ਰੂਸ ਦੀ ਪ੍ਰਮਾਣੂ ਰੱਖਿਆ ਫੌਜ ਦੇ ਮੁਖੀ ਦਾ ਕਤਲ
ਰੂਸ ਦੀ ਪ੍ਰਮਾਣੂ ਰੱਖਿਆ ਫੌਜ ਦੇ ਮੁਖੀ ਈਗੋਰ ਕਿਰੀਲੌਵ ਦੀ ਮਾਸਕੋ ਵਿਖੇ ਹੋਏ ਧਮਾਕੇ ਦੌਰਾਨ ਮੌਤ ਹੋ ਗਈ।;
ਮਾਸਕੋ : ਰੂਸ ਦੀ ਪ੍ਰਮਾਣੂ ਰੱਖਿਆ ਫੌਜ ਦੇ ਮੁਖੀ ਈਗੋਰ ਕਿਰੀਲੌਵ ਦੀ ਮਾਸਕੋ ਵਿਖੇ ਹੋਏ ਧਮਾਕੇ ਦੌਰਾਨ ਮੌਤ ਹੋ ਗਈ। ਜਨਰਲ ਕਿਰੀਲੌਵ ਆਪਣੇ ਅਪਾਰਟਮੈਂਟ ਵਿਚੋਂ ਬਾਹਰ ਆ ਰਹੇ ਸਨ ਜਦੋਂ ਨੇੜੇ ਖੜ੍ਹੇ ਈ-ਸਕੂਟਰ ਵਿਚ ਧਮਾਕਾ ਹੋ ਗਿਆ। ਧਮਾਕੇ ਦੌਰਾਨ ਉਨ੍ਹਾਂ ਦਾ ਸਹਾਇਕ ਵੀ ਮਾਰਿਆ ਗਿਆ। ਮੀਡੀਆਂ ਰਿਪੋਰਟਾਂ ਮੁਤਾਬਕ ਕਿਰੀਲੌਵ ਦਾ ਕਤਲ ਯੂਕਰੇਨ ਨੇ ਕਰਵਾਇਆ ਹੈ ਪਰ ਇਸ ਗੱਲ ਦੀ ਤਸਦੀਕ ਨਹੀਂ ਹੋ ਸਕੀ। ਧਮਾਕਾ ਰੂਸੀ ਰਾਸ਼ਟਰਪਤੀ ਦੇ ਪ੍ਰਮੁੱਖ ਟਿਕਾਣੇ ਕ੍ਰੈਮਲਿਨ ਤੋਂ ਸਿਰਫ਼ 7 ਕਿਲੋਮੀਟਰ ਦੂਰ ਹੋਇਆ ਅਤੇ ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਧਮਾਕੇ ਵਾਸਤੇ 300 ਗ੍ਰਾਮ ਖਾਸ ਬਾਰੂਦ ਦੀ ਵਰਤੋਂ ਕੀਤੀ ਗਈ।
ਇਲੈਕਟ੍ਰਾਨਿਕ ਸਕੂਟਰ ਵਿਚ ਬੰਬ ਲਾ ਕੇ ਕੀਤਾ ਧਮਾਕਾ
ਇਥੇ ਦਸਣਾ ਬਣਦਾ ਹੈ ਕਿ ਕਿਰੀਲੌਵ ਨੂੰ ਅਪ੍ਰੈਲ 2017 ਵਿਚ ਨਿਊਕਲੀਅਰ ਫੋਰਸਿਜ਼ ਦਾ ਮੁਖੀ ਥਾਪਿਆ ਗਿਆ ਸੀ। ਉਹ ਰੂਸ ਦੇ ਰੇਡੀਏਸ਼ਨ, ਕੈਮੀਕਲ ਅਤੇ ਜੈਵਿਕ ਹਥਿਆਰਾਂ ਵਰਗੇ ਵਿਭਾਗ ਦੇ ਮੁਖੀ ਵੀ ਰਹਿ ਚੁੱਕੇ ਹਨ। ਧਮਾਕਾ ਐਨਾ ਜ਼ੋਰਦਾਰ ਸੀ ਕਿ ਇਮਾਰਤ ਦੀ ਚੌਥੀ ਮੰਜ਼ਿਲ ਤੱਕ ਸ਼ੀਸ਼ੇ ਟੁੱਟ ਗਏ। ਫੌਜੀ ਜਰਨੈਲ ਦੀ ਮੌਤ ਮਗਰੋਂ ਰੂਸੀ ਸੰਸਦ ਦੇ ਡਿਪਟੀ ਸਪੀਕਰ ਨੇ ਕਿਹਾ ਕਿ ਕਤਲ ਦਾ ਬਦਲਾ ਜ਼ਰੂੂਰ ਲਿਆ ਜਾਵੇਗਾ। ਦੱਸ ਦੇਈਏ ਕਿ ਪਿਛਲੇ ਚਾਰ ਮਹੀਨੇ ਦੌਰਾਨ ਰੂਸ ਦੇ ਤੀਜੇ ਵੱਡੇ ਅਫਸਰ ਦਾ ਕਤਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 12 ਦਸੰਬਰ ਨੂੰ ਮਿਜ਼ਾਈਲ ਐਕਸਪਰਟ ਮਿਖਾਈਲ ਸ਼ੈਤਸਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਸ਼ੈਤਸਕੀ ਉਨ੍ਹਾਂ ਮਿਜ਼ਾਈਲਾਂ ਨੂੰ ਆਧੁਨਿਕ ਰੂਪ ਦੇਣ ਦਾ ਕੰਮ ਕਰ ਰਹੇ ਸਨ ਜਿਨ੍ਹਾਂ ਨੂੰ ਯੂਕਰੇਨ ਵੱਲ ਦਾਗਿਆ ਜਾ ਰਿਹਾ ਸੀ। ਈਗੋਰ ਕਿਰੀਲੌਵ ਨੇ ਅਕਤੂਬਰ ਵਿਚ ਯੂਕਰੇਨ ’ਤੇ ਅਮਰੀਕਾ ਦੀ ਮਦਦ ਨਾਲ ਡਰਟੀ ਬੌਂਬ ਬਣਾਉਣ ਦਾ ਦੋਸ਼ ਲਾਇਆ ਸੀ। ਡਰਟੀ ਬੌਂਬ ਤਿਆਰ ਕਰਨ ਵਾਸਤੇ ਰੇਡੀਓਐਕਟਿਵ ਮੈਟੀਰੀਅਲ ਦੀ ਜ਼ਰੂਰਤ ਪੈਂਦੀ ਹੈ ਅਤੇ ਘੱਟ ਖਰਚੇ ’ਤੇ ਬਣ ਜਾਂਦਾ ਹੈ। ਮੌਜੂਦਾ ਵਰ੍ਹੇ ਦੌਰਾਨ ਜਦੋਂ ਅਮਰੀਕਾ ਨੇ ਰੂਸ ’ਤੇ ਕੈਮੀਕਲ ਹਥਿਆਰ ਵਰਤਣ ਦਾ ਦੋਸ਼ ਲਾਇਆ ਤਾਂ ਇਸ ਦੇ ਜਵਾਬ ਵਿਚ ਕਿਰੀਲੌਵ ਨੇ ਕਿਹਾ ਸੀ ਕਿ ਰੂਸ ਤੈਅਸ਼ੁਦਾ ਹੱਦ ਤੋਂ ਪਹਿਲਾਂ ਹੀ ਸਤੰਬਰ 2017 ਵਿਚ ਆਪਣੇ ਕੈਮੀਕਲ ਹਥਿਆਰ ਖਤਮ ਕਰ ਚੁੱਕਾ ਹੈ ਜਦਕਿ ਅਮਰੀਕਾ ਨੇ ਇਹ ਕੰਮ 2023 ਵਿਚ ਮੁਕੰਮਲ ਕੀਤਾ।