US : ਇੰਮੀਗ੍ਰੇਸ਼ਨ ਵਾਲਿਆਂ ਦੇ ਸ਼ਿਕੰਜੇ ਵਿਚ ਫਸਿਆ ਇਕ ਹੋਰ ਅਮੀਰ ਪੰਜਾਬੀ
ਅਮਰੀਕਾ ਵਿਚ ਗ੍ਰਿਫ਼ਤਾਰ ਲਖਵਿੰਦਰ ਸਿੰਘ ਮੁਲਤਾਨੀ ਨੂੰ ਮਿਸ਼ੀਗਨ ਦੀ ਅਦਾਲਤ ਤੋਂ ਵੱਡੀ ਰਾਹਤ ਮਿਲੀ ਜਦੋਂ ਫੈਡਰਲ ਜੱਜ ਨੇ ਹੁਕਮ ਜਾਰੀ ਕਰ ਦਿਤਾ ਕਿ ਮੁਦਈ ਦੀ ਜ਼ਮਾਨਤ ਅਰਜ਼ੀ ’ਤੇ ਪੰਜ ਦਿਨ ਦੇ ਅੰਦਰ ਸੁਣਵਾਈ
ਮਿਸ਼ੀਗਨ : ਅਮਰੀਕਾ ਵਿਚ ਗ੍ਰਿਫ਼ਤਾਰ ਲਖਵਿੰਦਰ ਸਿੰਘ ਮੁਲਤਾਨੀ ਨੂੰ ਮਿਸ਼ੀਗਨ ਦੀ ਅਦਾਲਤ ਤੋਂ ਵੱਡੀ ਰਾਹਤ ਮਿਲੀ ਜਦੋਂ ਫੈਡਰਲ ਜੱਜ ਨੇ ਹੁਕਮ ਜਾਰੀ ਕਰ ਦਿਤਾ ਕਿ ਮੁਦਈ ਦੀ ਜ਼ਮਾਨਤ ਅਰਜ਼ੀ ’ਤੇ ਪੰਜ ਦਿਨ ਦੇ ਅੰਦਰ ਸੁਣਵਾਈ ਕੀਤੀ ਜਾਵੇ ਜਾਂ ਆਈਸ ਦੀ ਹਿਰਾਸਤ ਵਿਚੋਂ ਰਿਹਾਅ ਕਰ ਦਿਤਾ ਜਾਵੇ। ਲਖਵਿੰਦਰ ਸਿੰਘ ਮੁਲਤਾਨੀ ਇਸ ਵੇਲੇ ਮਿਸ਼ੀਗਨ ਦੇ ਬਾਲਡਵਿਨ ਵਿਖੇ ਸਥਿਤ ਨੌਰਥ ਲੇਕ ਪ੍ਰੋਸੈਸਿੰਗ ਸੈਂਟਰ ਵਿਚ ਬੰਦ ਹੈ ਜਿਸ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਿਚ ਆਈਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ। ਮਿਸ਼ੀਗਨ ਦੇ ਪੱਛਮੀ ਜ਼ਿਲ੍ਹੇ ਦੀ ਅਦਾਲਤ ਨੇ ਕਿਹਾ ਕਿ ਨਸ਼ੇ ਦੀ ਹਾਲਤ ਵਿਚ ਡਰਾਈਵਿੰਗ ਦੇ ਦੋਸ਼ ਫ਼ਿਲਹਾਲ ਸਾਬਤ ਨਹੀਂ ਹੋਏ ਅਤੇ ਅਮਰੀਕਾ ਵਿਚ ਕੋਈ ਅਪਰਾਧਕ ਰਿਕਾਰਡ ਨਾ ਹੋਣ ਕਰ ਕੇ ਲਖਵਿੰਦਰ ਸਿੰਘ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਹੋਣੀ ਚਾਹੀਦੀ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਲਖਵਿੰਦਰ ਸਿੰਘ 2016 ਵਿਚ ਅਮਰੀਕਾ ਦਾਖਲ ਹੋਇਆ ਅਤੇ ਬਾਰਡ ਏਜੰਟਾਂ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਪੈਰੋਲ ਮਿਲ ਗਈ।
ਮਿਸ਼ੀਗਨ ਦੇ ਡਿਟੈਨਸ਼ਨ ਸੈਂਟਰ ਵਿਚ ਬੰਦ ਹੈ ਲਖਵਿੰਦਰ ਸਿੰਘ ਮੁਲਤਾਨੀ
ਇਸ ਵੇਲੇ ਉਹ ਇੰਡਿਆਨਾ ਸੂਬੇ ਦੇ ਪੈਂਡਲਟਨ ਸ਼ਹਿਰ ਵਿਚ ਆਪਣੇ ਪਰਵਾਰ ਨਾਲ ਰਹਿ ਰਿਹਾ ਸੀ। ਫੈਡਰਲ ਜੱਜ ਵੱਲੋਂ ਇਸ ਗੱਲ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਕਿ ਲਖਵਿੰਦਰ ਸਿੰਘ ਦਾ ਆਪਣਾ ਮਕਾਨ ਹੈ ਅਤੇ ਉਹ ਕਈ ਕਿਸਮ ਦੇ ਕਾਰੋਬਾਰ ਵੀ ਚਲਾ ਰਿਹਾ ਹੈ। ਉਸ ਦਾ ਪਰਵਾਰ ਆਰਥਿਕ ਜ਼ਰੂਰਤਾਂ ਵਾਸਤੇ ਉਸ ਉਤੇ ਨਿਰਭਰ ਹੈ। ਦੂਜੇ ਪਾਸੇ ਇੰਮੀਗ੍ਰੇਸ਼ਨ ਵਾਲੇ ਲਖਵਿੰਦਰ ਸਿੰਘ ਮੁਲਤਾਨੀ ਨੂੰ ਡਿਪੋਰਟ ਕਰਨਾ ਚਾਹੁੰਦੇ ਹਨ। ਇੰਮੀਗ੍ਰੇਸ਼ਨ ਅਦਾਲਤ ਵਿਚ ਉਸ ਦੀ ਆਖਰੀ ਸੁਣਵਾਈ 27 ਅਗਸਤ ਨੂੰ ਹੋਈ ਪਰ ਜੱਜ ਨੇ ਬੌਂਡ ਜਾਰੀ ਕਰਨ ਤੋਂ ਨਾਂਹ ਕਰ ਦਿਤੀ। ਹੁਣ ਅਗਲੀ ਸੁਣਵਾਈ 16 ਜਨਵਰੀ ਨੂੰ ਹੋਣੀ ਹੈ। ਫੈਡਰਲ ਜੱਜ ਨੇ ਟਰੰਪ ਸਰਕਾਰ ਦੀ ਉਸ ਦਲੀਲ ਨੂੰ ਰੱਦ ਕਰ ਦਿਤਾ ਕਿ ਲਖਵਿੰਦਰ ਸਿੰਘ ਨੂੰ ਸਭ ਤੋਂ ਪਹਿਲਾਂ ਬੌਂਡ ਰੱਦ ਹੋਣ ਵਿਰੁੱਧ ਇੰਮੀਗ੍ਰੇਸ਼ਨ ਅਪੀਲਾਂ ਬਾਰੇ ਬੋਰਡ ਤੋਂ ਰਾਹਤ ਮੰਗਣੀ ਚਾਹੀਦੀ ਹੈ। ਇਸ ਦੇ ਉਲਟ ਫੈਡਰਲ ਜੱਜ ਜੇਨ ਐਮ. ਬੈਕਰਿੰਗ ਵੱਲੋਂ ਟਰੰਪ ਸਰਕਾਰ ਨੂੰ ਹਦਾਇਤ ਦਿਤੀ ਗਈ ਹੈ ਕਿ ਛੇ ਦਿਨ ਬਾਅਦ ਲਖਵਿੰਦਰ ਸਿੰਘ ਮੁਲਤਾਨੀ ਮਾਮਲੇ ਨਾਲ ਸਬੰਧਤ ਸਟੇਟਸ ਰਿਪੋਰਟ ਅਦਾਲਤ ਵਿਚ ਦਾਇਰ ਕੀਤੀ ਜਾਵੇ।