪ੍ਰਤਿਭਾ ਸ਼ਰਮਾ ਆਪਣੇ ਪਤੀ ਨਾਲ ਆਸਟ੍ਰੇਲੀਆ ਦੇ ਪੁਆਇੰਟ ਕੁਕ ਵਿਖੇ ਰਹਿ ਰਹੀ ਸੀ ਅਤੇ ਛੁੱਟੀਆਂ ਮਨਾਉਣ ਡੇਲਜ਼ਫਰਡ ਕਸਬੇ ਵਿਚ ਆਈ। ਪ੍ਰਤਿਭਾ ਸ਼ਰਮਾ ਨੇ ਪਿਛਲੇ ਸਮੇਂ ਦੌਰਾਨ ਸੂਬਾਈ ਚੋਣਾਂ ਅਤੇ ਸਿਟੀ ਕੌਂਸਲ ਚੋਣਾਂ ਵੀ ਲੜੀਆਂ। ਦੂਜੇ ਪਾਸੇ ਟਾਰਨੇਟ ਵਿਖੇ ਰਹਿ ਰਿਹਾ 38 ਸਾਲਾ ਵਿਵੇਕ ਭਾਟੀਆ ਵੀ ਆਪਣੇ ਪਰਵਾਰ ਨਾਲ ਛੁੱਟੀਆਂ ਮਨਾਉਣ ਆਇਆ ਹੋਇਆ ਸੀ। ਹਾਦਸੇ ਦੌਰਾਨ ਵਿਵੇਕ ਭਾਟੀਆ ਦੀ ਪਤਨੀ ਰੁਚੀ ਅਤੇ 6 ਸਾਲ ਦਾ ਬੇਟਾ ਅਬੀਰ ਗੰਭੀਰ ਜ਼ਖਮੀ ਹੋ ਗਏ ਸਨ ਜਦਕਿ 11 ਮਹੀਨੇ ਦਾ ਇਕ ਬੱਚਾ ਚਮਤਕਾਰੀ ਤਰੀਕੇ ਨਾਲ ਬਚ ਗਿਆ। ਮੁਕੱਦਮੇ ਦੀ ਸੁਣਵਾਈ ਦੌਰਾਨ ਡਾਇਬਟੀਜ਼ ਦੇ ਦੋ ਮਾਹਰਾਂ ਨੇ ਵੀ ਬਿਆਨ ਦਰਜ ਕਰਵਾਏ ਅਤੇ ਸਵੇਲ ਨੂੰ ਗੰਭੀਰ ਹਾਈਪੋਗਲਾਇਸੀਮਕ ਤੋਂ ਪੀੜਤ ਦੱਸਿਆ। ਮੈਜਿਸਟ੍ਰੇਟ ਗਿਲੋਮ ਬੈਲਿਨ ਵੱਲੋਂ ਸਰਕਾਰੀ ਵਕੀਲਾਂ ਦੀ ਖਿਚਾਈ ਕੀਤੀ ਗਈ ਜਿਨ੍ਹਾਂ ਨੇ ਮੈਡੀਕ ਐਕਸਪਰਟਸ ਦੇ ਰਾਏ ਨੂੰ ਅਦਾਲਤ ਵਿਚ ਠੋਸ ਚੁਣੌਤੀ ਨਹੀਂ ਦਿਤੀ। ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ ਮੌਕੇ ਸਵੇਲ ਸਿਰ ਨੀਵਾਂ ਕਰ ਕੇ ਬੈਠਾ ਰਿਹਾ ਜਦਕਿ ਪੀੜਤ ਪਰਵਾਰ ਵੀ ਨੇੜੇ ਹੀ ਬੈਠੇ ਸਨ।

Tags:    

Similar News