ਸੀਰੀਆ ਦਾ ਕਈ ਟਨ ਸੋਨਾ ਲੈ ਕੇ ਫਰਾਰ ਹੋਇਆ ਅਸਦ
ਬਸ਼ਰ ਅਲ ਅਸਦ ਦਾ ਤਖਤਾ ਪਲਟਣ ਮਗਰੋਂ ਲੱਖਾਂ ਦੀ ਗਿਣਤੀ ਵਿਚ ਲੋਕ ਆਪਣੇ ਜੱਦੀ ਮੁਲਕ ਪਰਤ ਰਹੇ ਹਨ ਜੋ ਕਿਸੇ ਵੇਲੇ ਆਪਣਾ ਘਰ-ਬਾਰ ਛੱਡ ਕੇ ਗੁਆਂਢੀ ਮੁਲਕਾਂ ਵੱਲ ਜਾਣ ਲਈ ਮਜਬੂਰ ਹੋ ਗਏ ਸਨ।;
ਦਮਿਸ਼ਕ : ਸੀਰੀਆ ਵਿਚ ਬਸ਼ਰ ਅਲ ਅਸਦ ਦਾ ਤਖਤਾ ਪਲਟਣ ਮਗਰੋਂ ਲੱਖਾਂ ਦੀ ਗਿਣਤੀ ਵਿਚ ਲੋਕ ਆਪਣੇ ਜੱਦੀ ਮੁਲਕ ਪਰਤ ਰਹੇ ਹਨ ਜੋ ਕਿਸੇ ਵੇਲੇ ਆਪਣਾ ਘਰ-ਬਾਰ ਛੱਡ ਕੇ ਗੁਆਂਢੀ ਮੁਲਕਾਂ ਵੱਲ ਜਾਣ ਲਈ ਮਜਬੂਰ ਹੋ ਗਏ ਸਨ। ਦੂਜੇ ਪਾਸੇ ਬਾਗੀ ਧੜੇ ਵੱਲੋਂ ਗੱਦੀਓਂ ਲਾਹੇ ਰਾਸ਼ਟਰਪਤੀ ਦੇ ਮਹਿਲ ਹੇਠਾਂ ਕਈ ਸੁਰੰਗਾਂ ਹੋਣ ਦਾ ਦਾਅਵਾ ਕੀਤਾ ਗਿਆ ਹੈ ਜਿਨ੍ਹਾਂ ਰਾਹੀਂ ਬਸ਼ਰ ਅਲ ਅਸਦ ਕਈ ਟਨ ਸੋਨਾ ਲੈ ਕੇ ਰੂਸ ਫਰਾਰ ਹੋਇਆ। ਮਹਿਲ ਦੇ ਹੇਠਾਂ ਬਣੀਆਂ ਸੁਰੰਗਾਂ ਵਿਚ ਸੋਨੇ ਨਾਲ ਭਰੇ ਬਕਸਿਆਂ ਨੂੰ ਰੋੜ੍ਹਨ ਵਾਸਤੇ ਰੇਲ ਦੀ ਪਟੜੀ ਵਰਗਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਬਾਗੀਆਂ ਦੇ ਮਹਿਲ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਰਾਸ਼ਟਰਪਤੀ ਅਤੇ ਉਨ੍ਹਾਂ ਦਾ ਪਰਵਾਰ ਉਥੋਂ ਫਰਾਰ ਹੋ ਗਏ।
ਮਹਿਲ ਦੇ ਹੇਠਾਂ ਗੁਪਤ ਸੁਰੰਗਾਂ ਮਿਲੀਆਂ
ਇਕ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸੁਰੰਗਾਂ ਦੇ ਨਾਲ ਬੈਠਣ-ਉਠਣ ਵਾਲੇ ਕਮਰੇ ਅਤੇ ਬੈਡਰੂਮ ਵੀ ਬਣੇ ਹੋਏ ਹਨ ਜਦਕਿ ਮੈਟਲ ਡੋਰਜ਼ ਨਾਲ ਇਸ ਨੂੰ ਸੁਰੱਖਿਆ ਬਣਾਇਆ ਗਿਆ। ਅਸਦ ਦੇ ਗੈਰਾਜ ਵਿਚੋਂ 40 ਤੋਂ ਵੱਧ ਮਹਿੰਗੀਆਂ ਗੱਡੀਆਂ ਮਿਲੀਆਂ ਜਿਨ੍ਹਾਂ ਵਿਚ ਮਰਸਡੀਜ਼, ਪੋਰਸ਼, ਔਡੀ, ਲੈਂਬਰਗੀਨੀ, ਫਰਾਰੀ ਅਤੇ ਰੌਲਜ਼ ਰੌਇਸ ਸ਼ਾਮਲ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਵਿਚ ਲਾਲ ਰੰਗ ਦੀ ਫਰਾਰੀ ਐਫ਼ 50 ਵੀ ਨਜ਼ਰ ਆ ਰਹੀ ਹੈ ਜਿਸ ਦੀ ਕੀਮਤ 25 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਇਸੇ ਦੌਰਾਨ ਅਮਰੀਕਾ ਨੇ ਸੀਰੀਆ ਵਿਚ ਇਸਲਾਮਿਕ ਸਟੇਟ ਦੇ 75 ਤੋਂ ਵੱਧ ਟਿਕਾਣਿਆਂ ’ਤੇ ਹਮਲੇ ਕੀਤੇ ਜਿਨ੍ਹਾਂ ਦੌਰਾਨ ਬੀ-52 ਬੌਂਬਰ, ਐਫ਼-15 ਅਤੇ ਏ-10 ਏਅਰਕ੍ਰਾਫ਼ਟ ਵਰਤੇ ਗਏ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਸੀਰੀਆ ਵਿਚ ਤਾਕਤ ਦਾ ਸੰਤੁਲਨ ਬਦਲ ਚੁੱਕਾ ਹੈ ਅਤੇ ਇਸਲਾਮਿਕ ਸਟੇਟ ਮੌਜੂਦਾ ਹਾਲਾਤ ਦਾ ਫਾਇਦਾ ਉਠਾਉਣਾ ਚਾਹੁੰਦੀ ਹੈ ਪਰ ਅਮਰੀਕਾ ਅਜਿਹਾ ਨਹੀਂ ਹੋਣ ਦੇਵੇਗਾ। ਦੂਜੇ ਪਾਸੇ ਰਾਜਧਾਨੀ ਦਮਿਸ਼ਕ ਵਿਚ ਪੂਰੀ ਰਾਤ ਧਮਾਕੇ ਹੁੰਦੇ ਰਹੇ ਹਨ ਪਰ ਇਹ ਸਪੱਸ਼ਟ ਨਾ ਹੋ ਸਕਿਆ ਕਿ ਆਖਰ ਹਮਲੇ ਕਿਹੜੇ ਮੁਲਕ ਨੇ ਕੀਤੇ। ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਕੁਝ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਜ਼ਰਾਇਲੀ ਹਵਾਈ ਫੌਜ ਨੇ ਹਮਲੇ ਕੀਤੇ ਅਤੇ ਤਿੰਨ ਥਾਵਾਂ ’ਤੇ ਭਾਰੀ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਜ਼ਰਾਇਲੀ ਫ਼ੌਜ ਅਸਦ ਸਰਕਾਰ ਦੇ ਰਸਾਇਣਕ ਅਤੇ ਹੋਰ ਖ਼ਤਰਨਾਕ ਹਥਿਆਰਾਂ ਨਾਲ ਸਬੰਧਤ ਟਿਕਾਣਿਆਂ ’ਤੇ ਹਮਲੇ ਕਰ ਰਹੀ ਹੈ ਕਿਉਂਕਿ ਇਜ਼ਰਾਈਲ ਨਹੀਂ ਚਾਹੁੰਦਾ ਕਿ ਇਹ ਹਥਿਆਰ ਬਾਗੀਆਂ ਦੇ ਹੱਥ ਲੱਗਣ ਅਤੇ ਬਾਅਦ ਵਿਚ ਕੋਈ ਨਵੀਂ ਸਮੱਸਿਆ ਖੜ੍ਹੀ ਹੋਵੇ।
ਲੱਖਾਂ ਲੋਕ ਆਪਣੇ ਜੱਦੀ ਮੁਲਕ ਵਾਪਸੀ ਕਰਨ ਲੱਗੇ
ਉਧਰ ਭਾਰਤ ਦੇ ਵਿਦੇਸ਼ ਮੰਤਰਾਲ ਨੇ ਸੀਰੀਆ ਦੇ ਹਾਲਾਤ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਲੋਕ ਹਿਤ ਨੂੰ ਧਿਆਨ ਵਿਚ ਰਖਦਿਆਂ ਸ਼ਾਂਤਮਈ ਤਰੀਕੇ ਨਾਲ ਸਿਆਸੀ ਪ੍ਰਕਿਰਿਆ ਅੱਗੇ ਵਧਾਈ ਜਾਣੀ ਚਾਹੀਦੀ ਹੈ। ਇਸੇ ਦੌਰਾਨ ਵੱਡੀ ਗਿਣਤੀ ਵਿਚ ਸੀਰੀਅਨ ਲੋਕ ਲੈਬਨਾਨ ਦੇ ਬਾਰਡਰ ’ਤੇ ਇਕੱਤਰ ਹੋਣ ਲੱਗੇ ਜੋ ਕਿਸੇ ਵੇਲੇ ਮੁਲਕ ਛੱਡ ਗਏ ਸਨ। ਸੰਯੁਕਤ ਰਾਸ਼ਟਰ ਦੇ ਰਫਿਊਜੀ ਮਾਮਲਿਆਂ ਬਾਰੇ ਹਾਈ ਕਮਿਸ਼ਨਰ ਨੇ ਕਿਹਾ ਕਿ ਸੀਰੀਅਨ ਲੋਕਾਂ ਦੀ ਵਾਪਸੀ ਦੇ ਸੰਕੇਤ ਮਿਲ ਰਹੇ ਹਨ। 70 ਲੱਖ ਤੋਂ ਵੱਧ ਲੋਕ ਤਾਨਾਸ਼ਾਹ ਸਰਕਾਰ ਤੋਂ ਤੰਗ ਆ ਕੇ ਜੌਰਡਨ, ਤੁਰਕੀ ਅਤੇ ਯੂਰਪੀ ਮੁਲਕਾਂ ਵੱਲ ਚਲੇ ਗਏ ਸਨ। ਯੂਰਪ ਵਿਚ ਸੀਰੀਅਨ ਲੋਕਾਂ ਦੀ ਸਭ ਤੋਂ ਵੱਧ ਗਿਣਤੀ ਜਰਮਨੀ ਵਿਚ ਦੱਸੀ ਜਾ ਰਹੀ ਹੈ।